Breaking News >> News >> The Tribune


ਮਹਿੰਗਾਈ ਦੇ ਮੁੱਦੇ ’ਤੇ ਅਖਿਲੇਸ਼ ਨੇ ਭਾਜਪਾ ਨੂੰ ਘੇਰਿਆ


Link [2022-02-26 11:58:01]



ਬਹਿਰਾਈਚ, 25 ਫਰਵਰੀ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਹੁਕਮਰਾਨ ਭਾਜਪਾ 'ਤੇ ਮਹਿੰਗਾਈ ਦੇ ਮੁੱਦੇ ਉਪਰ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਵਿਧਾਨ ਸਭਾ ਚੋਣਾਂ ਦਾ ਅਮਲ ਖ਼ਤਮ ਹੋਣ ਮਗਰੋਂ ਈਂਧਣ ਦੀਆਂ ਕੀਮਤਾਂ 'ਚ ਵਾਧਾ ਕਰੇਗੀ। ਪ੍ਰਯਾਗਪੁਰ ਵਿਧਾਨ ਸਭਾ ਹਲਕੇ 'ਚ ਪਾਰਟੀ ਉਮੀਦਵਾਰ ਮੁਕੇਸ਼ ਸ੍ਰੀਵਾਸਤਵ ਲਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਇੰਨੀਆਂ ਮਹਿੰਗੀਆਂ ਕਰ ਦਿੱਤੀਆਂ ਹਨ ਕਿ ਗਰੀਬ ਲੋਕਾਂ ਨੂੰ ਆਪਣੇ ਵਾਹਨ ਤੱਕ ਚਲਾਉਣਾ ਮੁਸ਼ਕਲ ਹੋ ਗਿਆ ਹੈ। 'ਕਿਸਾਨ ਵੀ ਆਪਣੇ ਟਰੈਕਟਰ ਖੇਤਾਂ 'ਚ ਚਲਾਉਣ ਦੇ ਸਮਰੱਥ ਨਹੀਂ ਰਹੇ। ਇਹ ਗੱਲ ਵੀ ਧਿਆਨ 'ਚ ਰੱਖਣਾ, ਅਖ਼ਬਾਰਾਂ ਨੇ ਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਿ ਜਿਵੇਂ ਹੀ ਚੋਣਾਂ ਖ਼ਤਮ ਹੋਣਗੀਆਂ, ਭਾਜਪਾ ਪੈਟਰੋਲ ਦੀ ਕੀਮਤ 200 ਰੁਪਏ ਪ੍ਰਤੀ ਲਿਟਰ ਤੱਕ ਵਧਾ ਦੇਵੇਗੀ।' ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਵਤੀਰੇ ਅਤੇ ਬਿਆਨਾਂ ਤੋਂ ਸਪੱਸ਼ਟ ਹੈ ਕਿ ਚੋਣਾਂ 'ਚ ਹਾਰ ਦੇ ਖ਼ਤਰੇ ਨੂੰ ਦੇਖਦਿਆਂ ਉਹ ਹੁਣ ਹਿੰਸਾ 'ਤੇ ਉਤਰ ਆਏ ਹਨ। 'ਭਾਜਪਾ ਆਗੂਆਂ ਦਾ ਰਵੱਈਆ ਹਾਰਨ ਵਾਲੇ ਭਲਵਾਨਾਂ ਵਰਗਾ ਹੋ ਗਿਆ ਹੈ।' ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਦੇ ਚਾਰ ਗੇੜਾਂ 'ਚ ਸਮਾਜਵਾਦੀ ਪਾਰਟੀ ਨੇ ਦੂਹਰਾ ਸੈਂਕੜਾ ਜੜ੍ਹ ਦਿੱਤਾ ਹੈ ਤੇ ਪੰਜਵੇਂ 'ਚ ਭਾਜਪਾ ਦਾ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨਾਲੋਂ ਅੱਜ ਦੀ ਰੈਲੀ 'ਚ ਇਕੱਠ ਕਿਤੇ ਜ਼ਿਆਦਾ ਹੈ। ਕਿਸਾਨਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਸਮੇਂ ਲਾਵਾਰਸ ਪਸ਼ੂਆਂ ਤੋਂ ਆਪਣੀਆਂ ਫ਼ਸਲਾਂ ਬਚਾਉਣ ਲਈ ਜਾਗਣਾ ਪੈਂਦਾ ਹੈ। 'ਗਊ ਮਾਤਾ ਭੁੱਖੀ ਹੈ ਤੇ ਮਰ ਰਹੀ ਹੈ। ਉਸ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੈ।' ਉਨ੍ਹਾਂ ਕਿਹਾ ਕਿ ਜੇਕਰ ਸਪਾ ਦੀ ਸਰਕਾਰ ਬਣੀ ਤਾਂ ਉਹ ਪਸ਼ੂਆਂ ਦੀ ਸੁਰੱਖਿਆ ਦੇ ਪ੍ਰਬੰਧ ਕਰਨਗੇ। -ਪੀਟੀਆਈ

ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਜੰਗ ਲੱਗਿਆ: ਡਿੰਪਲ

ਕੌਸ਼ਾਂਭੀ ਵਿੱਚ ਸਮਾਜਵਾਦੀ ਪਾਰਟੀ ਦੀ ਸੀਨੀਅਰ ਆਗੂ ਜਯਾ ਬੱਚਨ ਅਤੇ ਡਿੰਪਲ ਯਾਦਵ ਸਪਾ-ਅਪਨਾ ਦਲ ਦੀ ਉਮੀਦਵਾਰ ਪੱਲਵੀ ਪਟੇਲ ਦੇ ਹੱਕ 'ਚ ਪ੍ਰਚਾਰ ਕਰਦੇ ਹੋਏ।

ਕੌਸ਼ਾਂਭੀ: ਸਾਬਕਾ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਨੇ ਕਿਹਾ ਹੈ ਕਿ ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਜੰਗ ਲੱਗ ਗਿਆ ਹੈ ਅਤੇ ਹੁਣ ਇਹ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵਸਤਰਾਂ ਵਾਲੇ ਰੰਗ (ਭਗਵਾ) ਨਾਲ ਮੇਲ ਖਾਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਹੀ ਅਜਿਹੀ ਇਕੋ ਪਾਰਟੀ ਹੈ ਜੋ ਵਾਅਦੇ ਪੂਰੇ ਕਰਦੀ ਹੈ। ਡਿੰਪਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜੰਗ ਉਤਾਰ ਕੇ ਉੱਤਰ ਪ੍ਰਦੇਸ਼ ਨੂੰ ਮੁੜ ਲੀਹਾਂ 'ਤੇ ਲਿਆਂਦਾ ਜਾਵੇ। ਸਮਾਜਵਾਦੀ ਪਾਰਟੀ-ਅਪਨਾ ਦਲ ਦੀ ਸਾਂਝੀ ਉਮੀਦਵਾਰ ਪੱਲਵੀ ਪਟੇਲ ਦੀ ਹਮਾਇਤ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 'ਸਿਰਾਥੂ ਦੇ ਪੁੱਤਰ' (ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ) ਨੇ ਹਲਕੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਹੁਣ ਨੂੰਹ (ਪਲਵੀ ਪਟੇਲ) ਨੂੰ ਲੋਕ ਇਕ ਮੌਕਾ ਜ਼ਰੂਰ ਦੇਣਗੇ ਕਿਉਂਕਿ ਉਹ ਜਾਣਦੀ ਹੈ ਕਿ ਪਰਿਵਾਰ ਕਿਵੇਂ ਚਲਾਇਆ ਜਾਂਦਾ ਹੈ। -ਪੀਟੀਆਈ

ਵੱਡੀ ਨੂੰਹ ਦੀ ਇੱਜ਼ਤ ਰੱਖਣਾ: ਜਯਾ ਬੱਚਨ

ਕੌਸ਼ਾਂਭੀ: ਰਾਜ ਸਭਾ ਮੈਂਬਰ ਜਯਾ ਬੱਚਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਆਪ ਨੂੰ ਯੂਪੀ ਦੀ 'ਵੱਡੀ ਬਹੂ' ਕਰਾਰ ਦਿੱਤਾ ਜਦਕਿ ਡਿੰਪਲ ਨੂੰ 'ਛੋਟੀ ਨੂੰਹ' ਦੱਸਿਆ। ਜਯਾ ਨੇ ਕਿਹਾ,''ਜਦੋਂ ਅਮਿਤਾਭ ਬੱਚਨ ਇਥੋਂ ਚੋਣ ਲੜ ਰਹੇ ਸਨ ਤਾਂ ਮੈਂ ਕਿਹਾ ਸੀ ਕਿ ਮੈਂ ਤੁਹਾਡੀ ਨੂੰਹ ਹਾਂ। ਅੱਜ ਮੈਂ ਪਲਵੀ ਲਈ ਆਈ ਹਾਂ ਅਤੇ ਬੇਨਤੀ ਕਰਦੀ ਹਾਂ ਕਿ ਵੱਡੀ ਨੂੰਹ ਦੀ ਗੱਲ ਸੁਣੋ ਅਤੇ ਆਪਣੇ ਭਰਾ 'ਗੰਗਾ ਕਿਨਾਰੇ ਕੇ ਛੋਰੇ (ਅਮਿਤਾਭ ਬੱਚਨ) ਦਾ ਮਾਣ ਬਹਾਲ ਰੱਖਣਾ।'' ਅਮਿਤਾਭ ਬੱਚਨ ਮੂਲ ਰੂਪ ਤੋਂ ਪ੍ਰਯਾਗਰਾਜ ਦੇ ਹਨ ਅਤੇ ਉਨ੍ਹਾਂ ਕਾਂਗਰਸ ਉਮੀਦਵਾਰ ਵਜੋਂ 1985 'ਚ ਅਲਾਹਾਬਾਦ ਸੰਸਦੀ ਹਲਕੇ ਤੋਂ ਚੋਣ ਜਿੱਤੀ ਸੀ। ਪਰਿਵਾਰਵਾਦ ਦੇ ਲੱਗ ਰਹੇ ਦੋਸ਼ਾਂ ਬਾਰੇ ਜਯਾ ਨੇ ਕਿਹਾ ਕਿ ਮੁੱਖ ਮੰਤਰੀ ਪਰਿਵਾਰ, ਧੀ ਜਾਂ ਨੂੰਹ ਬਾਰੇ ਕੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਉਹ ਸੰਸਦ 'ਚ ਪਿਛਲੇ 15 ਸਾਲਾਂ ਤੋਂ ਹਨ ਪਰ ਭਾਜਪਾ ਨੇ ਸਿਰਫ਼ ਝੂਠ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਬੋਲਿਆ ਹੈ। -ਪੀਟੀਆਈ



Most Read

2024-09-22 16:38:21