Breaking News >> News >> The Tribune


ਕਾਂਗਰਸ ਵੱਲੋਂ ਦਿੱਲੀ ’ਚ ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ


Link [2022-02-20 10:14:00]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 19 ਫਰਵਰੀ

ਕਾਂਗਰਸ ਦੇ ਯੂਥ ਵਿੰਗ ਨੇ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਵਿੱਚ ਵੱਖਵਾਦੀਆਂ ਨਾਲ ਸਬੰਧ ਹੋਣ ਦੇ ਦੋਸ਼ਾਂ ਨੂੰ ਲੈ ਕੇ ਇੱਥੇ ਉਨ੍ਹਾਂ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ। ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਲਈ ਮੁੱਖ ਚੁਣੌਤੀ ਬਣ ਕੇ ਉਭਰੀ ਹੈ ਜਿੱਥੇ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਵੋਟਿੰਗ ਹੋਣੀ ਹੈ। ਕੇਜਰੀਵਾਲ ਕਾਂਗਰਸ ਅਤੇ ਭਾਜਪਾ ਦੇ ਨਿਸ਼ਾਨੇ 'ਤੇ ਹਨ ਜਿਨ੍ਹਾਂ 'ਆਪ' ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਵੱਲੋਂ ਕੇਜਰੀਵਾਲ 'ਤੇ ਪੰਜਾਬ ਵਿਚ ਵੱਖਵਾਦੀਆਂ ਦੀ ਹਮਾਇਤ ਕਰਨ ਦੇ ਲਾਏ ਗਏ ਦੋਸ਼ਾਂ 'ਤੇ ਸਵਾਲ ਚੁੱਕੇ ਹਨ। ਕੇਜਰੀਵਾਲ ਨੇ ਇਨ੍ਹਾਂ ਦੋਸ਼ਾਂ ਨੂੰ 'ਹਾਸੋਹੀਣਾ' ਦੱਸਦਿਆਂ ਰੱਦ ਕੀਤਾ ਹੈ ਅਤੇ ਕਿਹਾ ਕਿ ਦੇਸ਼ ਦੇ 'ਭ੍ਰਿਸ਼ਟਾਚਾਰੀਆਂ' ਨੇ ਉਨ੍ਹਾਂ (ਕੇਜਰੀਵਾਲ) ਵਿਰੁੱਧ ਹੱਥ ਮਿਲਾਇਆ ਹੈ। ਕੇਜਰੀਵਾਲ ਅਤੇ 'ਆਪ' ਵਿਰੁੱਧ ਨਾਅਰੇਬਾਜ਼ੀ ਕਰਦਿਆਂ ਭਾਰਤੀ ਯੂਥ ਕਾਂਗਰਸ ਦੇ ਪ੍ਰਦਰਸ਼ਨਕਾਰੀਆਂ ਨੇ ਚੰਦਗੀਰਾਮ ਅਖਾੜੇ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਮਾਰਚ ਕੀਤਾ। ਰਾਹ 'ਚ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਹੱਥਾਂ ਵਿੱਚ ਤਖ਼ਤੀਆਂ ਅਤੇ ਝੰਡੇ ਲੈ ਕੇ ਕਾਂਗਰਸੀ ਵਰਕਰ ਕੇਜਰੀਵਾਲ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਆਪਣੇ ਆਪ ਨੂੰ ਦੇਸ਼ਭਗਤ ਦੱਸਣ ਵਾਲੇ ਅਰਵਿੰਦ ਕੇਜਰੀਵਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੱਡਾ ਖਤਰਾ ਹਨ ਕਿਉਂਕਿ ਉਹ ਦੇਸ਼ ਨੂੰ ਤੋੜ ਦੇਣਗੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ ਪ੍ਰਸ਼ਾਸਨ ਦਾ ਨਾਅਰਾ ਦੇਣ ਵਾਲੇ ਅਰਵਿੰਦ ਕੇਜਰੀਵਾਲ ਦੇ 80 ਫੀਸਦੀ ਮੰਤਰੀ ਅਤੇ 50 ਫੀਸਦੀ ਵਿਧਾਇਕ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੂਰਬੀ ਦਿੱਲੀ ਨਗਰ ਨਿਗਮ ਦੇ ਕੌਂਸਲਰ ਨੂੰ ਸੀਬੀਆਈ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ, ਜਿਸ ਕਾਰਨ ਸਪੱਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਨੂੰ ਭ੍ਰਿਸ਼ਟਾਚਾਰ ਅਤੇ ਵਿਦੇਸ਼ਾਂ ਤੋਂ ਗੈਰ-ਕਾਨੂੰਨੀ ਫੰਡਾਂ ਨਾਲ ਚਲਾ ਰਹੇ ਹਨ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਅਤਿ ਆਧੁਨਿਕ ਕਲਾਸ ਰੂਮ ਬਣਾਉਣ ਵਿੱਚ ਵੱਡਾ ਭ੍ਰਿਸ਼ਟਾਚਾਰ ਕੀਤਾ ਹੈ। ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਨੇ ਕਿਹਾ ਕਿ ਹਰ ਕੋਈ ਚਾਹੁੰਦਾ ਹੈ ਕਿ ਕੇਜਰੀਵਾਲ ਦੋਸ਼ਾਂ ਦਾ ਜਵਾਬ ਦੇਣ।



Most Read

2024-09-22 18:21:06