Breaking News >> News >> The Tribune


ਯੂਕਰੇਨ ਸੰਕਟ: ਵਿਦਿਆਰਥੀਆਂ ਦੀ ਵਤਨ ਵਾਪਸੀ ਲਈ ਰਾਜਾਂ ਵੱਲੋਂ ਵੀ ਯਤਨ ਤੇਜ਼


Link [2022-02-26 11:58:01]



ਹੈਦਰਾਬਾਦ/ਬੰਗਲੁਰੂ/ਅਹਿਮਦਾਬਾਦ/ ਤਿਰੂਵਨੰਤਪੁਰਮ, 25 ਫਰਵਰੀ

ਰੂਸ ਦੇ ਯੂਕਰੇਨ 'ਤੇ ਹਮਲਾ ਕਰਨ ਮਗਰੋਂ ਉਥੇ ਫਸੇ ਭਾਰਤੀਆਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਜਾ ਰਹੀ ਚਾਰਾਜੋਈ ਦਰਮਿਆਨ ਰਾਜਾਂ ਨੇ ਵੀ ਆਪਣੇ ਪੱਧਰ 'ਤੇ ਹੈਲਪਲਾਈਨਾਂ ਸਥਾਪਤ ਕਰਨ ਤੇ ਹੋਰ ਯਤਨ ਤੇਜ਼ ਕਰ ਦਿੱਤੇ ਹਨ। ਇਸ ਕੜੀ ਵਿੱਚ ਤਿਲੰਗਾਨਾ ਸਰਕਾਰ ਨੇ ਨਵੀਂ ਦਿੱਲੀ ਸਥਿਤ ਤਿਲੰਗਾਨਾ ਭਵਨ ਵਿੱਚ ਹੈਲਪਲਾਈਨ ਨੰਬਰ ਸਥਾਪਤ ਕੀਤੇ ਹਨ। ਸੂੁਬੇ ਦੇ ਮੁੱਖ ਸਕੱਤਰ ਸੋਮੇਸ਼ ਕੁਮਾਰ ਨੇ ਕਿਹਾ ਕਿ ਇਨ੍ਹਾਂ ਹੈਲਪਲਾਈਨਾਂ 'ਤੇ ਲੰਘੀ ਰਾਤ ਤੋਂ 75 ਤੋਂ ਵੱਧ ਕਾਲਾਂ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਤਿਲੰਗਾਨਾ ਸਰਕਾਰ ਵਿਦਿਆਰਥੀਆਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਵਿਦੇਸ਼ ਮੰਤਰਾਲੇ ਦੇ ਸੰਪਰਕ ਵਿੱਚ ਹੈ। ਉਧਰ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਵੀ ਜੰਗ ਦੇ ਝੰਬੇ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਉਥੋਂ ਕੱਢੇ ਜਾਣ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨਾਲ ਗੱਲਬਾਤ ਕੀਤੀ। ਕਰਨਾਟਕ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਮੁਤਾਬਕ ਜ਼ਿਲ੍ਹਾ ਵਾਰ ਜਾਣਕਾਰੀ ਮੁਤਾਬਕ ਯੂਕਰੇਨ ਵਿੱਚ ਕਰਨਾਟਕ ਦੇ 91 ਵਿਦਿਆਰਥੀ ਫਸੇ ਹੋੲੇ ਹਨ। ਇਸ ਦੌਰਾਨ ਗੁਜਰਾਤ ਨੇ ਯੂਕਰੇਨ ਵਿੱਚ ਆਪਣੇ ਕਰੀਬ 2500 ਵਿਦਿਆਰਥੀਆਂ ਦੇ ਫਸੇ ਹੋਣ ਦਾ ਦਾਅਵਾ ਕੀਤਾ ਹੈ। ਸੂਬੇ ਦੇ ਸਿੱਖਿਆ ਮੰਤਰੀ ਜੀਤੂ ਵਗਾਨੀ ਨੇ ਕਿਹਾ ਕਿ ਮੁੱਖ ਮੰਤਰੀ ਭੁਪੇਂਦਰ ਪਟੇਲ ਵਿਦਿਆਰਥੀਆਂ ਦੀ ਦੇਸ਼ ਵਾਪਸੀ ਲਈ ਕੇਂਦਰ ਦੇ ਸੰਪਰਕ ਵਿੱਚ ਹਨ।

ਯੂਕਰੇਨ ਵਿੱਚ ਫਸੇ ਕੇਰਲਾ ਨਾਲ ਸਬੰਧਤ ਵਿਦਿਆਰਥੀਆਂ ਨੇ ਸਥਾਨਕ ਟੀਵੀ ਚੈਨਲ ਨੂੰ ਦੱਸਿਆ ਕਿ ਯੂਕਰੇਨ ਅਥਾਰਿਟੀਜ਼ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਹੋਸਟਲਾਂ ਦੇ ਬੰਕਰਾਂ ਵਿੱਚ ਤਬਦੀਲ ਹੋਣ ਲਈ ਆਖ ਦਿੱਤਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸੀਮਤ ਖਾਣਾ ਤੇ ਪੀਣ ਵਾਲਾ ਪਾਣੀ ਹੈ ਅਤੇ ਨੈੱਟਵਰਕ ਕਵਰੇਜ ਵੀ ਕਿਸੇ ਵੇਲੇ ਖ਼ਤਮ ਹੋ ਸਕਦਾ ਹੈ। ਇਕ ਵਿਦਆਰਥਣ ਨੇ ਦੱਸਿਆ ਕਿ ਉਨ੍ਹਾਂ ਦੇ ਕੈਂਪਸ ਵਿੱਚ ਕੇਰਲਾ ਨਾਲ ਸਬੰਧਤ 200 ਤੋਂ 300 ਵਿਦਿਆਰਥੀ ਹਨ। -ਪੀਟੀਆਈ

ਏਜੰਸੀਆਂ ਦੀ 'ਦੁਰਵਰਤੋਂ' ਬਜਾਏ ਵਿਦਿਆਰਥੀਆਂ ਦੀ ਵਤਨ ਵਾਪਸੀ ਲਈ ਯਤਨ ਕਰੇ ਸਰਕਾਰ: ਐੱਨਸੀਪੀ

ਮੁੰਬਈ: ਮਹਾਰਾਸ਼ਟਰ ਸਰਕਾਰ 'ਚ ਮੰਤਰੀ ਜੈਯੰਤ ਪਾਟਿਲ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਸਰਕਾਰ ਸਿਆਸੀ ਮੰਤਵਾਂ ਦੀ ਪੂਰਤੀ ਲਈ ਕੇਂਦਰੀ ਏਜੰਸੀਆਂ ਦੀ 'ਦੁਰਵਰਤੋਂ' ਕਰਨ ਦੀ ਥਾਂ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਯਤਨ ਕਰੇ। ਐੱਨਸੀਪੀ ਆਗੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸ਼ਾਇਦ ਚੋਣਾਂ ਵਿੱਚ ਰੁੱਝੀ ਹੋਈ ਹੈ, ਕਿਉਂਕਿ ਪੰਜ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਨੂੰ ਗੁਜ਼ਾਰਿਸ਼ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਇਸ ਪਾਸੇ ਕੁਝ ਨਹੀਂ ਕੀਤਾ ਗਿਆ। -ਪੀਟੀਆਈ



Most Read

2024-09-22 16:21:51