Economy >> The Tribune


ਆਲਮੀ ਬਾਜ਼ਾਰ ਮੂਧੇ ਮੂੰਹ ਡਿੱਗੇ, ਤੇਲ ਚੜ੍ਹਿਆ


Link [2022-02-26 11:58:02]



ਪੇਈਚਿੰਗ: ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ ਮਗਰੋਂ ਯੂਰੋਪ ਅਤੇ ਏਸ਼ੀਆ ਦੇ ਸ਼ੇਅਰ ਬਾਜ਼ਾਰ 4 ਫ਼ੀਸਦੀ ਤੋਂ ਜ਼ਿਆਦਾ ਤੱਕ ਡਿੱਗ ਗਏ। ਉਧਰ ਕੱਚੇ ਤੇਲ ਦੀਆਂ ਕੀਮਤਾਂ ਵੀਰਵਾਰ ਨੂੰ 8 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਤੱਕ ਵਧ ਗਈਆਂ। ਲੰਡਨ 'ਚ ਕੱਚੇ ਤੇਲ ਦੀ ਕੀਮਤ 2014 ਤੋਂ ਬਾਅਦ ਪਹਿਲੀ ਵਾਰ 105.32 ਡਾਲਰ ਪ੍ਰਤੀ ਬੈਰਲ ਹੋ ਗਈ। ਰੂਸ ਕੱਚੇ ਤੇਲ ਦਾ ਤੀਜੇ ਨੰਬਰ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਉਥੋਂ ਸਪਲਾਈ 'ਚ ਅੜਿੱਕਾ ਪੈਣ ਦੀ ਸੰਭਾਵਨਾ ਕਾਰਨ ਕੱਚੇ ਤੇਲ 'ਚ ਉਬਾਲ ਆ ਗਿਆ ਹੈ। ਅਮਰੀਕੀ ਕੱਚਾ ਤੇਲ ਵੀ ਥੋੜ੍ਹੀ ਦੇਰ ਲਈ 98 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਿਆ ਸੀ। ਇਸ ਤੋਂ ਇਲਾਵਾ ਕਣਕ ਅਤੇ ਮੱਕੇ ਦੀਆਂ ਕੀਮਤਾਂ ਵੀ ਚੜ੍ਹ ਗਈਆਂ ਹਨ। ਰੂਸੀ ਰੂਬਲ ਦੀ ਕੀਮਤ ਸਾਢੇ 7 ਫ਼ੀਸਦੀ ਤੱਕ ਡਿੱਗ ਕੇ 0.012 ਡਾਲਰ ਰਹਿ ਗਈ ਹੈ। ਲੰਡਨ 'ਚ ਐੱਫਟੀਐੱਸਈ 100 ਹਮਲੇ ਦੀ ਖ਼ਬਰ ਮਗਰੋਂ 3.1 ਫ਼ੀਸਦ ਡਿੱਗ ਕੇ 7,263.75 'ਤੇ ਪਹੁੰਚ ਗਿਆ। ਫਰੈਂਕਫਰਟ 'ਚ ਡੈਕਸ 4.8 ਫ਼ੀਸਦ ਡਿੱਗ ਕੇ 13,936.29 ਦਰਜ ਹੋਇਆ ਜਦਕਿ ਪੈਰਿਸ 'ਚ ਸੀਏਸੀ ਸਾਢੇ 4 ਫ਼ੀਸਦ ਅੰਕ ਗੁਆ ਕੇ 6,472.93 ਤੱਕ ਡਿੱਗਿਆ। ਮਾਸਕੋ ਦੇ ਸ਼ੇਅਰ ਬਾਜ਼ਾਰ 'ਚ ਕੁਝ ਦੇਰ ਲਈ ਕਾਰੋਬਾਰ ਰੋਕਣਾ ਪਿਆ। ਜਦੋਂ ਕੰਮਕਾਰ ਦੁਬਾਰਾ ਸ਼ੁਰੂ ਹੋਇਆ ਤਾਂ ਰੂਬਲ ਆਧਾਰਿਤ ਐੱਮਓਈਐਕਸ ਸਟਾਕ ਇੰਡੈਕਸ ਅਤੇ ਡਾਲਰ ਆਧਾਰਿਤ ਆਰਟੀਐੱਸ ਇੰਡੈਕਸ ਕਰੀਬ ਇਕ ਤਿਹਾਈ ਤੱਕ ਡਿੱਗ ਗਏ। ਵਾਲ ਸਟਰੀਟ ਦੇ ਬੈਂਚਮਾਰਕ ਐੱਸਐਂਡੀਪੀ 500 ਇੰਡੈਕਸ ਲਈ ਫਿਊਚਰ ਅਤੇ ਡੋਅ ਜੋਨਸ ਦਾ ਸਨਅਤੀ ਇੰਡੈਕਸ 2 ਫ਼ੀਸਦ ਤੋਂ ਜ਼ਿਆਦਾ ਡਿੱਗੇ। ਏਸ਼ੀਆ 'ਚ, ਜਾਪਾਨ ਦਾ ਨਿਕੇਈ 225, 1.8 ਫ਼ੀਸਦ ਡਿੱਗ ਕੇ 25,970.82 ਅਤੇ ਹਾਂਗਕਾਂਗ ਦਾ ਹੈਂਗਸੇਂਗ 3.2 ਫ਼ੀਸਦ ਡਿੱਗ ਕੇ 22,901.56 'ਤੇ ਬੰਦ ਹੋਏ। -ਏਪੀ



Most Read

2024-09-20 02:53:41