World >> The Tribune


ਪੂਰਬੀ ਯੂਕਰੇਨ ਵਿਚ ਗੋਲਾਬਾਰੀ, ਸੇਵਾਵਾਂ ਠੱਪ ਤੇ ਡਰ ਦਾ ਮਾਹੌਲ


Link [2022-02-19 09:53:39]



ਕੀਵ (ਯੂਕਰੇਨ), 18 ਫਰਵਰੀ

ਪੂਰਬੀ ਯੂਕਰੇਨ ਵਿਚ ਮੂਹਰਲੇ ਖੇਤਰਾਂ 'ਚ ਸੈਂਕੜੇ ਦੀ ਗਿਣਤੀ ਵਿਚ ਬੰਬ ਡਿੱਗੇ, ਜਿਸ ਕਾਰਨ ਜ਼ਰੂਰੀ ਸੇਵਾਵਾਂ ਠੱਪ ਹੋ ਗਈਆਂ। ਇਸ ਦੌਰਾਨ ਜੰਗਬੰਦੀ ਦੀ ਨਿਗਰਾਨੀ ਕਰ ਰਹੇ ਡਰੋਨ ਆਪਣੀਆਂ ਦਿਸ਼ਾਵਾਂ ਤੋਂ ਭਟਕ ਗਏ ਕਿਉਂਕਿ ਜੀਪੀਐੱਸ ਸਿਗਨਲ ਜਿਨ੍ਹਾਂ 'ਤੇ ਭਰੋਸਾ ਕਰ ਕੇ ਉਹ ਚੱਲਦੇ ਹਨ, ਜਾਮ ਹੋ ਚੁੱਕੇ ਸਨ ਅਤੇ ਮੋਬਾਈਲ ਫੋਨਾਂ ਦਾ ਨੈੱਟਵਰਕ ਵੀ ਚਲਾ ਗਿਆ ਸੀ।

ਸ਼ਾਂਤੀ ਬਹਾਲ ਰੱਖਣ ਲਈ ਕੰਮ ਕਰਦੇ ਕੌਮਾਂਤਰੀ ਨਿਗਰਾਨਾਂ ਦੇ ਇਕ ਸਮੂਹ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਅੰਦਰ 500 ਤੋਂ ਵੱਧ ਧਮਾਕੇ ਹੋਏ। ਇਹ ਧਮਾਕੇ ਜ਼ਮੀਨ ਦੇ ਉਸ ਹਿੱਸੇ 'ਤੇ ਹੋਏ ਜਿੱਥੇ ਕਿ ਰੂਸ ਪੱਖੀ ਵੱਖਵਾਦੀ ਪਿਛਲੇ ਕਈ ਸਾਲਾਂ ਤੋਂ ਯੂਕਰੇਨ ਸਰਕਾਰ ਦੇ ਬਲਾਂ ਖ਼ਿਲਾਫ਼ ਲੜਦੇ ਆ ਰਹੇ ਹਨ। ਵਿਸ਼ਵ ਯੂਕਰੇਨ ਦੀ ਸਰਹੱਦ ਨੇੜੇ ਇਕੱਠੇ ਹੋ ਰਹੇ ਰੂਸੀ ਸੈਨਿਕਾਂ ਨੂੰ ਸਾਵਧਾਨੀ ਨਾਲ ਦੇਖ ਰਿਹਾ ਹੈ ਕਿ ਉਹ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ। ਪੱਛਮੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਦੇ ਅਸਥਿਰ ਪੂਰਬੀ ਹਿੱਸੇ ਤੋਂ ਜੰਗ ਸ਼ੁਰੂ ਹੋ ਸਕਦੀ ਹੈ। ਹਾਲ ਦੇ ਹਫ਼ਤਿਆਂ ਵਿਚ ਅਮਰੀਕਾ ਕਈ ਵਾਰ ਕਹਿ ਚੁੱਕਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਟਕਰਾਅ ਰੂਸ ਨੂੰ ਸਰਹੱਦ ਟੱਪਣ ਦਾ ਬਹਾਨਾ ਦੇ ਸਕਦਾ ਹੈ।

ਵੀਰਵਾਰ ਨੂੰ ਹੋਏ ਧਮਾਕਿਆਂ ਨਾਲ ਸਟੈਨੀਤਸੀਆ ਲੁਹਾਂਸਕਾ ਪਿੰਡ ਵਿਚ ਕਾਫੀ ਨੁਕਸਾਨ ਹੋਇਆ। ਇਸ ਦੌਰਾਨ ਇਕ ਬੰਬ ਇਕ ਕਿੰਡਰਗਾਰਟਨ ਸਕੂਲ ਵਿਚ ਜਾ ਡਿੱਗਿਆ, ਜਿਸ ਨਾਲ ਸਕੂਲ ਦੀ ਕੰਧ ਟੁੱਟ ਗਈ।

ਇਸ ਤੋਂ ਇਲਾਵਾ ਹੋਰ ਬੰਬ ਸਕੂਲ ਦੇ ਵਿਹੜੇ ਵਿਚ ਡਿੱਗੇ। ਇਸ ਦੌਰਾਨ ਨੇੜਲੇ ਕਈ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਸਕੂਲ ਦੀ ਡਾਇਰੈਕਟਰ ਓਲੈਨਾ ਯਾਰਯਨਾ ਨੇ ਕਿਹਾ, ''ਅਸੀਂ ਸ਼ੀਸ਼ੇ ਟੁੱਟਣ ਦੀ ਆਵਾਜ਼ ਸੁਣੀ। ਬੱਚੇ ਡਰ ਗਏ। ਕੁਝ ਬੱਚਿਆਂ ਨੇ ਚੀਕ-ਚਿਹਾੜਾ ਪਾ ਦਿੱਤਾ। ਲਗਾਤਾਰ 20 ਮਿੰਟਾਂ ਤੱਕ ਧਮਾਕੇ ਹੁੰਦੇ ਰਹੇ।''

ਇਸ ਦੌਰਾਨ ਤਿੰਨ ਲੋਕ ਜ਼ਖ਼ਮੀ ਹੋ ਗਏ ਅਤੇ ਅੱਧੇ ਪਿੰਡ ਦੀ ਬਿਜਲੀ ਸਪਲਾਈ ਚਲੀ ਗਈ। ਯੂਕਰੇਨ ਫ਼ੌਜ ਦੇ ਇਕ ਕਮਾਂਡਰ ਓਲੈਕਸਾਂਦਰ ਪੈਵਲਿਊਕ ਨੇ ਕਿਹਾ ਕਿ ਇਹ ਧਮਾਕੇ ਜਵਾਬੀ ਕਾਰਵਾਈ ਕਰਨ ਲਈ ਭੜਕਾਉਣ ਵਾਸਤੇ ਕੀਤੇ ਗਏ ਸਨ। -ਏਪੀ



Most Read

2024-09-21 08:35:56