World >> The Tribune


ਰੂਸੀ ਹਮਲਿਆਂ ਦੀ ਦਸਤਾਵੇਜ਼ੀ ਬਣਾ ਰਿਹੈ ਸੀਨ ਪੈਨ


Link [2022-02-26 11:58:08]



ਲਾਸ ਏਂਜਲਸ: ਜੰਗ ਵਿਰੋਧੀ ਤੇ ਇਨਸਾਨੀਅਤ ਪੱਖੀ ਕਾਰਵਾਈਆਂ ਦਾ ਹਿੱਸਾ ਰਹੇ ਹੌਲੀਵੁੱਡ ਅਦਾਕਾਰ ਸੀਨ ਪੈਨ ਇਸ ਵੇਲੇ ਯੂਕਰੇਨ ਵਿੱਚ ਰੂਸ ਵੱਲੋਂ ਕੀਤੇ ਜਾ ਰਹੇ ਹਵਾਈ ਹਮਲਿਆਂ 'ਤੇ ਦਸਤਾਵੇਜ਼ੀ ਫਿਲਮ ਤਿਆਰ ਕਰ ਰਿਹਾ ਹੈ। ਇਹ ਜਾਣਕਾਰੀ 'ਵੈਰਾਇਟੀ' ਵੱਲੋਂ ਦਿੱਤੀ ਗਈ ਹੈ। ਆਸਕਰ ਜੇਤੂ ਅਦਾਕਾਰ ਸੀਨ ਪੈਨ ਵੀਰਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸਰਕਾਰੀ ਅਧਿਕਾਰੀਆਂ ਵੱਲੋਂ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਕੀਤੀ ਗਈ ਇੱਕ ਪ੍ਰੈੱਸ ਵਾਰਤਾ ਵਿੱਚ ਵੀ ਸ਼ਾਮਲ ਹੋਇਆ ਸੀ। ਤਿਆਰ ਕੀਤੀ ਜਾਣ ਵਾਲੀ ਇਹ ਦਸਤਾਵੇਜ਼ੀ ਵਾਈਸ ਸਟੂਡੀਓ ਪ੍ਰੋਡਕਸ਼ਨ ਵੱਲੋਂ ਵਾਈਸ ਵਰਲਡ ਨਿਊਜ਼ ਅਤੇ ਐਂਡੇਵਰ ਕੰਟੈਂਟ ਨਾਲ ਸਾਂਝੇ ਤੌਰ 'ਤੇ ਤਿਆਰ ਕੀਤੀ ਜਾ ਰਹੀ ਹੈ। ਰਿਪੋਰਟ ਅਨੁਸਾਰ ਸੀਨ ਪਿਛਲੀ ਵਾਰ ਨਵੰਬਰ 2021 ਵਿੱਚ ਆਪਣੀ ਇਸ ਦਸਤਾਵੇਜ਼ੀ ਦੀ ਤਿਆਰੀ ਲਈ ਯੂਕਰੇਨ ਗਿਆ ਸੀ। ਉਸ ਵੇਲੇ ਅਦਾਕਾਰ ਯੂਕਰੇਨੀ ਫੌਜ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਵੇਖਣ ਗਿਆ ਸੀ। ਇਸ ਰਿਪੋਰਟ ਅਨੁਸਾਰ ਪੈਨ ਨੇ ਯੂਕਰੇਨ ਦੇ ਰਾਸ਼ਟਰਪਤੀ ਦੇ ਦਫ਼ਤਰ ਜਾ ਕੇ ਉੱਪ ਪ੍ਰਧਾਨ ਮੰਤਰੀ ਇਰੀਨਾ ਵੈਰੇਸ਼ਚੁਕ ਨਾਲ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਸਥਾਨਕ ਪੱਤਰਕਾਰਾਂ ਤੇ ਯੂਕਰੇਨ ਦੇ ਕਈ ਫੌਜੀ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ।

ਯੂਕਰੇਨੀ ਰਾਸ਼ਟਰਪਤੀ ਦੇ ਦਫ਼ਤਰ ਨੇ ਯੂਕਰੇਨ ਦੀ ਅੰਬੈਸੀ ਵੱਲੋਂ ਇੱਕ ਪੱਤਰ ਜਾਰੀ ਕਰਕੇ ਆਸਕਰ ਜੇਤੂ ਅਦਾਕਾਰ ਅਤੇ ਫਿਲਮ ਨਿਰਮਾਤਾ ਵੱਲੋਂ ਕੀਤੇ ਜਾ ਰਹੇ ਇਸ ਉੱਦਮ ਦੀ ਸ਼ਲਾਘਾ ਕੀਤੀ ਹੈ। ਇਸ ਪੱਤਰ ਵਿੱਚ ਲਿਖਿਆ ਹੈ, 'ਦਸਤਾਵੇਜ਼ੀ ਦਾ ਨਿਰਦੇਸ਼ਕ ਯੂਕਰੇਨ ਵਿੱਚ ਬਣ ਰਹੇ ਹਾਲਾਤ ਨੂੰ ਰਿਕਾਰਡ ਕਰਨ ਅਤੇ ਦੁਨੀਆ ਨੂੰ ਰੂਸ ਵੱਲੋਂ ਸਾਡੇ ਦੇਸ਼ ਵਿੱਚ ਕੀਤੇ ਜਾ ਰਹੇ ਹਮਲਿਆਂ ਬਾਰੇ ਦੱਸਣ ਲਈ ਵਿਸ਼ੇਸ਼ ਤੌਰ 'ਤੇ ਕੀਵ ਆਇਆ ਹੈ।' -ਆਈਏਐੱਨਐੱਸ



Most Read

2024-09-21 09:00:08