Breaking News >> News >> The Tribune


ਸੁਪਰੀਮ ਕੋਰਟ ਨੇ ਸਿੱਧੂ ਤੋਂ ਦੋ ਹਫ਼ਤਿਆਂ ’ਚ ਜਵਾਬ ਮੰਗਿਆ


Link [2022-02-26 11:58:01]



ਨਵੀਂ ਦਿੱਲੀ, 25 ਫਰਵਰੀ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਰੀਬ 32 ਸਾਲ ਪੁਰਾਣੇ ਰੋਡ ਰੇਜ (ਸੜਕ 'ਤੇ ਤਕਰਾਰ) ਮਾਮਲੇ 'ਚ ਦਾਖ਼ਲ ਅਰਜ਼ੀ 'ਤੇ ਦੋ ਹਫ਼ਤਿਆਂ ਦੇ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਅਰਜ਼ੀ 'ਚ ਕਿਹਾ ਗਿਆ ਹੈ ਕਿ ਸਿੱਧੂ ਦੀ ਸਜ਼ਾ ਜਾਣਬੁੱਝ ਕੇ ਸੱਟ ਪਹੁੰਚਾਉਣ ਦੇ ਮਾਮਲੇ 'ਚ ਘੱਟ ਨਹੀਂ ਕੀਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ 1988 ਦੇ ਰੋਡ ਰੇਜ ਮਾਮਲੇ 'ਚ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੂੰ ਮਈ 2018 'ਚ ਦਿੱਤੀ ਗਈ ਸਜ਼ਾ ਦੀ ਸਮੀਖਿਆ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ। ਸਿਖਰਲੀ ਅਦਾਲਤ ਨੇ ਮਈ 2018 'ਚ ਸਿੱਧੂ ਨੂੰ 65 ਸਾਲਾਂ ਦੇ ਬਜ਼ੁਰਗ ਨੂੰ ਜਾਣਬੁੱਝ ਕੇ ਸੱਟ ਮਾਰਨ ਦਾ ਦੋਸ਼ੀ ਠਹਿਰਾਇਆ ਸੀ ਪਰ ਉਸ ਨੂੰ ਜੇਲ੍ਹ ਦੀ ਸਜ਼ਾ ਨਹੀਂ ਸੁਣਾਈ ਸੀ ਅਤੇ ਸਿਰਫ਼ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਸੀ। ਬਾਅਦ 'ਚ ਸਤੰਬਰ 2018 'ਚ ਸੁਪਰੀਮ ਕੋਰਟ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਖ਼ਲ ਨਜ਼ਰਸਾਨੀ ਪਟੀਸ਼ਨ ਦੀ ਜਾਂਚ ਕਰਨ 'ਤੇ ਸਹਿਮਤੀ ਜਤਾਉਂਦਿਆਂ ਨੋਟਿਸ ਜਾਰੀ ਕੀਤਾ ਸੀ।

ਜਸਟਿਸ ਏ ਐੱਮ ਖਾਨਵਿਲਕਰ ਅਤੇ ਜਸਟਿਸ ਐੱਸ ਕੇ ਕੌਲ 'ਤੇ ਆਧਾਰਿਤ ਬੈਂਚ ਸਾਹਮਣੇ ਅੱਜ ਕੇਸ ਦੀ ਸੁਣਵਾਈ ਹੋਈ। ਇਕ ਪਟੀਸ਼ਨਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੇ ਕਿਹਾ ਕਿ ਉਨ੍ਹਾਂ ਅਰਜ਼ੀ ਦਾਖ਼ਲ ਕਰਕੇ ਨੋਟਿਸ ਦਾ ਘੇਰਾ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸਿਖਰਲੀ ਅਦਾਲਤ ਦੇ ਪਹਿਲਾਂ ਦੇ ਇਕ ਫ਼ੈਸਲੇ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਜਿਹੜਾ ਵਿਅਕਤੀ ਮੌਤ ਦਾ ਕਾਰਨ ਬਣਦਾ ਹੈ, ਉਸ ਨੂੰ ਸੱਟ ਦੀ ਸ਼੍ਰੇਣੀ 'ਚ ਜੁਰਮ ਲਈ ਸਜ਼ਾ ਨਾ ਦਿੱਤੀ ਜਾ ਸਕਦੀ ਹੈ ਅਤੇ ਨਾ ਹੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ,''ਇਸ ਮਾਮਲੇ 'ਚ ਸਜ਼ਾ ਨੂੰ ਘਟਾ ਕੇ 323 (ਆਈਪੀਸੀ ਦੀ ਧਾਰਾ) ਕਰਨ ਅਤੇ ਜੁਰਮਾਨਾ ਲਗਾਉਣ ਦੀ ਬੇਨਤੀ ਕੀਤੀ ਗਈ ਹੈ।'' ਉਨ੍ਹਾਂ ਕਿਹਾ ਕਿ ਇਹ ਮੁੱਦਾ ਸਿਖਰਲੀ ਅਦਾਲਤ ਵੱਲੋਂ ਵਿਚਾਰ ਕਰਨ ਯੋਗ ਹੈ। ਆਈਪੀਸੀ ਦੀ ਧਾਰਾ 323 ਤਹਿਤ ਦੋਸ਼ੀ ਨੂੰ ਜ਼ਿਆਦਾ ਤੋਂ ਜ਼ਿਆਦਾ ਇਕ ਸਾਲ ਕੈਦ, ਇਕ ਹਜ਼ਾਰ ਰੁਪਏ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਸੁਣਾਈਆਂ ਜਾ ਸਕਦੀਆਂ ਹਨ। ਸਿੱਧੂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪੀ ਚਿਦੰਬਰਮ ਨੇ ਕਿਹਾ ਕਿ ਨਜ਼ਰਸਾਨੀ ਪਟੀਸ਼ਨ 'ਤੇ ਅਦਾਲਤ ਵੱਲੋਂ ਜਾਰੀ ਨੋਟਿਸ ਸਿਰਫ਼ ਸਜ਼ਾ ਦੀ ਮਿਆਦ ਤੱਕ ਹੀ ਸੀਮਤ ਹੈ। ਚਿਦੰਬਰਮ ਨੇ ਕਿਹਾ,''ਮੇਰੇ ਦੋਸਤ ਅੱਜ ਨਜ਼ਰਸਾਨੀ ਦਾ ਘੇਰਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਫ਼ੈਸਲੇ ਦੇ ਗੁਣ-ਦੋਸ਼ ਦੀ ਆਲੋਚਨਾ ਕਰ ਰਹੇ ਹਨ।'' ਬੈਂਚ ਨੇ ਕਿਹਾ ਕਿ ਪੂਰੇ ਮਾਮਲੇ ਦੀ ਮੁੜ ਤੋਂ ਸੁਣਵਾਈ ਦੀ ਲੋੜ ਨਹੀਂ ਹੈ ਪਰ ਉਸ ਨੂੰ ਅਰਜ਼ੀਕਾਰ ਵੱਲੋਂ ਦਾਖ਼ਲ ਪਟੀਸ਼ਨ 'ਤੇ ਵਿਚਾਰ ਕਰਨਾ ਪਵੇਗਾ। ਬੈਂਚ ਨੇ ਅਰਜ਼ੀ 'ਤੇ ਜਵਾਬ ਦਾਖ਼ਲ ਕਰਨ ਲਈ ਦੋ ਹਫ਼ਤੇ ਦਾ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਸਿੱਧੂ ਨੂੰ ਗੈਰ ਇਰਾਦਤਨ ਹੱਤਿਆ ਦਾ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਸੁਪਰੀਮ ਕੋਰਟ ਨੇ ਇਸ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਸੀ। ਪਟਿਆਲਾ ਦੇ ਸ਼ੇਰਾਂਵਾਲਾ ਗੇਟ 'ਤੇ 27 ਦਸੰਬਰ, 1988 ਨੂੰ ਜਿਪਸੀ 'ਤੇ ਸਵਾਰ ਸਿੱਧੂ ਤੇ ਉਸ ਦੇ ਦੋਸਤ ਰੁਪਿੰਦਰ ਸੰਧੂ ਦਾ ਮਾਰੂਤੀ 'ਚ ਸਵਾਰ ਗੁਰਨਾਮ ਸਿੰਘ ਨਾਲ ਝਗੜਾ ਹੋ ਗਿਆ ਸੀ। ਜਿਪਸੀ ਨੂੰ ਰਾਹ 'ਚੋਂ ਹਟਾਉਣ ਦੀ ਮੰਗ ਦੌਰਾਨ ਹੋਈ ਤਕਰਾਰ ਦੌਰਾਨ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ। -ਪੀਟੀਆਈ



Most Read

2024-09-22 16:15:59