Breaking News >> News >> The Tribune


ਯੂਕਰੇਨ ਸੰਕਟ ਦੇ ਹੱਲ ਲਈ ਗੱਲਬਾਤ ਤੇ ਕੂਟਨੀਤੀ ਸਭ ਤੋਂ ਵਧੀਆ ਰਾਹ: ਭਾਰਤ


Link [2022-02-26 11:58:01]



ਨਵੀਂ ਦਿੱਲੀ, 25 ਫਰਵਰੀ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਅਤੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨਾਲ ਵੱਖੋ-ਵੱਖਰੇ ਤੌਰ 'ਤੇ ਗੱਲਬਾਤ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੂਕਰੇਨ ਸੰਕਟ ਦੇ ਹੱਲ ਲਈ ਗੱਲਬਾਤ ਅਤੇ ਕੂਟਨੀਤੀ ਸਭ ਤੋਂ ਵਧੀਆ ਰਸਤਾ ਹੈ।

ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਜੰਗ ਸ਼ੁਰੂ ਕੀਤੇ ਜਾਣ ਦੀ ਵਿਆਪਕ ਪੱਧਰ 'ਤੇ ਆਲੋਚਨਾ ਹੋਈ ਹੈ ਅਤੇ ਇਸ ਸੰਘਰਸ਼ ਦੇ ਫੈਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਅਜਿਹੇ ਵਿਚ ਤਣਾਅ ਘੱਟ ਕਰਨ ਦੀਆਂ ਵਿਸ਼ਵ ਦੀਆਂ ਕੋਸ਼ਿਸ਼ਾਂ ਵਿਚ ਭਾਰਤ ਸਾਰੀਆਂ ਸਬੰਧਤ ਧਿਰਾਂ ਦੇ ਸੰਪਰਕ ਵਿਚ ਹੈ।

ਲਵਰੋਵ ਨਾਲ ਗੱਲਬਾਤ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਸੰਕਟ ਦੇ ਹੱਲ ਲਈ 'ਗੱਲਬਾਤ ਅਤੇ ਕੂਟਨੀਤੀ' ਹੀ ਸਭ ਤੋਂ ਵਧੀਆ ਰਸਤਾ ਹੈ। ਵਿਦੇਸ਼ ਮੰਤਰੀ ਨੇ ਟਵੀਟ ਕੀਤਾ, ''ਯੂਕਰੇਨ ਦੇ ਘਟਨਾਕ੍ਰਮ ਨੂੰ ਲੈ ਕੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨਾਲ ਗੱਲਬਾਤ ਕੀਤੀ। ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਗੱਲਬਾਤ ਅਤੇ ਕੂਟਨੀਤੀ ਸਭ ਤੋਂ ਵਧੀਆ ਰਸਤਾ ਹੈ।'' ਸਮਝਿਆ ਜਾਂਦਾ ਹੈ ਕਿ ਜੈਸ਼ੰਕਰ ਨੇ ਲਾਵਰੋਵ ਨੂੰ ਦੱਸਿਆ ਕਿ ਯੂਕਰੇਨ ਵਿਚ ਫਸੇ ਕਰੀਬ 16 ਹਜ਼ਾਰ ਭਾਰਤੀਆਂ ਨੂੰ ਸੁਰੱਖਿਅਤ ਕੱਢਣਾ ਭਾਰਤ ਲਈ ਅਹਿਮ ਮੁੱਦਾ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਯੂਕਰੇਨ ਵਿਚ ਚੱਲ ਰਹੇ ਘਟਨਾਕ੍ਰਮ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਹੋਈ ਗੱਲਬਾਤ ਬਾਰੇ ਵੀ ਦੱਸਿਆ। ਜੈਸ਼ੰਕਰ ਨੇ ਲੰਘੀ ਰਾਤ ਕੀਤੇ ਟਵੀਟ ਵਿਚ ਕਿਹਾ, ''ਬਲਿੰਕਨ ਨਾਲ ਫੋਨ 'ਤੇ ਹੋਈ ਗੱਲਬਾਤ ਦੀ ਸ਼ਲਾਘਾ ਕਰਦਾ ਹਾਂ। ਯੂਕਰੇਨ ਵਿਚ ਚੱਲ ਰਹੇ ਘਟਨਾਕ੍ਰਮ ਅਤੇ ਇਸ ਦੇ ਪ੍ਰਭਾਵਾਂ 'ਤੇ ਚਰਚਾ ਕੀਤੀ ਗਈ।'' ਉੱਧਰ, ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਬਲਿੰਕਨ ਨੇ ਜੈਸ਼ੰਕਰ ਨਾਲ ਰੂਸ ਵੱਲੋਂ ਯੂਕਰੇਨ 'ਤੇ ਬਿਨਾ ਸੋਚੇ-ਸਮਝੇ, ਬਿਨਾ ਭੜਕਾਹਟ ਤੋਂ ਅਤੇ ਅਣਉਚਿਤ ਹਮਲਾ ਕੀਤੇ ਜਾਣ ਬਾਰੇ ਚਰਚਾ ਕੀਤੀ। -ਪੀਟੀਆਈ



Most Read

2024-09-22 16:25:38