World >> The Tribune


ਅਮਰੀਕਾ ਨੇ ਰੂਸ ’ਤੇ ਨਵੀਂ ਪਾਬੰਦੀਆਂ ਲਗਾਈਆਂ


Link [2022-02-26 11:58:08]



ਵਾਸ਼ਿੰਗਟਨ, 25 ਫਰਵਰੀ

ਵ੍ਹਾਈਟ ਹਾਊਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਰੂਸ 'ਤੇ ਬੇਮਿਸਾਲ ਪਾਬੰਦੀਆਂ ਲਗਾਈਆਂ ਗਈਆਂ ਹਨ, ਜੋ ਕਿ ਰੂਸ ਨੂੰ ਵਿਸ਼ਵ ਦੀ ਵਿੱਤੀ ਪ੍ਰਣਾਲੀ ਤੋਂ ਵੱਖ ਕਰ ਦੇਣਗੀਆਂ ਅਤੇ ਅਤਿ ਆਧੁਨਿਕ ਤਕਨੀਕ ਤੱਕ ਉਸ ਦੀ ਪਹੁੰਚ ਖ਼ਤਮ ਕਰ ਦੇਣਗੀਆਂ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਨੇੜਲੇ ਸਹਿਯੋਗੀ, ਭਾਰਤੀ-ਅਮਰੀਕੀ ਦਲੀਪ ਸਿੰਘ ਨੇ ਅੱਜ ਕਿਹਾ ਕਿ ਇਨ੍ਹਾਂ ਕਦਮਾਂ ਵਿਚ ਰੂਸੀ ਫ਼ੌਜੀ ਬਲਾਂ 'ਤੇ ਵਿਆਪਕ ਪਾਬੰਦੀ ਲਗਾਉਣਾ ਸ਼ਾਮਲ ਹੈ ਅਤੇ ਇਨ੍ਹਾਂ ਪਾਬੰਦੀਆਂ ਰਾਹੀਂ ਰੂਸ ਦੇ ਰੱਖਿਆ, ਹਵਾਈ ਅਤੇ ਸਮੁੰਦਰੀ ਖੇਤਰਾਂ 'ਤੇ ਵੀ ਨਿਸ਼ਾਨਾ ਸੇਧਿਆ ਜਾਵੇਗਾ। ਇਸ ਤੋਂ ਪਹਿਲਾਂ, ਬਾਇਡਨ ਨੇ ਰੂਸ ਖ਼ਿਲਾਫ਼ ਕਈ ਸਖ਼ਤ ਆਰਥਿਕ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ। ਵ੍ਹਾਈਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਦਲੀਪ ਸਿੰਘ ਨੇ ਕਿਹਾ, ''ਅੱਜ ਅਸੀਂ ਆਪਣੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਮਿਲ ਕੇ ਰੂਸ 'ਤੇ ਬੇਮਿਸਾਲ ਆਰਥਿਕ ਅਤੇ ਬਰਾਮਦ ਸਬੰਧੀ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਰਹੇ ਹਾਂ, ਜੋ ਮਾਸਕੋ ਨੂੰ ਵਿਸ਼ਵ ਦੀ ਵਿੱਤੀ ਪ੍ਰਣਾਲੀ ਤੋਂ ਵੱਖ ਕਰ ਦੇਣਗੀਆਂ, ਅਤਿ ਆਧੁਨਿਕ ਤਕਨਾਲੋਜੀ ਤੱਕ ਉਸ ਦੀ ਪਹੁੰਚ ਖ਼ਤਮ ਕਰ ਦੇਣਗੀਆਂ ਅਤੇ ਰੂਸੀ ਅਰਥਚਾਰੇ ਦਾ ਵਿਸਥਾਰ ਕਰਨ ਅਤੇ ਆਧੁਨਿਕ ਬਣਾਉਣ ਦੀਆਂ ਪੂਤਿਨ ਦੀਆਂ ਰਣਨੀਤਕ ਇੱਛਾਵਾਂ 'ਤੇ ਲਗਾਮ ਲਗਾਉਣਗੀਆਂ।'' ਦਲੀਪ ਸਿੰਘ ਕੌਮਾਂਤਰੀ ਅਰਥਸ਼ਾਸਤਰ ਨਾਲ ਸਬੰਧਤ ਮਾਮਲਿਆਂ ਵਿਚ ਅਮਰੀਕਾ ਦੇ ਕੌਮੀ ਉਪ ਸੁਰੱਖਿਆ ਸਲਾਹਕਾਰ ਹਨ ਅਤੇ ਕੌਮੀ ਆਰਥਿਕ ਕੌਂਸਲ ਦੇ ਡਿਪਟੀ ਡਾਇਰੈਕਟਰ ਹਨ। ਉਨ੍ਹਾਂ ਕਿਹਾ, ''ਅਸੀਂ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਵਿੱਤੀ ਸੰਸਥਾਵਾਂ ਸਾਈਬਰ ਬੈਂਕ ਅਤੇ ਵੀਟੀਬੀ 'ਤੇ ਪਾਬੰਦੀ ਲਗਾਵਾਂਗੇ, ਜਿਨ੍ਹਾਂ ਕੋਲ 750 ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਸੰਪਤੀ ਹੈ, ਜੋ ਰੂਸ ਦੀ ਬੈਂਕਿੰਗ ਪ੍ਰਣਾਲੀ ਦੀ ਕੁੱਲ ਸੰਪਤੀ ਦਾ ਅੱਧ ਨਾਲੋਂ ਵੱਧ ਹੈ।'' ਉਨ੍ਹਾਂ ਕਿਹਾ, ''ਵੀਟੀਬੀ ਦੇ ਮਾਮਲੇ ਵਿਚ ਅਸੀਂ ਅਮਰੀਕੀ ਵਿੱਤੀ ਪ੍ਰਣਾਲੀ ਨਾਲ ਸਬੰਧਤ ਇਸ ਦੀਆਂ ਸਾਰੀਆਂ ਸੰਪਤੀਆਂ ਨੂੰ ਫਰੀਜ਼ ਕਰ ਦੇਵਾਂਗੇ ਅਤੇ ਅਮਰੀਕੀ ਨਾਗਰਿਕਾਂ ਦੇ ਬੈਂਕ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਕਰਨ 'ਤੇ ਪਾਬੰਦੀ ਲਗਾ ਦੇਵਾਂਗੇ।'' ਸ੍ਰੀ ਸਿੰਘ ਨੇ ਕਿਹਾ, ''ਉੱਧਰ, ਸਾਈਬਰਬੈਂਕ ਦੇ ਮਾਮਲੇ ਵਿਚ ਅਸੀਂ ਅਮਰੀਕੀ ਵਿੱਤੀ ਪ੍ਰਣਾਲੀ ਤੱਕ ਇਸ ਦੀ ਪਹੁੰਚ ਸਮਾਪਤ ਕਰ ਦੇਵਾਂਗੇ। ਅਸੀਂ 70 ਅਰਬ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਕੁੱਲ ਸੰਪਤੀ ਵਾਲੇ ਤਿੰਨ ਵਾਧੂ ਰੂਸੀ ਬੈਂਕਾਂ ਦੀਆਂ ਸੰਪਤੀਆਂ ਫਰੀਜ਼ ਕਰਦੇ ਹੋਏ ਉਨ੍ਹਾਂ ਦੇ ਨਾਲ ਵੀ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ 'ਤੇ ਰੋਕ ਲਗਾਵਾਂਗੇ।'' ਉਨ੍ਹਾਂ ਕਿਹਾ, ''ਅਸੀਂ ਅਮਰੀਕੀ ਨਿਵੇਸ਼ਕਾਂ ਨੂੰ ਰੂਸ ਦੀਆਂ 13 ਸਭ ਤੋਂ ਅਹਿਮ ਸਰਕਾਰੀ ਕੰਪਨੀਆਂ ਨੂੰ ਕਰਜ਼ਾ ਦੇਣ ਜਾਂ ਇਕੁਇਟੀ ਵਿੱਤੀ ਮਦਦ ਕਰਨ ਤੋਂ ਵੀ ਰੋਕਾਂਗੇ, ਜਿਨ੍ਹਾਂ ਦੀ ਅਨੁਮਾਨਿਤ ਸੰਪਤੀ 1500 ਅਰਬ ਅਮਰੀਕੀ ਡਾਲਰ ਦੇ ਕਰੀਬ ਹੈ।'' ਵ੍ਹਾਈਟ ਹਾਊਸ ਅਧਿਕਾਰੀ ਨੇ ਕਿਹਾ, ''ਅਤੇ ਅਖ਼ੀਰ ਵਿਚ ਅਸੀਂ ਇਨ੍ਹਾਂ ਸਰਕਾਰੀ ਕੰਪਨੀਆਂ ਦੇ ਅਧਿਕਾਰੀਆਂ ਦੇ ਨਾਲ-ਨਾਲ ਰੂਸ ਦੇ ਕੁਲੀਨ ਵਰਗ ਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ 'ਤੇ ਵੀ ਪਾਬੰਦੀ ਲਗਾਵਾਂਗੇ ਜੋ ਪੂਤਿਨ ਦੇ ਰਾਜ ਤੰਤਰ ਦਾ ਅਹਿਮ ਹਿੱਸਾ ਹਨ।'' ਸਿੰਘ ਮੁਤਾਬਕ ਅਮਰੀਕੀ ਪ੍ਰਸ਼ਾਸਨ ਯੂਰੋਪੀ ਸੰਘ, ਆਸਟਰੇਲੀਆ, ਜਪਾਨ, ਕੈਨੇਡਾ, ਨਿਊਜ਼ੀਲੈਂਡ, ਬਰਤਾਨੀਆ ਅਤੇ ਤਾਇਵਾਨ ਦੇ ਨਾਲ 'ਇਤਿਹਾਸਕ ਤੌਰ 'ਤੇ ਨਜ਼ਦੀਕੀ ਤਾਲਮੇਲ' ਨਾਲ ਤਿਆਰ ਕਈ ਬੇਮਿਸਾਲ ਬਰਾਮਦਗੀ ਪਾਬੰਦੀਆਂ ਵੀ ਲਾਗੂ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੀਆਂ ਪਾਬੰਦੀਆਂ ਵਿਚ ਰੂਸ ਦੇ ਫ਼ੌਜੀ ਬਲਾਂ 'ਤੇ ਵਿਆਪਕ ਪਾਬੰਦੀਆਂ ਲਗਾਉਣੀਆਂ ਅਤੇ ਰੱਖਿਆ, ਹਵਾਈ ਅਤੇ ਸਮੁੰਦਰੀ ਖੇਤਰ ਵਿਚ ਅਤਿ ਆਧੁਨਿਕ ਤਕਨੀਕ ਨੂੰ ਰੂਸ ਦੀ ਪਹੁੰਚ ਤੋਂ ਦੂਰ ਕਰਨਾ ਸ਼ਾਮਲ ਹੈ, ਜਿਸ ਨਾਲ ਪੂਤਿਨ ਦੀ ਫ਼ੌਜੀ ਤਾਕਤ ਵਿਚ ਘਾਟ ਆਵੇਗੀ। -ਪੀਟੀਆਈ

ਜਪਾਨ ਨੇ ਵੀ ਰੂਸ 'ਤੇ ਪਾਬੰਦੀਆਂ ਵਧਾਈਆਂ

ਟੋਕੀਓ: ਯੂਕਰੇਨ 'ਤੇ ਹਮਲਾ ਕੀਤੇ ਜਾਣ ਦੇ ਜਵਾਬ ਵਿਚ ਜਪਾਨ ਨੇ ਰੂਸ 'ਤੇ ਹੋਰ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਅੱਜ ਕਿਹਾ ਕਿ ਰੂਸੀ ਸਮੂਹਾਂ, ਬੈਂਕਾਂ ਅਤੇ ਵਿਅਕਤੀਗਤ ਅਸਾਸੇ ਫਰੀਜ਼ ਕਰਨ ਅਤੇ ਸੈਮੀਕੰਡਕਟਰਜ਼ ਤੇ ਰੂਸ ਵਿਚ ਫ਼ੌਜ ਨਾਲ ਸਬੰਧਤ ਸੰਸਥਾਵਾਂ ਨੂੰ ਹੋਰ ਸੰਵੇਦਨਸ਼ੀਲ ਵਸਤਾਂ ਬਰਾਮਦ ਕਰਨ 'ਤੇ ਰੋਕ ਲਗਾਉਣ ਸਮੇਤ ਹੋਰ ਕਈ ਨਵੇਂ ਕਦਮ ਉਠਾਏ ਗਏ ਹਨ। ਕਿਸ਼ਿਦਾ ਨੇ ਕਿਹਾ ਕਿ ਜਪਾਨ ਆਪਣਾ ਪੱਖ ਬਿਲਕੁਲ ਸਪੱਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਉਹ ਕਦੇ ਵੀ ਤਾਕਤ ਦੇ ਜ਼ੋਰ 'ਤੇ ਕਿਸੇ ਦੀ ਮੌਜੂਦਾ ਸਥਿਤੀ ਬਦਲਣ ਦੀ ਕੋਸ਼ਿਸ਼ ਨੂੰ ਸਹਿਣ ਨਹੀਂ ਕਰਨਗੇ। ਇਸ ਤੋਂ ਪਹਿਲਾਂ ਵੀ ਜਪਾਨ ਨੇ ਰੂਸ 'ਤੇ ਕਈ ਪਾਬੰਦੀਆਂ ਲਗਾਈਆਂ ਸਨ। -ਏਪੀ



Most Read

2024-09-21 06:17:20