Breaking News >> News >> The Tribune


ਯੂਪੀ ਵਿਧਾਨ ਸਭਾ ਚੋਣਾਂ: ਤੀਜੇ ਗੇੜ ਵਾਸਤੇ ਅੱਜ ਪੈਣਗੀਆਂ ਵੋਟਾਂ


Link [2022-02-20 10:14:00]



ਲਖਨਊ, 19 ਫਰਵਰੀ

ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਲਈ ਭਲਕੇ 59 ਸੀਟਾਂ 'ਤੇ ਵੋਟਾਂ ਪੈਣਗੀਆਂ। ਯੂਪੀ 'ਚ ਸੱਤ ਗੇੜਾਂ 'ਚ ਵੋਟਿੰਗ ਹੋਣੀ ਹੈ। ਅਧਿਕਾਰੀਆਂ ਮੁਤਾਬਕ ਸੂਬੇ 'ਚ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਚੋਣਾਂ ਦੇ ਇਸ ਗੇੜ ਲਈ 627 ਉਮੀਦਵਾਰ ਮੈਦਾਨ 'ਚ ਹਨ ਅਤੇ 2.15 ਕਰੋੜ ਤੋਂ ਜ਼ਿਆਦਾ ਲੋਕ ਯੋਗ ਵੋਟਰ ਹਨ। ਇਹ ਸੀਟਾਂ 16 ਜ਼ਿਲ੍ਹਿਆਂ ਹਾਥਰਸ, ਫਿਰੋਜ਼ਾਬਾਦ, ਏਟਾ, ਕਾਸਗੰਜ, ਮੈਨਪੁਰੀ, ਫਰੁਖਾਬਾਦ, ਕਨੌਜ, ਇਟਾਵਾ, ਔਰਈਆ, ਕਾਨਪੁਰ ਦੇਹਾਤ, ਕਾਨਪੁਰ ਨਗਰ, ਜਾਲੌਨ, ਝਾਂਸੀ, ਲਲਿਤਪੁਰ, ਹਮੀਰਪੁਰ ਅਤੇ ਮਹੋਬਾ 'ਚ ਹਨ।

ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਕਰਹਲ ਸੀਟ ਤੋਂ ਚੋਣ ਲੜ ਰਹੇ ਹਨ ਜਿਥੇ ਐਤਵਾਰ ਨੂੰ ਹੀ ਵੋਟਾਂ ਪੈਣਗੀਆਂ। ਭਾਜਪਾ ਨੇ ਇਸ ਹਲਕੇ ਤੋਂ ਕੇਂਦਰੀ ਮੰਤਰੀ ਐੱਸ ਪੀ ਸਿੰਘ ਬਘੇਲ ਨੂੰ ਉਤਾਰਿਆ ਹੈ। ਅਖਿਲੇਸ਼ ਦੇ ਚਾਚੇ ਸ਼ਿਵਪਾਲ ਸਿੰਘ ਯਾਦਵ (ਜਸਵੰਤਨਗਰ) ਦੀ ਕਿਸਮਤ ਵੀ ਭਲਕੇ ਈਵੀਐੱਮਜ਼ 'ਚ ਬੰਦ ਹੋ ਜਾਵੇਗੀ। ਪੰਜ ਸਾਲ ਪਹਿਲਾਂ 2017 'ਚ ਹੋਈਆਂ ਚੋਣਾਂ ਦੌਰਾਨ ਭਾਜਪਾ ਨੇ 59 'ਚੋਂ 49 ਸੀਟਾਂ ਜਿੱਤੀਆਂ ਸਨ ਜਦਕਿ ਸਮਾਜਵਾਦੀ ਪਾਰਟੀ ਨੂੰ 8 ਸੀਟਾਂ ਨਾਲ ਸਬਰ ਕਰਨਾ ਪਿਆ ਸੀ। ਕਾਂਗਰਸ ਨੂੰ ਇਕ ਅਤੇ ਬਸਪਾ ਨੂੰ ਕੋਈ ਸੀਟ ਨਹੀਂ ਮਿਲੀ ਸੀ। ਸ਼ੁੱਕਰਵਾਰ ਨੂੰ ਤੀਜੇ ਗੇੜ ਦਾ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਾਨਪੁਰ, ਕਲਪੀ, ਜਾਲੌਨ ਅਤੇ ਹਮੀਰਪੁਰ 'ਚ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਦਕਿ ਬਸਪਾ ਮੁਖੀ ਮਾਇਆਵਤੀ ਨੇ ਜਾਲੌਨ ਅਤੇ ਔਰਈਆ 'ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੇ ਆਪਣੇ ਪੁੱਤਰ ਅਖਿਲੇਸ਼ ਯਾਦਵ ਲਈ ਕਰਹਲ ਤੋਂ ਵੋਟਾਂ ਮੰਗੀਆਂ ਸਨ। ਭਾਜਪਾ ਨੇ ਚੋਣ ਕਮਿਸ਼ਨ ਦਾ ਰੁਖ ਕਰਕੇ ਕਰਹਲ ਦੇ ਸਾਰੇ ਬੂਥਾਂ 'ਤੇ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ ਮੰਗੀ ਹੈ। ਇਸ ਗੇੜ 'ਚ ਭਾਜਪਾ ਦੇ ਸਤੀਸ਼ ਮਹਾਨਾ (ਮਹਾਰਾਜਪੁਰ), ਰਾਮਵੀਰ ਉਪਾਧਿਆਏ (ਸਦਾਬਾਦ), ਸਾਬਕਾ ਆਈਪੀਐੱਸ ਅਧਿਕਾਰੀ ਅਸੀਮ ਅਰੁਣ (ਕਨੌਜ ਸਦਰ), ਮੰਤਰੀ ਰਾਮਨਰੇਸ਼ ਅਗਨੀਹੋਤਰੀ ਅਤੇ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਦੀ ਪਤਨੀ ਲੂਈਸ ਖੁਰਸ਼ੀਦ (ਫਰੂਖਾਬਾਦ ਸਦਰ) ਵੀ ਚੋਣ ਮੈਦਾਨ 'ਚ ਹਨ। -ਪੀਟੀਆਈ

ਲਖੀਮਪੁਰ ਦੀ ਘਟਨਾ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਬਰਾਬਰ: ਅਖਿਲੇਸ਼

ਲਖੀਮਪੁਰ/ਪੀਲੀਭੀਤ, 19 ਫਰਵਰੀ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਲਖੀਮਪੁਰ ਖੀਰੀ ਵਿਚ ਵਾਹਨਾਂ ਹੇਠ ਦਰੜ ਕੇ ਕਿਸਾਨਾਂ ਦੀਆਂ ਕੀਤੀਆਂ ਹੱਤਿਆਵਾਂ ਦੀ ਤੁਲਨਾ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਨਾਲ ਕੀਤੀ ਹੈ।

ਅਖਿਲੇਸ਼ ਨੇ ਕਿਹਾ ਕਿ ਸਪਾ ਦੇ ਸੱਤਾ ਵਿਚ ਆਉਣ 'ਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਕੇਸ ਵਿਚ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਹਾਲ ਹੀ ਵਿਚ ਜ਼ਮਾਨਤ ਮਿਲ ਗਈ ਸੀ। ਪੀਲੀਭੀਤ ਤੇ ਲਖੀਮਪੁਰ ਖੀਰੀ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਯਾਦਵ ਨੇ ਕਿਹਾ ਕਿ ਜਿਨ੍ਹਾਂ ਨੂੰ ਇਸ ਕੇਸ ਵਿਚ ਜ਼ਮਾਨਤ ਮਿਲੀ ਹੈ, ਚੋਣਾਂ ਮਗਰੋਂ ਉਨ੍ਹਾਂ ਦੀਆਂ ਜ਼ਮਾਨਤਾਂ ਲੋਕਾਂ ਦੀ ਕਚਹਿਰੀ ਵਿਚ ਜ਼ਬਤ ਹੋ ਜਾਣਗੀਆਂ।

ਤਰਾਈ ਖੇਤਰ ਵਿਚ ਯਾਦਵ ਨੇ ਗੰਨੇ ਦੇ ਬਕਾਏ ਬਾਰੇ ਬੋਲਦਿਆਂ ਕਿਹਾ ਕਿ ਸੱਤਾ ਵਿਚ ਪਰਤਣ 'ਤੇ ਉਨ੍ਹਾਂ ਦੀ ਪਾਰਟੀ ਖਰੀਦ ਦੇ 15 ਦਿਨਾਂ ਦੇ ਅੰਦਰ ਅਦਾਇਗੀ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਦੌਰਾਨ ਕਿਸਾਨਾਂ ਨੂੰ ਦਬਾਇਆ। ਭਾਜਪਾ ਸਰਕਾਰ ਨੇ ਕਿਸਾਨ ਅੰਦੋਲਨ ਖ਼ਿਲਾਫ਼ ਹਰ ਤਰ੍ਹਾਂ ਦੀ ਤਾਕਤ ਵਰਤੀ। ਉਨ੍ਹਾਂ ਦਿੱਲੀ ਦੀਆਂ ਹੱਦਾਂ ਉਤੇ ਠੋਕੀਆਂ ਕਿੱਲਾਂ ਤੇ ਬੈਰੀਕੇਡਾਂ ਦਾ ਜ਼ਿਕਰ ਕੀਤਾ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਨੇ ਸਿਰਫ਼ ਵੋਟਾਂ ਖਾਤਰ ਖੇਤੀ ਕਾਨੂੰਨ ਵਾਪਸ ਲਏ ਹਨ ਤੇ ਉਹ ਇਨ੍ਹਾਂ ਨੂੰ ਮੁੜ ਲੈ ਆਵੇਗੀ। ਉਨ੍ਹਾਂ ਮਹਿੰਗਾਈ ਦੇ ਮੁੱਦੇ ਉਤੇ ਵੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਇਆ। -ਪੀਟੀਆਈ



Most Read

2024-09-22 18:39:58