World >> The Tribune


ਰੂਸ ਕਰੇਗਾ ਵਿਸ਼ਾਲ ਪਰਮਾਣੂ ਮਸ਼ਕਾਂ


Link [2022-02-19 09:53:39]



ਮਾਸਕੋ, 18 ਫਰਵਰੀ

ਰੂਸੀ ਫ਼ੌਜ ਨੇ ਅੱਜ ਐਲਾਨ ਕੀਤਾ ਹੈ ਕਿ ਉਸ ਦੇ ਰਣਨੀਤਕ ਬਲਾਂ ਵੱਲੋਂ ਵੱਡੀ ਪੱਧਰ 'ਤੇ ਪਰਮਾਣੂ ਮਸ਼ਕਾਂ ਕੀਤੀਆਂ ਜਾਣਗੀਆਂ। ਇਹ ਐਲਾਨ ਰੂਸ ਵੱਲੋਂ ਯੂਕਰੇਨ 'ਤੇ ਹਮਲਾ ਕੀਤੇ ਜਾਣ ਦੇ ਪੱਛਮੀ ਦੇਸ਼ਾਂ ਦੇ ਡਰ ਵਿਚਾਲੇ ਦੇਸ਼ ਦੀ ਪਰਮਾਣੂ ਸ਼ਕਤੀ ਦੀ ਯਾਦ ਦਿਵਾਉਣ ਲਈ ਕੀਤਾ ਗਿਆ ਹੈ।

ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਸ਼ਨਿਚਰਵਾਰ ਨੂੰ ਖ਼ੁਦ ਇਸ ਅਭਿਆਸ ਦੀ ਨਿਗਰਾਨੀ ਕਰਨਗੇ। ਅਭਿਆਸ ਵਿਚ ਲੰਬੀ ਦੂਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਮੰਤਰਾਲੇ ਨੇ ਕਿਹਾ ਕਿ ਇਸ ਅਭਿਆਸ ਦੀ ਯੋਜਨਾ ਕੁਝ ਸਮਾਂ ਪਹਿਲਾਂ ਬਣਾਈ ਗਈ ਸੀ ਤਾਂ ਜੋ ਰੂਸੀ ਫ਼ੌਜੀ ਕਮਾਂਡ ਅਤੇ ਸੈਨਿਕਾਂ ਦੀ ਤਿਆਰੀ ਦੇ ਨਾਲ ਹੀ ਆਪਣੇ ਪਰਮਾਣੂ ਅਤੇ ਰਵਾਇਤੀ ਹਥਿਆਰਾਂ ਦੀ ਭਰੋਸੇਯੋਗਤਾ ਦੀ ਜਾਂਚ ਕੀਤੀ ਜਾ ਸਕੇ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਰੂਸ ਕੁਝ ਦਿਨਾਂ ਦੇ ਅੰਦਰ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ। ਪੱਛਮੀ ਦੇਸ਼ਾਂ ਅਨੁਸਾਰ ਕਰੀਬ 1,50,000 ਰੂਸੀ ਸੈਨਿਕ ਯੂਕਰੇਨ ਦੀ ਸਰਹੱਦ ਨੇੜੇ ਇਕੱਤਰ ਹੋ ਚੁੱਕੇ ਹਨ ਅਤੇ ਰੂਸ ਕਦੇ ਵੀ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ। ਹਾਲਾਂਕਿ, ਕਰੈਮਲਿਨ ਨੇ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਪਰ ਰੂਸ ਨੇ ਅਮਰੀਕਾ ਅਤੇ ਉਸ ਦੇ ਭਾਈਵਾਲਾਂ ਤੋਂ ਯੂਕਰੇਨ ਅਤੇ ਹੋਰ ਸਾਬਕਾ ਸੋਵੀਅਤ ਦੇਸ਼ਾਂ ਨੂੰ ਨਾਟੋ ਤੋਂ ਬਾਹਰ ਰੱਖਣ, ਯੂਕਰੇਨ ਵਿਚ ਹਥਿਆਰਾਂ ਦੀ ਤਾਇਨਾਤੀ ਨਾ ਕਰਨ ਅਤੇ ਪੂਰਬੀ ਯੂਰੋਪ ਤੋਂ ਨਾਟੋ ਬਲਾਂ ਨੂੰ ਵਾਪਸ ਸੱਦਣ ਦੀ ਮੰਗ ਕੀਤੀ ਹੈ। ਅਮਰੀਕਾ ਅਤੇ ਉਸ ਦੇ ਭਾਈਵਾਲ ਰੂਸ ਦੀਆਂ ਇਹ ਮੰਗਾਂ ਮੁੱਢੋਂ ਰੱਦ ਕਰ ਚੁੱਕੇ ਹਨ। ਰੂਸ ਵੱਲੋਂ ਸਾਲਾਨਾ ਆਧਾਰ 'ਤੇ ਆਪਣੇ ਰਣਨੀਤਕ ਬਲਾਂ ਦੀਆਂ ਵੱਡੀ ਪੱਧਰ 'ਤੇ ਮਸ਼ਕਾਂ ਕਰਵਾਈਆਂ ਜਾਂਦੀਆਂ ਹਨ। -ਏਪੀ



Most Read

2024-09-21 08:25:54