World >> The Tribune


ਰੂਸ ਨੇ ਯੂਕਰੇਨ ਉੱਤੇ ਹਮਲਾ ਕਰਨ ਦਾ ਫ਼ੈਸਲਾ ਲਿਆ: ਬਾਇਡਨ


Link [2022-02-20 09:33:08]



ਵਾਸ਼ਿੰਗਟਨ, 19 ਫਰਵਰੀ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਹੁਣ ਯਕੀਨ ਹੋ ਗਿਆ ਹੈ, ਤੇ ਯਕੀਨ ਕਰਨ ਦੇ ਕਈ ਕਾਰਨ ਵੀ ਹਨ, ਕਿ ਯੂਕਰੇਨ ਉਤੇ ਰੂਸ ਹਮਲਾ ਕਰੇਗਾ। ਉਨ੍ਹਾਂ ਕਿਹਾ ਕਿ ਰੂਸ ਨੇ ਫ਼ੈਸਲਾ ਲੈ ਲਿਆ ਹੈ ਤੇ ਅਗਲੇ ਹਫ਼ਤੇ ਇਹ ਰਾਜਧਾਨੀ ਕੀਵ ਉਤੇ ਵੀ ਹੱਲਾ ਬੋਲੇਗਾ।

ਉਨ੍ਹਾਂ ਕਿਹਾ ਕਿ ਜੇ ਰੂਸ ਨੇ ਅਜਿਹਾ ਕੀਤਾ ਤਾਂ ਉਹ 'ਤਬਾਹਕੁਨ ਤੇ ਬੋਲੇੜੀ ਜੰਗ ਦੀ ਚੋਣ' ਕਰਨ ਲਈ ਇਕੱਲਾ ਜ਼ਿੰਮੇਵਾਰ ਹੋਵੇਗਾ। ਦੱਸਣਯੋਗ ਹੈ ਕਿ ਇਸ ਗੱਲ ਦਾ ਡਰ ਵਧਦਾ ਜਾ ਰਿਹਾ ਹੈ ਕਿ ਰੂਸ, ਯੂਕਰੇਨ ਉਤੇ ਹਮਲਾ ਕਰ ਕੇ ਮੁਲਕ ਵਿਚ ਦਾਖਲ ਹੋ ਸਕਦਾ ਹੈ ਜਦਕਿ ਰੂਸ ਵਾਰ-ਵਾਰ ਇਸ ਤੋਂ ਇਨਕਾਰ ਕਰਦਾ ਰਿਹਾ ਹੈ। ਵਾਈਟ ਹਾਊਸ ਦੇ ਰੂਜ਼ਵੈਲਟ ਹਾਊਸ ਤੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਇਡਨ ਨੇ ਅੱਜ ਕਿਹਾ ਕਿ ਅਮਰੀਕਾ ਹਰ ਉਸ ਕਾਰਨ ਨੂੰ ਖ਼ਤਮ ਕਰਨ ਲਈ ਪੂਰਾ ਜ਼ੋਰ ਲਾ ਰਿਹਾ ਹੈ ਜਿਨ੍ਹਾਂ ਦਾ ਹਵਾਲਾ ਦੇ ਕੇ ਰੂਸ ਆਪਣੇ ਹਮਲੇ ਨੂੰ ਜਾਇਜ਼ ਠਹਿਰਾ ਸਕਦਾ ਹੈ। ਰੂਸ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਹੋ ਰਹੀ ਹੈ। ਬਾਇਡਨ ਨੇ ਕਿਹਾ, 'ਅਸੀਂ ਮੰਨਦੇ ਹਾਂ ਕਿ ਉਹ 28 ਲੱਖ ਦੀ ਆਬਾਦੀ ਵਾਲੀ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਨਿਸ਼ਾਨਾ ਬਣਾਉਣਗੇ।'

ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਇਸ ਦੇ ਨਾਟੋ ਵਿਚਲੇ ਸਹਿਯੋਗੀ ਆਪਣੇ ਖੇਤਰ ਦੇ ਇਕ-ਇਕ ਇੰਚ ਦੀ ਰਾਖੀ ਲਈ ਪੂਰੇ ਤਿਆਰ ਹਨ। ਬਾਇਡਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਯੂਕਰੇਨ ਵਿਚ ਜੰਗ ਲਈ ਆਪਣੀ ਸੈਨਾ ਭੇਜਣਗੇ ਪਰ ਇਹ ਜ਼ਰੂਰ ਕਿਹਾ ਕਿ ਉਹ ਯੂਕਰੇਨ ਦੇ ਲੋਕਾਂ ਦੀ ਮਦਦ ਜਾਰੀ ਰੱਖਣਗੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇਸ਼ ਛੱਡਣ ਜਾਂ ਨਾ ਛੱਡਣ ਬਾਰੇ ਫ਼ੈਸਲਾ ਆਪਣੀ ਮਰਜ਼ੀ ਨਾਲ ਲੈ ਸਕਦੇ ਹਨ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦਰਜਨ ਤੋਂ ਵੱਧ ਵਾਰ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਹੈ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਨੇ ਵਲਾਦੀਮੀਰ ਪੂਤਿਨ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ। ਅਮਰੀਕਾ ਤੇ ਸਾਥੀ ਮੁਲਕ ਯੂਕਰੇਨ ਦਾ ਸਾਥ ਦੇਣਗੇ, ਰੂਸ ਨੂੰ ਉਸ ਦੇ ਕੀਤੇ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਪੱਛਮੀ ਮੁਲਕ ਇਕਜੁੱਟ ਹਨ ਤੇ ਅਹਿਦ ਕੀਤਾ ਹੈ ਕਿ ਰੂਸ ਨੇ ਜੇ ਹੋਰ ਜ਼ਿਆਦਾ ਯੂਕਰੇਨ ਵਿਚ ਘੁਸਪੈਠ ਕੀਤੀ ਤਾਂ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਜਾਣਗੀਆਂ। ਬਾਇਡਨ ਨੇ ਨਾਲ ਹੀ ਕਿਹਾ ਕਿ ਉਹ ਹਾਲੇ ਵੀ ਰੂਸ ਨੂੰ ਕੂਟਨੀਤੀ ਦਾ ਰਾਹ ਚੁਣਨ ਲਈ ਕਹਿੰਦੇ ਹਨ। ਹਾਲੇ ਵੀ ਦੇਰ ਨਹੀਂ ਹੋਈ ਤੇ ਸੰਵਾਦ ਲਈ ਮੇਜ਼ ਉਤੇ ਬੈਠਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦਰਮਿਆਨ ਮੁਲਾਕਾਤ 24 ਨੂੰ ਹੋਣੀ ਹੈ ਪਰ ਬਾਇਡਨ ਨੇ ਕਿਹਾ ਕਿ ਜੇ ਇਸ ਤੋਂ ਪਹਿਲਾਂ ਰੂਸ ਨੇ ਹਮਲਾ ਕੀਤਾ ਤਾਂ ਕੂਟਨੀਤੀ ਦੇ ਦਰਵਾਜ਼ੇ ਬੰਦ ਹੋ ਜਾਣਗੇ। ਰੂਸ ਨੇ ਸ਼ੁੱਕਰਵਾਰ ਪ੍ਰਮਾਣੂ ਸ਼ਕਤੀ ਦੇ ਅਭਿਆਸ ਦਾ ਐਲਾਨ ਵੀ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜੇ ਜੰਗ ਲੱਗੀ ਤਾਂ ਨਤੀਜੇ ਭਿਆਨਕ ਹੋਣਗੇ, ਕੂਟਨੀਤੀ ਦਾ ਕੋਈ ਬਦਲ ਨਹੀਂ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਦੀਆਂ ਹੱਦਾਂ 'ਤੇ ਰੂਸ ਦੇ ਡੇਢ ਲੱਖ ਤੋਂ ਵੱਧ ਸੈਨਿਕ ਹਨ। -ਪੀਟੀਆਈ

ਰੂਸ ਪੱਖੀ ਵੱਖਵਾਦੀ ਆਗੂਆਂ ਨੂੰ ਯੂਕਰੇਨੀ ਬਲਾਂ ਵੱਲੋਂ ਹਮਲੇ ਦਾ ਖ਼ਦਸ਼ਾ

ਕੀਵ: ਯੂਕਰੇਨ ਦੇ ਵੱਖਵਾਦੀ ਆਗੂਆਂ ਨੇ ਵੀ ਮੁਲਕ ਦੇ ਪੂਰਬੀ ਹਿੱਸੇ ਵਿਚ ਪੂਰੀ ਸੈਨਾ ਜਮ੍ਹਾਂ ਕਰ ਦਿੱਤੀ ਹੈ। ਗੜਬੜ ਵਾਲੇ ਇਸ ਖੇਤਰ ਵਿਚ ਹਿੰਸਾ ਵਧੀ ਹੈ। ਪੱਛਮੀ ਮੁਲਕਾਂ ਦਾ ਮੰਨਣਾ ਹੈ ਕਿ ਰੂਸ ਇਸ ਗੜਬੜੀ ਨੂੰ ਹਮਲਾ ਕਰਨ ਲਈ ਬਹਾਨਾ ਬਣਾ ਸਕਦਾ ਹੈ। ਦੱਸਣਯੋਗ ਹੈ ਕਿ ਯੂਕਰੇਨ ਦੇ ਡੋਨੇਸਕ ਖੇਤਰ ਵਿਚ ਰੂਸ ਪੱਖੀ ਸਰਕਾਰ ਚੱਲ ਰਹੀ ਹੈ। ਲੁਹਾਂਸਕ ਖੇਤਰ ਵਿਚ ਵੀ ਇਸੇ ਤਰ੍ਹਾਂ ਦਾ ਐਲਾਨ ਹੋਇਆ ਹੈ ਤੇ ਉੱਥੇ ਵੀ ਵੱਖਵਾਦੀ ਸਰਕਾਰ ਹੈ। ਉੱਥੋਂ ਦੇ ਆਗੂਆਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਯੂਕਰੇਨੀ ਬਲ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਵੱਖਵਾਦੀ ਤੇ ਯੂਕਰੇਨੀ ਬਲ ਪਿਛਲੇ ਕਰੀਬ ਅੱਠ ਸਾਲਾਂ ਤੋਂ ਲੜ ਰਹੇ ਹਨ। -ਏਪੀ



Most Read

2024-09-21 08:36:58