Breaking News >> News >> The Tribune


ਮਨੀ ਲਾਂਡਰਿੰਗ: ਜੇਲ੍ਹ ’ਚ ਬੰਦ ਦਾਊਦ ਦਾ ਭਰਾ ਈਡੀ ਵੱਲੋਂ ਗ੍ਰਿਫ਼ਤਾਰ


Link [2022-02-19 07:34:52]



ਮੁੰਬਈ, 18 ਫਰਵਰੀ

ਐੱਨਫੋਰਸਮੈਂਟ ਡਾਇਰੈਕਟੋਰੇਟ ਨੇ 1993 ਮੁੰਬਈ ਧਮਾਕਿਆਂ ਦੇ ਮੁੱਖ ਸਾਜ਼ਿਸ਼ਘਾੜੇ ਦਾਊਦ ਇਬਰਾਹਿਮ ਦੇ ਜੇਲ੍ਹ ਵਿੱਚ ਬੰਦ ਭਰਾ ਇਕਬਾਲ ਕਾਸਕਰ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਇਹ ਕੇਸ ਅਜੇ ਪਿਛਲੇ ਦਿਨੀਂ ਦਰਜ ਕੀਤਾ ਹੈ। ਕਾਸਕਰ, ਜੋ ਕਥਿਤ ਜਬਰੀ ਵਸੂਲੀ ਨਾਲ ਜੁੜੇ ਕਈ ਕੇਸਾਂ ਦੇ ਸਬੰਧ ਵਿੱਚ ਠਾਣੇ ਜੇਲ੍ਹ ਵਿੱਚ ਬੰਦ ਸੀ, ਨੂੰ ਇਸ ਸੱਜਰੇ ਕੇਸ ਵਿੱਚ ਹਿਰਾਸਤ 'ਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਕਾਸਕਰ ਨੂੰ ਹੁਣ ਵਿਸ਼ੇਸ਼ ਪੀਐੱਮਐੱਲਏ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਨੇ ਉਸ ਖ਼ਿਲਾਫ਼ 16 ਫਰਵਰੀ ਨੂੰ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ। ਸੰਘੀ ਜਾਂਚ ਏਜੰਸੀ ਵੱਲੋਂ ਇਸ ਨਵੇਂ ਕੇਸ ਵਿੱਚ ਪੁੱਛ-ਪੜਤਾਲ ਲਈ ਕਾਸਕਰ ਦੀ ਹਿਰਾਸਤ ਮੰਗੀ ਜਾਵੇਗੀ। ਕਾਬਿਲੇਗੌਰ ਹੈ ਕਿ ਈਡੀ ਨੇ ਅੰਡਰਵਰਲਡ ਦੀਆਂ ਸਰਗਰਮੀਆਂ ਤੇ ਇਸ ਨਾਲ ਜੁੜੀਆਂ ਗੈਰਕਾਨੂੰਨੀ ਜਾਇਦਾਦਾਂ ਦੇ ਕਰਾਰਾਂ ਅਤੇ ਹਵਾਲਾ ਲੈਣ-ਦੇਣ ਨੂੰ ਲੈ ਕੇ 15 ਫਰਵਰੀ ਨੂੰ ਮੁੰਬਈ ਵਿੱਚ ਵੱਖ ਵੱਖ ਟਿਕਾਣਿਆਂ 'ਤੇ ਛਾਪੇ ਮਾਰੇ ਸਨ। ਈਡੀ ਨੇ ਇਬਰਾਹਿਮ ਦੀ ਮਰਹੂਮ ਭੈਣ ਹਸੀਨਾ ਪਾਰਕਰ, ਕਾਸਕਰ ਤੇ ਗੈਂਗਸਟਰ ਛੋਟਾ ਸ਼ਕੀਲ ਦੇ ਨਜ਼ਦੀਕੀ ਰਿਸ਼ਤੇਦਾਰ ਸਲੀਮ ਕੁਰੈਸ਼ੀ ਉਰਫ਼ ਸਲੀਮ ਫਰੂਟ ਦੇ ਟਿਕਾਣਿਆਂ ਦੀ ਤਲਾਸ਼ੀ ਵੀ ਲਈ ਸੀ। ਛਾਪਿਆਂ ਮਗਰੋਂ ਈਡੀ ਨੇ ਕੁਰੈਸ਼ੀ ਤੋਂ ਵੀ ਪੁੱਛ-ਪੜਤਾਲ ਕੀਤੀ ਸੀ। ਈਡੀ ਵੱਲੋਂ ਦਰਜ ਸੱਜਰਾ ਕੇਸ ਕੌਮੀ ਜਾਂਚ ਏਜੰਸੀ ਵੱਲੋਂ ਦਾਊਦ ਇਬਰਾਹਿਮ ਤੇ ਹੋਰਨਾਂ ਖਿਲਾਫ਼ ਖੁਫ਼ੀਆ ਜਾਣਕਾਰੀ ਨੂੰ ਲੈ ਕੇ ਦਰਜ ਐੱਫਆਈਆਰ 'ਤੇ ਅਧਾਰਿਤ ਹੈ। -ਪੀਟੀਆਈ



Most Read

2024-09-22 18:38:38