Breaking News >> News >> The Tribune


ਸ਼ਾਹ ਵੱਲੋਂ ਚੰਨੀ ਨੂੰ ਕੇਜਰੀਵਾਲ ਖ਼ਿਲਾਫ਼ ਜਾਂਚ ਦਾ ਭਰੋਸਾ


Link [2022-02-19 07:34:52]



ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 18 ਫਰਵਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਭਰੋਸਾ ਦਿੱਤਾ ਹੈ ਕਿ ਉਹ ਇੱਕ ਸਿਆਸੀ ਪਾਰਟੀ ਦੇ ਪਾਬੰਦੀਸੁਦਾ ਦੇਸ਼ ਵਿਰੋਧੀ ਜਥੇਬੰਦੀ ਨਾਲ ਸਬੰਧਾਂ ਦੀ ਨਿੱਜੀ ਤੌਰ 'ਤੇ ਜਾਂਚ ਕਰਵਾਉਣਗੇ| ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਸਿੱਖ ਫਾਰ ਜਸਟਿਸ ਜਥੇਬੰਦੀ ਨਾਲ ਕਥਿਤ ਸਬੰਧਾਂ ਦੀ ਪੜਤਾਲ ਕਰਵਾਈ ਜਾਵੇ| ਦੇਖਣ ਵਾਲੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਚੋਣਾਂ ਦੌਰਾਨ ਮੁੱਖ ਮੰਤਰੀ ਚੰਨੀ ਦੇ ਪੱਤਰ 'ਤੇ ਹੁੰਗਾਰਾ ਬਹੁਤ ਫੁਰਤੀ ਨਾਲ ਭਰਿਆ ਹੈ| ਇਸ ਸਬੰਧੀ ਮੁੱਖ ਮੰਤਰੀ ਚੰਨੀ ਨੇ ਟਵੀਟ ਵੀ ਕੀਤਾ ਸੀ ਕਿ ਹਾਲ ਹੀ ਵਿੱਚ ਕੁਮਾਰ ਵਿਸ਼ਵਾਸ਼ ਨੇ ਜੋ ਕੁਝ ਕਿਹਾ ਹੈ ਉਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ| ਉਨ੍ਹਾਂ ਲਿਖਿਆ ਸੀ ਕਿ ਪੰਜਾਬ ਦੇ ਲੋਕਾਂ ਨੇ ਅਤਿਵਾਦ ਖ਼ਿਲਾਫ਼ ਲੜਾਈ ਵਿਚ ਭਾਰੀ ਕੀਮਤ ਲਾਹੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਹਰ ਪੰਜਾਬੀ ਦੀ ਚਿੰਤਾ ਦੂਰ ਕਰਨ ਦੀ ਲੋੜ ਹੈ| ਕੇਂਦਰੀ ਗ੍ਰਹਿ ਮੰਤਰੀ ਨੇ ਚੰਨੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇੱਕ ਸਿਆਸੀ ਪਾਰਟੀ ਦਾ ਦੇਸ਼ ਵਿਰੋੋਧੀ ਜਥੇਬੰਦੀ ਨਾਲ ਸੰਪਰਕ ਰੱਖਣਾ ਅਤੇ ਚੋਣਾਂ ਵਿਚ ਉਸ ਕੋਲੋਂ ਸਹਿਯੋਗ ਪ੍ਰਾਪਤ ਕਰਨਾ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਜ਼ਰੀਏ ਨਾਲ ਕਾਫੀ ਗੰਭੀਰ ਮਾਮਲਾ ਹੈ| ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ| ਉਨ੍ਹਾਂ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਕੇਜਰੀਵਾਲ ਨੇ ਸੁਤੰਤਰਤਾ ਸੈਨਾਨੀਆਂ ਦਾ ਅਪਮਾਨ ਕੀਤਾ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ 'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਨ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਸੁਤੰਤਰਤਾ ਸੈਨਾਨੀ ਦਾ ਅਪਮਾਨ ਹੈ। ਕਾਂਗਰਸ ਤਰਜਮਾਨ ਜੈਵੀਰ ਸ਼ੇਰਗਿੱਲ ਨੇ ਕਿਹਾ,''ਸ਼ਹੀਦ ਭਗਤ ਸਿੰਘ ਨੇ ਆਪਣੀ ਜਾਨ ਕੁਰਬਾਨ ਕੀਤੀ ਸੀ ਜਦਕਿ ਅਰਵਿੰਦ ਕੇਜਰੀਵਾਲ ਆਪਣਾ ਇਕ ਵੀ ਅਹੁਦਾ ਤਿਆਗਣ ਦਾ ਇੱਛੁਕ ਨਹੀਂ ਹੈ। ਕੇਜਰੀਵਾਲ ਵੱਲੋਂ ਭਗਤ ਸਿੰਘ ਨਾਲ ਤੁਲਨਾ ਕਰਨਾ ਸਾਡੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ ਅਤੇ ਇਸ ਤੋਂ ਉਸ ਦੀ ਵੋਟਾਂ ਦੀ ਲਾਚਾਰੀ ਵੀ ਨਜ਼ਰ ਆਉਂਦੀ ਹੈ।'' -ਆਈਏਐਨਐਸ

ਕਿਸੇ ਦੀ ਹਮਾਇਤ ਨਹੀਂ ਕੀਤੀ

ਅੱਜ ਦੇਰ ਸ਼ਾਮ ਸਿੱਖ ਫਾਰ ਜਸਟਿਸ ਦੇ ਮੁਖੀ ਦਾ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ, ਜਿਸ ਵਿਚ ਉਹ ਆਖ ਰਹੇ ਹਨ ਕਿ ਭਾਰਤੀ ਸੰਵਿਧਾਨ ਨੂੰ ਮੰਨਦੇ ਹੋਏ ਚੋਣਾਂ ਵਿੱਚ ਹਿੱਸਾ ਲੈਣ ਵਾਲੀ ਕਿਸੇ ਵੀ ਪਾਰਟੀ ਦੀ ਉਹ ਹਮਾਇਤ ਨਹੀਂ ਕਰਦੇ ਹਨ| ਸਿੱਖ ਫਾਰ ਜਸਟਿਸ ਦੇ ਮੁਖੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਕਿਸੇ ਦੀ ਹਮਾਇਤ ਵਿੱਚ ਕੋਈ ਚਿੱਠੀ ਜਾਰੀ ਨਹੀਂ ਕੀਤੀ ਹੈ|

ਕੇਂਦਰ ਵੱਲੋਂ ਕੁਮਾਰ ਵਿਸ਼ਵਾਸ ਦੀ ਸੁਰੱਖਿਆ ਦੀ ਸਮੀਖਿਆ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ 'ਆਪ' ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਦੀ ਸੁਰੱਖਿਆ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਕੇਂਦਰੀ ਏਜੰਸੀ ਰਾਹੀਂ ਸੁਰੱਖਿਆ ਦਿੱਤੀ ਜਾ ਸਕਦੀ ਹੈ। ਕੁਮਾਰ ਵਿਸ਼ਵਾਸ ਵੱਲੋਂ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਲਾਏ ਗਏ ਦੋਸ਼ਾਂ ਦੇ ਮੱਦੇਨਜ਼ਰ ਕੇਂਦਰ ਨੇ ਇਹ ਕਦਮ ਉਠਾਇਆ ਹੈ। ਸੂਤਰਾਂ ਨੇ ਕਿਹਾ ਕਿ ਖ਼ੁਫ਼ੀਆ ਏਜੰਸੀਆਂ 'ਤੇ ਆਧਾਰਿਤ ਰਿਪੋਰਟਾਂ ਅਤੇ ਕੁਮਾਰ ਵਿਸ਼ਵਾਸ ਨੂੰ ਮਿਲ ਰਹੀਆਂ ਧਮਕੀਆਂ ਦੀ ਸੰਜੀਦਗੀ ਦੇ ਆਧਾਰ 'ਤੇ ਸੁਰੱਖਿਆ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਜ਼ਰਸਾਨੀ ਮਗਰੋਂ ਕੇਂਦਰੀ ਸੁਰੱਖਿਆ ਏਜੰਸੀ ਰਾਹੀਂ ਕੁਮਾਰ ਵਿਸ਼ਵਾਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। -ਪੀਟੀਆਈ



Most Read

2024-09-22 18:36:07