Breaking News >> News >> The Tribune


ਕੇਜਰੀਵਾਲ ਖ਼ਿਲਾਫ਼ ਭਾਜਪਾ ਨੇ ਜੰਤਰ-ਮੰਤਰ ’ਤੇ ਕੀਤਾ ਵਿਰੋਧ ਪ੍ਰਦਰਸ਼ਨ


Link [2022-02-19 07:34:52]



ਪੱਤਰ ਪ੍ਰੇਰਕਨਵੀਂ ਦਿੱਲੀ, 18 ਫਰਵਰੀ

'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਥਿਤ ਦੇਸ਼ ਵਿਰੋਧੀ ਮਾਨਸਿਕਤਾ ਖ਼ਿਲਾਫ਼ ਅੱਜ ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ ਹੇਠ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਅਹੁਦੇਦਾਰਾਂ, ਨਿਗਮ ਕੌਂਸਲਰਾਂ ਅਤੇ ਵਰਕਰਾਂ ਨੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ।

ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਦੇਸ਼ ਨੂੰ ਵੰਡਣ ਅਤੇ ਆਜ਼ਾਦ ਪੰਜਾਬ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਲੈਣ ਵਾਲੇ ਕੇਜਰੀਵਾਲ ਦੀ ਮਾਨਸਿਕਤਾ ਸੱਤਾ ਦੇ ਲਾਲਚ ਵਿੱਚ ਸੁੰਗੜ ਗਈ ਹੈ। ਉਨ੍ਹਾਂ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਰੋਧ ਪ੍ਰਦਰਸ਼ਨ ਕਰਕੇ ਅਜਿਹੇ ਲੋਕਾਂ ਦਾ ਸਮਰਥਨ ਨਾ ਕਰਨ।

ਧਰਨੇ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਟੁੱਕੜੇ-ਟੁੱਕੜੇ ਗੈਂਗ ਅਤੇ ਦੇਸ਼ ਵਿਰੋਧੀ ਮਾਨਸਿਕਤਾ ਵਾਲੇ ਲੋਕਾਂ ਦਾ ਸਾਥ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਰਜੀਲ ਇਮਾਮ ਵਰਗੀ ਮਾਨਸਿਕਤਾ ਵਾਲੇ ਲੋਕਾਂ ਨੂੰ ਬਣਦਾ ਮਾਣ-ਸਤਿਕਾਰ ਦੇਣ, ਅਮਾਨਤਉੱਲ੍ਹਾ ਖ਼ਾਨ ਅਤੇ ਤਾਹਿਰ ਹੁਸੈਨ ਵਰਗਿਆਂ ਨੂੰ ਆਪਣੀ ਪਾਰਟੀ ਵਿੱਚ ਥਾਂ ਦੇਣ ਦਾ ਕੰਮ ਵੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ।ਉਨ੍ਹਾਂ ਦੋਸ਼ ਲਾਇਆ,''ਕੇਜਰੀਵਾਲ ਅਜਿਹਾ ਵਿਅਕਤੀ ਹੈ ਜੋ ਗਣਤੰਤਰ ਦਿਵਸ ਦੀ ਪਰੇਡ ਦਾ ਬਾਈਕਾਟ ਕਰਕੇ ਧਰਨੇ 'ਤੇ ਬੈਠ ਗਿਆ ਸੀ।'' ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਸੂਬਾ ਪ੍ਰਧਾਨ ਵਿਜੈ ਗੋਇਲ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਵੱਲੋਂ ਕੇਜਰੀਵਾਲ ਬਾਰੇ ਦਿੱਤਾ ਗਿਆ ਬਿਆਨ 'ਆਪ' ਮੁਖੀ ਦੀ ਸਚਾਈ, ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦਾ ਹੈ। ਵਿਧਾਇਕ ਵਿਜੇਂਦਰ ਗੁਪਤਾ ਨੇ ਕਿਹਾ ਕਿ ਕਨ੍ਹੱਈਆ ਕੁਮਾਰ ਦੀ ਮਾਨਸਿਕਤਾ ਦਾ ਸਮਰਥਨ ਕਰਨ ਵਾਲਾ ਕੇਜਰੀਵਾਲ ਅਤਿਵਾਦੀਆਂ ਅਤੇ ਵੱਖਵਾਦੀਆਂ ਦੇ ਘਰ ਜਾ ਕੇ ਉਨ੍ਹਾਂ ਦਾ ਸਮਰਥਨ ਲੈਂਦਾ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲੇ ਕੇਜਰੀਵਾਲ ਨੇ ਸੁਭਾਸ਼ ਚੰਦਰ ਬੋਸ ਦੇ ਜਨਮਦਿਨ 'ਤੇ ਦਿੱਲੀ 'ਚ ਨਵੀਂ ਸ਼ਰਾਬ ਨੀਤੀ ਤਹਿਤ ਠੇਕੇ ਖੋਲ੍ਹਣਾ ਦਰਸਾਉਂਦਾ ਹੈ ਕਿ ਉਹ ਦੇਸ਼ ਦੇ ਮਹਾਪੁਰਖਾਂ ਦਾ ਸਤਿਕਾਰ ਨਹੀਂ ਕਰਦਾ ਹੈ।

ਸੱਤਾ ਲਈ ਪੰਜਾਬ ਨੂੰ ਅੱਗ ਦੇ ਹਵਾਲੇ ਕਰਨਾ ਚਾਹੁੰਦੀ ਹੈ 'ਆਪ': ਭਾਜਪਾ

ਨਵੀਂ ਦਿੱਲੀ: 'ਸਿੱਖਸ ਫਾਰ ਜਸਟਿਸ' ਨੇ ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਵਿਧਾਨ ਸਭਾ ਚੋਣਾਂ 'ਚ ਹਮਾਇਤ ਲਈ ਕੋਈ ਪੱਤਰ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਭਾਜਪਾ ਨੇ ਕਿਹਾ ਹੈ ਕਿ 'ਆਪ' ਸੱਤਾ ਲਈ ਪੰਜਾਬ ਨੂੰ ਅੱਗ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਕ ਚਿੱਠੀ ਨਸ਼ਰ ਹੋ ਰਹੀ ਹੈ ਜਿਸ 'ਚ ਕਿਹਾ ਗਿਆ ਹੈ ਕਿ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੇ ਪੰਜਾਬ 'ਚ ਵਿਧਾਨ ਸਭਾ ਚੋਣਾਂ ਲਈ 'ਆਪ' ਨੂੰ ਹਮਾਇਤ ਦਿੱਤੀ ਹੈ। ਇਹ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਪੰਨੂ ਨੇ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਚਿੱਠੀ ਫਰਜ਼ੀ ਹੈ ਅਤੇ ਉਸ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਹਮਾਇਤ ਦੇਣ ਦਾ ਐਲਾਨ ਨਹੀਂ ਕੀਤਾ ਹੈ। ਭਾਜਪਾ ਦੇ ਸੂਚਨਾ ਅਤੇ ਤਕਨਾਲੋਜੀ ਵਿਭਾਗ ਦੇ ਕੌਮੀ ਇੰਚਾਰਜ ਅਮਿਤ ਮਾਲਵੀਆ ਨੇ ਕਿਹਾ ਹੈ,''ਆਮ ਆਦਮੀ ਪਾਰਟੀ ਹੁਣ ਹੋਰ ਹੇਠਾਂ ਡਿੱਗ ਗਈ ਹੈ। ਅਮਰੀਕਾ ਆਧਾਰਿਤ ਕੱਟੜ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਹਮਾਇਤ ਦੀ ਕੋਈ ਚਿੱਠੀ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ। 'ਆਪ', ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਹਮਾਇਤ ਦੀ ਫਰਜ਼ੀ ਚਿੱਠੀ ਜਾਰੀ ਕੀਤੀ ਹੈ। 'ਆਪ' ਸੱਤਾ ਲਈ ਪੰਜਾਬ ਨੂੰ ਅੱਗ ਦੇ ਹਵਾਲੇ ਕਰਨਾ ਚਾਹੁੰਦੀ ਹੈ।'' ਕੁਮਾਰ ਵਿਸ਼ਵਾਸ ਦੀ ਖਾਮੋਸ਼ੀ 'ਤੇ ਸਵਾਲ ਉਠਾਏ ਜਾਣ ਲਈ 'ਆਪ' 'ਤੇ ਵਰ੍ਹਦਿਆਂ ਮਾਲਵੀਆ ਨੇ ਟਵੀਟ ਕੀਤਾ ਕਿ 'ਆਪ' ਕੁਮਾਰ ਵਿਸ਼ਵਾਸ ਵੱਲੋਂ ਪਹਿਲਾਂ ਨਾ ਬੋਲਣ ਦਾ ਲਾਭ ਉਠਾਉਣਾ ਚਾਹੁੰਦੀ ਹੈ ਪਰ ਉਸ ਨੇ ਜਨਵਰੀ 2020 'ਚ ਇਕ ਇੰਟਰਵਿਊ ਦੌਰਾਨ ਅਰਵਿੰਦ ਕੇਜਰੀਵਾਲ ਦੇ ਮਨਸੂਬਿਆਂ ਦਾ ਪਰਦਾਫ਼ਾਸ਼ ਕੀਤਾ ਸੀ। ਉਸ ਨੇ ਕਿਹਾ ਕਿ ਕੇਜਰੀਵਾਲ ਨੂੰ ਕੁਮਾਰ ਵਿਸ਼ਵਾਸ ਦੇ ਬਿਆਨ 'ਤੇ ਸਫ਼ਾਈ ਦੇਣੀ ਚਾਹੀਦੀ ਹੈ। ਮਾਲਵੀਆ ਨੇ ਇਕ ਹੋਰ ਟਵੀਟ 'ਚ ਕਿਹਾ,''ਨਾ ਸਿਰਫ਼ ਕੁਮਾਰ ਵਿਸ਼ਵਾਸ ਸਗੋਂ ਗੁਲ ਪਨਾਗ ਨੇ ਵੀ ਅਰਵਿੰਦ ਕੇਜਰੀਵਾਲ ਅਤੇ 'ਆਪ' ਨੂੰ ਪੰਜਾਬ 'ਚ 2017 ਦੀਆਂ ਚੋਣਾਂ ਸਮੇਂ ਧਾਰਮਿਕ ਕੱਟੜਪੰਥੀਆਂ ਅਤੇ ਵੱਖਵਾਦੀ ਅਨਸਰਾਂ ਨਾਲ ਸਬੰਧਾਂ ਤੋਂ ਵਰਜਿਆ ਸੀ। ਪਰ ਕੇਜਰੀਵਾਲ ਨੇ ਸੱਤਾ ਦੀ ਭੁੱਖ ਕਾਰਨ ਤਬਾਹੀ ਦਾ ਰਾਹ ਚੁਣਿਆ ਹੋਇਆ ਹੈ।'' -ਆਈਏਐਨਐਸ



Most Read

2024-09-22 18:42:09