Sport >> The Tribune


ਮੁੱਕੇਬਾਜ਼ੀ ਟੂਰਨਾਮੈਂਟ: ਨੰਦਨੀ ਸੈਮੀ ਫਾਈਨਲ ਵਿੱਚ ਪਹੁੰਚੀ


Link [2022-02-26 11:58:06]



ਨਵੀਂ ਦਿੱਲੀ, 23 ਫਰਵਰੀ

ਭਾਰਤ ਦੀ ਨੰਦਨੀ ਨੇ ਬੁਲਗਾਰੀਆ ਦੇ ਸੋਫੀਆ ਵਿੱਚ ਚੱਲ ਰਹੇ ਸਤਰਾਂਜਦਾ ਯਾਦਗਾਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਉਂਦਿਆਂ ਦੇਸ਼ ਲਈ ਪਹਿਲਾ ਤਗ਼ਮਾ ਪੱਕਾ ਕਰ ਲਿਆ ਹੈ। ਨੰਦਨੀ ਨੇ 81 ਕਿੱਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਕਜ਼ਾਖਸਤਾਨ ਦੀ ਵੇਲੇਰੀਆ ਐਕਸੇਨੋਵਾ ਨੂੰ ਮਾਤ ਦਿੱਤੀ। ਨੰਦਨੀ ਨੇ ਮੈਚ ਵਿੱਚ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਅਤੇ ਰੈਫਰੀ ਵੱਲੋਂ ਮੁਕਾਬਲਾ ਤੀਜੇ ਰਾਊਂਡ ਵਿੱਚ ਹੀ ਰੋਕ ਦਿੱਤਾ ਗਿਆ। ਸੈਮੀ ਫਾਈਨਲ ਵਿੱਚ ਨੰਦਨੀ ਦਾ ਮੁਕਾਬਲਾ ਸਾਬਕਾ ਵਿਸ਼ਵ ਚੈਂਪੀਅਨ ਕਜ਼ਾਖਸਤਾਨ ਦੀ ਲੱਜ਼ਤ ਕੁੰਗੇਈਬਾਏਵਾ ਨਾਲ ਹੋਵੇਗਾ। ਇਸੇ ਦੌਰਾਨ ਯੂਥ ਵਿਸ਼ਵ ਚੈਂਪੀਅਨ ਅਰੁੰਧਤੀ ਚੌਧਰੀ (70 ਕਿਲੋ ਭਾਰ ਵਰਗ) ਅਤੇ ਪ੍ਰਵੀਨ (63 ਕਿਲੋ ਭਾਰ ਵਰਗ) ਨੇ ਵੀ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅਰੁੰਧਤੀ ਨੇ ਜਰਮਨੀ ਦੀ ਮੈਲਿਸਾ ਜੈਮਿਨੀ ਨੂੰ 3-0 ਅਤੇ ਪ੍ਰਵੀਨ ਨੇ ਕਜ਼ਾਖਸਤਾਨ ਆਇਦਾ ਅਬੀਕੇਈਏਵਾ ਨੂੰ 5-0 ਨਾਲ ਹਰਾਇਆ। ਦੂੁਜੇ ਪਾਸੇ ਭਾਰਤ ਦੀ ਮੀਨਾ, ਅੰਜਲੀ ਤੁਸ਼ੀਰ ਤੇ ਸਵੀਟੀ ਤੋਂ ਇਲਾਵਾ ਸਚਿਨ ਕੁਮਾਰ ਨੂੰ ਕ੍ਰਮਵਾਰ 60 ਕਿਲੋ, 66 ਕਿਲੋ, 75 ਕਿਲੋ, 80 ਕਿਲੋ ਭਾਰ ਵਰਗ ਦੇ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਟੂਰਨਾਮੈਂਟ ਵਿੱਚ 36 ਦੇਸ਼ਾਂ ਦੇ 450 ਤੋਂ ਵੱਧ ਮੁੱਕੇਬਾਜ਼ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨ। ਭਾਰਤ ਵੱਲੋਂ 17 ਮੈਂਬਰੀ ਦਲ (7 ਪੁਰਸ਼ ਤੇ 10 ਮਹਿਲਾਵਾਂ) ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ। -ਪੀਟੀਆਈ



Most Read

2024-09-20 11:27:10