World >> The Tribune


ਯੂਕਰੇਨ ਸੰਕਟ: ਭਾਰਤੀ ਨਾਗਰਿਕਾਂ ਨੂੰ ਰੋਮਾਨੀਆ ਅਤੇ ਹੰਗਰੀ ਰਸਤੇ ਕੱਢਣ ਦੀ ਤਿਆਰੀ


Link [2022-02-26 11:58:08]



ਨਵੀਂ ਦਿੱਲੀ, 25 ਫਰਵਰੀ

ਸਰਕਾਰ ਨੇ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਰੋਮਾਨੀਆ ਤੇ ਹੰਗਰੀ ਰਸਤੇ ਕੱਢਣ ਦੀ ਤਿਆਰੀ ਖਿੱਚ ਲਈ ਹੈ। ਯੂਕਰੇਨ ਸਥਿਤ ਭਾਰਤੀ ਅੰਬੈਸੀ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਮਜ਼ਬੂਤ, ਸੁਰੱਖਿਅਤ ਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਯੂਕਰੇਨ ਤੋਂ ਸੁਰੱਖਿਅਤ ਦੇਸ਼ ਵਾਪਸੀ 'ਤੇ ਆਉਣ ਵਾਲਾ ਸਾਰਾ ਖਰਚ ਚੁੱਕਣ ਦਾ ਦਾਅਵਾ ਕੀਤਾ ਹੈ। ਏਅਰ ਇੰਡੀਆ ਦੀ ਇਕ ਉਡਾਣ ਅੱਜ ਰਾਤ 9 ਵਜੇ ਰਵਾਨਾ ਹੋ ਗਈ ਹੈ ਜਦੋਂਕਿ ਦੂਜੀ ਨੇ ਮੁੰਬਈ ਤੋਂ 10:25 ਵਜੇ ਉਡਾਣ ਭਰੀ। ਦੋਵੇਂ ਉਡਾਣਾਂ ਸ਼ਨਿੱਚਰਵਾਰ ਨੂੰ ਬੁਖਾਰੈਸਟ ਤੋਂ ਭਾਰਤ ਲਈ ਰਵਾਨਾ ਹੋਣਗੀਆਂ। ਸੂਤਰਾਂ ਮੁਤਾਬਕ ਸਰਕਾਰ ਦਾ ਸਾਰਾ ਧਿਆਨ ਇਸ ਵੇਲੇ ਯੂਕਰੇਨ ਦੀ ਹੰਗਰੀ, ਪੋਲੈਂਡ, ਸਲੋਵਾਕੀਆ ਤੇ ਰੋਮਾਨੀਆ ਨਾਲ ਲਗਦੀਆਂ ਜ਼ਮੀਨੀ ਸਰਹੱਦਾਂ 'ਤੇ ਹੈ। ਭਾਰਤੀਆਂ ਨੂੰ ਇਨ੍ਹਾਂ ਸਰਹੱਦਾਂ ਰਸਤੇ ਹੀ ਯੂਕਰੇਨ 'ਚੋਂ ਕੱਢਿਆ ਜਾਣਾ ਹੈ। ਯੂਕਰੇਨ ਸਰਕਾਰ ਵੱਲੋਂ ਆਪਣਾ ਹਵਾਈ ਖੇਤਰ ਗੈਰ-ਫ਼ੌਜੀ ਜਹਾਜ਼ਾਂ ਲਈ ਬੰਦ ਕੀਤੇ ਜਾਣ ਕਰਕੇ ਭਾਰਤ ਨੂੰ ਇਨ੍ਹਾਂ ਬਦਲਵੇਂ ਪ੍ਰਬੰਧਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਲੰਘੇ ਦਿਨ ਕਿਹਾ ਸੀ ਕਿ ਯੂਕਰੇਨ ਵਿੱਚ 20 ਹਜ਼ਾਰ ਦੇ ਕਰੀਬ ਭਾਰਤੀ ਸਨ, ਜਿਨ੍ਹਾਂ ਵਿੱਚੋਂ ਚਾਰ ਹਜ਼ਾਰ ਦੇ ਕਰੀਬ ਪਿਛਲੇ ਦਿਨਾਂ 'ਚੋਂ ਉਥੋਂ ਨਿਕਲ ਗਏ ਹਨ। ਇਸ ਦੌਰਾਨ ਯੂਕਰੇਨ ਸਥਿਤ ਭਾਰਤੀ ਅੰਬੈਸੀ ਨੇ ਕਿਹਾ ਕਿ ਇਥੇ ਫਸੇ ਭਾਰਤੀ ਨਾਗਰਿਕਾਂ ਨੂੰ ਰੋਮਾਨੀਆ ਤੇ ਹੰਗਰੀ ਦੀਆਂ ਸਰਹੱਦਾਂ ਰਸਤੇ ਕੱੱਢਣ ਲਈ ਯਤਨ ਜਾਰੀ ਹਨ। ਅੰਬੈਸੀ ਨੇ ਇਕ ਐਡਵਾਈਜ਼ਰੀ ਵਿੱਚ ਕਿਹਾ ਕਿ ਭਾਰਤੀ ਟੀਮਾਂ ਹੰਗਰੀ ਤੇ ਰੋਮਾਨੀਆ ਦੀਆਂ ਸਰਹੱਦ 'ਤੇ ਕ੍ਰਮਵਾਰ ਚੋਪ-ਜ਼ਾਹੋਨੀ ਚੈੱਕ ਪੋਸਟ ਅਤੇ ਪੋਰੁਬਨ-ਸਇਰੇਟ 'ਤੇ ਤਾਇਨਾਤ ਹਨ। ਅੰਬੈਸੀ ਨੇ ਕਿਹਾ, ''ਇਸ ਮੁਸ਼ਕਲ ਹਾਲਾਤ ਵਿੱਚ ਭਾਰਤੀ ਅੰਬੈਸੀ ਆਪਣੇ ਨਾਗਰਿਕਾਂ ਨੂੰ ਅਪੀਲ ਕਰਦੀ ਹੈ ਉਹ ਮਜ਼ਬੂਤ, ਸੁਰੱਖਿਅਤ ਤੇ ਚੌਕਸ ਰਹਿਣ। ਉਹ ਯੂਕਰੇਨ ਵਿਚਲੇ ਭਾਰਤੀ ਭਾਈਚਾਰੇ ਦੀ ਹਮਾਇਤ ਲਈ ਦਿਨ-ਰਾਤ ਕੰਮ ਕਰ ਰਹੀ ਹੈ।'' ਅੰਬੈਸੀ ਨੇ ਕਿਹਾ, ''ਇਕ ਵਾਰ ਉਪਰੋਕਤ ਰੂਟ ਚਾਲੂ ਹੋ ਜਾਣ, ਟਰਾਂਸਪੋਰਟ ਦਾ ਖੁ਼ਦ ਬਖੁ਼ਦ ਪ੍ਰਬੰਧ ਕਰਕੇ ਸਫ਼ਰ ਕਰਨ ਵਾਲੇ ਭਾਰਤੀ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਪਰੋਕਤ ਸਰਹੱਦੀ ਨਾਕਿਆਂ ਵੱਲ ਵਧਣ ਤੇ ਇਨ੍ਹਾਂ ਨਾਕਿਆਂ 'ਤੇ ਲਾਏ ਹੈਲਪਲਾਈਨ ਨੰਬਰਾਂ ਰਾਹੀਂ ਸੰਪਰਕ ਵਿੱਚ ਰਹਿਣ।'' ਭਾਰਤੀ ਮਿਸ਼ਨ ਨੇ ਕਿਹਾ ਕਿ ਕੰਟਰੋਲ ਰੂਮ ਸਥਾਪਤ ਕੀਤੇ ਜਾਣ ਮਗਰੋਂ ਸੰਪਰਕ ਨੰਬਰ ਸਾਂਝੇ ਕੀਤੇ ਜਾਣਗੇ। ਅੰਬੈਸੀ ਨੇ ਵਿਦਿਆਰਥੀਆਂ ਨੂੰ ਵਿਦਿਆਰਥੀ ਠੇੇਕੇਦਾਰਾਂ ਦੇ ਸੰਪਰਕ ਵਿੱਚ ਰਹਿਣ ਦੀ ਵੀ ਹਦਾਇਤ ਕੀਤੀ ਹੈ। ਭਾਰਤੀ ਨਾਗਰਿਕਾਂ ਨੂੰ ਆਪਣੇ ਪਾਸਪੋਰਟ, ਹੰਗਾਮੀ ਖਰਚਿਆਂ ਲਈ ਨਗ਼ਦੀ ਤਰਜੀਹੀ ਤੌਰ 'ਤੇ ਅਮਰੀਕੀ ਡਾਲਰ, ਕੋਵਿਡ-19 ਟੀਕਾਕਰਨ ਸਰਟੀਫਿਕੇਟ ਆਦਿ ਰੱਖਣ ਦੀ ਵੀ ਸਲਾਹ ਦਿੱਤੀ ਹੈ। ਅੰਬੈਸੀ ਨੇ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਸਬੰਧਤ ਬੱਸਾਂ ਤੇ ਵਾਹਨਾਂ ਉੱਤੇ ਭਾਰਤੀ ਝੰਡੇ ਦੀ ਕਾਪੀ ਵੀ ਚਿਪਕਾ ਲਈ ਜਾਵੇ। ਦੱਸ ਦੇਈੲੇ ਕਿ ਯੂਕਰੇਨ ਦੀ ਰਾਜਧਾਨੀ ਕੀਵ ਤੇ ਰੋਮਾਨਿਆਈ ਸਰਹੱਦ 'ਤੇ ਬਣੀ ਚੈੱਕਪੋਸਟ ਦਾ ਫਾਸਲਾ ਲਗਪਗ 600 ਕਿਲੋਮੀਟਰ ਹੈ, ਜਿਸ ਨੂੰ ਸੜਕ ਰਸਤੇ ਪੂਰਾ ਕਰਨ ਵਿੱਚ ਸਾਢੇ ਅੱਠ ਤੋਂ 11 ਘੰਟਿਆਂ ਦਾ ਸਮਾਂ ਲੱਗਦਾ ਹੈ। ਉਧਰ ਕੀਵ ਤੇ ਹੰਗਰੀ ਸਰਹੱਦ 'ਤੇ ਸਥਾਪਤ ਚੈੱਕਪੋਸਟ ਦਰਮਿਆਨ 820 ਕਿਲੋਮੀਟਰ ਦਾ ਫਾਸਲਾ ਹੈ, ਜੋ 12 ਤੋਂ 13 ਘੰਟਿਆਂ 'ਚ ਤੈਅ ਹੁੰਦਾ ਹੈ। ਇਸੇ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਨੇ ਹੰਗਰੀ, ਰੋਮਾਨੀਆ ਤੇ ਪੋਲੈਂਡ ਤੱਕ ਭਾਰਤੀਆਂ ਦੀ ਰਾਹਦਾਰੀ ਨੂੰ ਸੁਖਾਲਾ ਬਣਾਉਣ ਲਹੀ ਪੱਛਮੀ ਯੂਕਰੇਨ ਦੇ ਲਵੀਵ ਤੇ ਚੈਰਨੀਵਤਸੀ ਕਸਬਿਆਂ ਵਿੱਚ ਕੈਂਪ ਦਫ਼ਤਰ ਸਥਾਪਤ ਕੀਤੇ ਹਨ। ਇਨ੍ਹਾਂ ਕੈਂਪਾਂ ਵਿੱਚ ਰੂਸੀ ਬੋਲਦੇ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ, ਜੋ ਭਾਰਤੀ ਨਾਗਰਿਕਾਂ ਨੂੰ ਸਰਹੱਦੀ ਨਾਕਿਆਂ ਤੋਂ ਲੰਘਾਉਣ ਮੌਕੇ ਤਾਲਮੇਲ ਕਰਨਗੇ। -ਪੀਟੀਆਈ

ਭਾਰਤੀ ਨਾਗਰਿਕਾਂ ਦੀ ਹਰ ਸੰਭਵ ਮਦਦ ਕਰਾਂਗੇ: ਰੂਸ

ਨਵੀਂ ਦਿੱਲੀ: ਭਾਰਤੀ ਨਾਗਰਿਕਾਂ ਨੂੰ ਪੂਰਬੀ ਯੂਰੋਪੀ ਮੁਲਕ ਰਸਤੇ ਕੱਢਣ ਲਈ ਕੀਤੇ ਜਾ ਰਹੇ ਕੂਟਨੀਤਕ ਯਤਨਾਂ ਦਰਮਿਆਨ ਰੂਸੀ ਕੂਟਨੀਤਕ ਸਰੋਤਾਂ ਨੇ ਅੱਜ ਕਿਹਾ ਕਿ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕ ਸ਼ਾਂਤ ਅਤੇ ਜਿੱਥੇ ਹਨ ਉਥੇ ਰਹਿਣ। ਸੂਤਰਾਂ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀਰਵਾਰ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਕੀਤੀ ਗੱਲਬਾਤ ਦੌਰਾਨ ਸਾਫ਼ ਕਰ ਦਿੱਤਾ ਸੀ ਕਿ ਯੂਕਰੇਨ ਵਿੱਚ ਜਾਰੀ ਫੌਜੀ ਕਾਰਵਾਈ ਤੋਂ ਆਮ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ। ਰੂਸੀ ਕੂੂਟਨੀਤਕ ਸੂਤਰ ਨੇ ਕਿਹਾ, ''ਭਾਰਤੀ ਨਾਗਰਿਕ ਸ਼ਾਂਤ ਰਹਿਣ ਤੇ ਦਹਿਸ਼ਤ ਵਿੱਚ ਨਾ ਆਉਣ। ਉਹ ਜਿੱਥੇ ਹਨ, ਉਥੇ ਹੀ ਰਹਿਣ।'' ਪੂਤਿਨ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਯੂਕਰੇਨ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਆਪਣੇ ਫ਼ਿਕਰ ਜ਼ਾਹਰ ਕੀਤੇ ਸਨ। ਪੂਤਿਨ ਨੇ ਸ੍ਰੀ ਮੋਦੀ ਨੂੰ ਇਸ ਸਬੰਧੀ 'ਲੋੜੀਂਦੀਆਂ ਹਦਾਇਤਾਂ ਦੇਣ' ਦਾ ਭਰੋਸਾ ਦਿੱਤਾ ਸੀ। -ਪੀਟੀਆਈ



Most Read

2024-09-21 08:36:03