Sport >> The Tribune


ਭਾਰਤੀ ਟੈਸਟ ਟੀਮ ਦੀ ਕਮਾਂਡ ਵੀ ਰੋਹਿਤ ਦੇ ਹਵਾਲੇ


Link [2022-02-20 06:14:20]



ਨਵੀਂ ਦਿੱਲੀ, 19 ਫਰਵਰੀ

ਰੋਹਿਤ ਸ਼ਰਮਾ ਨੂੰ ਆਸ ਅਨੁਸਾਰ ਅੱਜ ਭਾਰਤੀ ਟੈਸਟ ਕ੍ਰਿਕਟ ਟੀਮ ਦੀ ਕਪਤਾਨੀ ਵੀ ਸੌਂਪ ਦਿੱਤੀ ਗਈ ਹੈ ਜਦਕਿ ਪਿਛਲੇ ਲੰਬੇ ਸਮੇਂ ਤੋਂ ਮੱਧਕ੍ਰਮ ਦੇ ਪ੍ਰਮੁੱਖ ਥੰਮ੍ਹ ਰਹੇ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਨੂੰ ਲਗਾਤਾਰ ਮਾੜੇ ਪ੍ਰਦਰਸ਼ਨ ਕਰ ਕੇ ਅੱਜ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੀ ਟੈਸਟ ਲੜੀ ਦੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

ਸੀਮਿਤ ਓਵਰਾਂ ਦੇ ਕਪਤਾਨ ਰੋਹਿਤ ਨੂੰ ਟੈਸਟ ਟੀਮ ਦੀ ਕਮਾਂਡ ਮਿਲਣਾ ਤੈਅ ਸੀ ਪਰ ਕੌਮੀ ਚੋਣ ਕਮੇਟੀ ਦੇ ਪ੍ਰਧਾਨ ਚੇਤਨ ਸ਼ਰਮਾ ਨੇ ਇਸ ਦਾ ਅਧਿਕਾਰਤ ਐਲਾਨ ਕਰ ਕੇ ਸਪੱਸ਼ਟ ਕਰ ਦਿੱਤਾ ਕਿ ਪਹਿਲਾਂ ਵਾਂਗ ਕ੍ਰਿਕਟ ਦੇ ਤਿੰਨੋਂ ਰੂਪਾਂ ਦੀ ਕਪਤਾਨੀ ਇਕ ਹੀ ਖਿਡਾਰੀ ਦੇ ਹੱਥਾਂ ਵਿਚ ਰਹੇਗੀ, ਜਿਸ ਦੇ ਰਹਿੰਦੇ ਹੋਏ ਭਵਿੱਖ ਦਾ ਕਪਤਾਨ ਤਿਆਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ।

ਸ਼ਰਮਾ ਨੇ ਵਰਚੁਅਲ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ, ''ਕੇ.ਐੱਲ. ਰਾਹੁਲ, ਰਿਸ਼ਭ ਪੰਤ ਅਤੇ ਜਸਪ੍ਰੀਤ ਬੁਮਰਾਹ ਨੂੰ ਰੋਹਿਤ ਦੀ ਅਗਵਾਈ ਵਿਚ ਭਵਿੱਖ ਦੇ ਕਪਤਾਨ ਵਜੋਂ ਤਿਆਰੀ ਕੀਤਾ ਜਾਵੇਗਾ।'' ਰੋਹਿਤ ਦੇ ਨਾਲ ਹਾਲੇ ਬੁਮਰਾਹ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ ਕਿਉਂਕਿ ਰਾਹੁਲ ਜ਼ਖ਼ਮੀ ਹੋਣ ਕਾਰਨ ਸ੍ਰੀਲੰਕਾ ਖ਼ਿਲਾਫ਼ ਟੀ20 ਅਤੇ ਟੈਸਟ ਲੜੀ ਵਿਚ ਨਹੀਂ ਖੇਡ ਸਕੇਗਾ। ਉਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਵੀ ਇਨ੍ਹਾਂ ਲੜੀਆਂ ਵਿਚ ਨਹੀਂ ਖੇਡ ਸਕੇਗਾ ਜਦਕਿ ਤੇਜ਼ ਗੇਂਦਬਾਜ਼ ਸ਼ਰਦੁੱਲ ਠਾਕੁਰ ਨੂੰ ਆਰਾਮ ਦਿੱਤਾ ਗਿਆ ਹੈ। ਚੋਣ ਕਮੇਟੀ ਨੇ ਇਸ ਦੇ ਨਾਲ ਹੀ ਸੀਨੀਅਰ ਬੱਲੇਬਾਜ਼ ਪੁਜਾਰਾ ਅਤੇ ਰਹਾਣੇ, ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਨੂੰ ਬਾਹਰ ਕਰ ਕੇ ਸਖ਼ਤ ਪਰ ਆਸ ਮੁਤਾਬਕ ਫ਼ੈਸਲਾ ਲਿਆ। ਸ੍ਰੀਲੰਕਾ ਦਾ ਦੌਰਾ 24 ਫਰਵਰੀ ਤੋਂ ਤਿੰਨ ਟੀ20 ਮੈਚਾਂ ਦੀ ਲੜੀ ਨਾਲ ਸ਼ੁਰੂ ਹੋਵੇਗਾ, ਜਿਸ ਮਗਰੋਂ 4 ਮਾਰਚ ਤੋਂ ਦੋ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ। ਉੱਤਰ ਪ੍ਰਦੇਸ਼ ਦਾ ਖੱਬੇ ਹੱਥ ਦਾ ਸਪਿੰਨਰ ਸੌਰਭ ਕੁਮਾਰ 18 ਮੈਂਬਰੀ ਟੀਮ ਵਿਚ ਸ਼ਾਮਲ ਇੱਕਮਾਤਰ ਨਵਾਂ ਚਿਹਰਾ ਹੈ। ਚੋਣ ਕਮੇਟੀ ਨੇ ਟੀ20 ਲੜੀ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਨੂੰ ਆਰਾਮ ਦੇਣ ਦਾ ਫ਼ੈਸਲਾ ਲਿਆ। ਰਵੀਚੰਦਰਨ ਅਸ਼ਵਿਨ ਜੇਕਰ ਫਿੱਟ ਹੁੰਦਾ ਹੈ ਤਾਂ ਉਹ ਖੇਡੇਗਾ ਜਦਕਿ ਅਕਸ਼ਰ ਪਟੇਲ ਦੂਜੇ ਟੈਸਟ ਮੈਚ ਲਈ ਫਿੱਟ ਹੋ ਜਾਵੇਗਾ। ਸ਼ਰਮਾ ਨੇ ਕਿਹਾ, ''ਚੋਣ ਕਮੇਟੀ ਨੇ ਰਹਾਣੇ ਅਤੇ ਪੁਜਾਰਾ ਦੇ ਨਾਮ 'ਤੇ ਕਾਫੀ ਚਰਚਾ ਕੀਤੀ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਸ੍ਰੀਲੰਕਾ ਖ਼ਿਲਾਫ਼ ਲੜੀ ਲਈ ਉਨ੍ਹਾਂ ਦੇ ਨਾਂ 'ਤੇ ਵਿਚਾਰ ਨਹੀਂ ਕਰ ਰਹੇ ਹਾਂ, ਪਰ ਉਨ੍ਹਾਂ ਲਈ ਬੂਹੇ ਬੰਦ ਨਹੀਂ ਹੋਏ ਹਨ। ਅਸੀਂ ਉਨ੍ਹਾਂ ਨੂੰ ਰਣਜੀ ਟਰਾਫੀ ਵਿਚ ਖੇਡਣ ਦੀ ਸਲਾਹ ਦਿੱਤੀ ਹੈ।'' -ਪੀਟੀਆਈ

ਟੀਮ ਇਸ ਤਰ੍ਹਾਂ ਹੈ:-

ਭਾਰਤੀ ਟੈਸਟ ਟੀਮ: ਰੋਹਿਤ ਸ਼ਰਮਾ (ਕਪਤਾਨ), ਮਯੰਕ ਅਗਰਵਾਲ, ਪ੍ਰਿਆਂਕ ਪਾਂਚਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਹਨੁਮਾ ਵਿਹਾਰੀ, ਸ਼ੁਭਮਨ ਗਿੱਲ, ਰਿਸ਼ਭ ਪੰਤ, ਕੇ.ਐੱਸ. ਭਰਤ, ਆਰ ਅਸ਼ਵਿਨ (ਫਿਟਨੈੱਸ 'ਤੇ ਨਿਰਭਰ), ਰਵਿੰਦਰ ਜਡੇਜਾ, ਜਯੰਤ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ ਅਤੇ ਸੌਰਭ ਕੁਮਾਰ।

ਭਾਰਟੀ ਟੀ20 ਟੀਮ: ਰੋਹਿਤ ਸ਼ਰਮਾ (ਕਪਤਾਨ), ਰੁਤੂਰਾਜ ਗਾਇਕਵਾੜ, ਇਸ਼ਾਨ ਕਿਸ਼ਨ, ਸੂਰਿਆ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਜਸਪ੍ਰੀਤ ਬੁਮਰਾਹ (ਉਪ ਕਪਤਾਨ), ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਸੰਜੂ ਸੈਮਸਨ, ਯੁਜਵੇਂਦਰ ਚਹਿਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਰਵੀ ਬਿਸ਼ਨੋਈ ਤੇ ਅਵੇਸ਼ ਖੰਨਾ।



Most Read

2024-09-20 11:53:28