Breaking News >> News >> The Tribune


ਸ਼ੀਨਾ ਬੋਰਾ ਹੱਤਿਆ ਕੇਸ: ਸੁਪਰੀਮ ਕੋਰਟ ਨੇ ਇੰਦਰਾਨੀ ਮੁਖਰਜੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਲਈ ਸਹਿਮਤੀ ਜਤਾਈ


Link [2022-02-18 20:35:21]



ਨਵੀਂ ਦਿੱਲੀ, 18 ਫਰਵਰੀ

ਸੁਪਰੀਮ ਕੋਰਟ ਨੇ ਸ਼ੀਨਾ ਬੋਰਾ ਹੱਤਿਆ ਕੇਸ ਦੀ ਮੁੱਖ ਮੁਲਜ਼ਮ ਇੰਦਰਾਨੀ ਮੁਖਰਜੀ (ਸ਼ੀਨਾ ਬੋਰਾ ਦੀ ਮਾਂ) ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਲਈ ਰਜ਼ਾਮੰਦੀ ਜਤਾਈ ਹੈ ਤੇ ਇਸ ਸਬੰਧ ਵਿੱਚ ਸੀਬੀਆਈ ਤੋਂ ਦੋ ਹਫਤਿਆਂ ਵਿੱਚ ਜਵਾਬ ਮੰਗਿਆ ਹੈ। ਇੰਦਰਾਨੀ ਮੁਖਰਜੀ ਦੇ ਕੇਸ ਦੀ ਪੈਰਵੀ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਕਰ ਰਹੇ ਹਨ ਜਿਨ੍ਹਾਂ ਨੇ ਜਸਟਿਸ ਐੱਮ ਨਗੇਸ਼ਵਰਾ ਰਾਓ ਤੇ ਜਸਟਿਸ ਪੀ. ਐੱਸ ਨਰਸਿਮਹਾ ਦੇ ਬੈਂਚ ਦੇ ਧਿਆਨ ਵਿੱਚ ਲਿਆਂਦਾ ਕਿ ਇੰਦਰਾਨੀ ਮੁਖਰਜੀ ਪਿਛਲੇ ਸਾਢੇ ਛੇ ਸਾਲਾਂ ਤੋਂ ਜੇਲ੍ਹ ਵਿੱਚ ਹੈ ਤੇ ਇਸ ਕੇਸ ਦੀ ਸੁਣਵਾਈ ਅਗਲੇ 10 ਸਾਲਾਂ ਵਿੱਚ ਵੀ ਖਤਮ ਨਹੀਂ ਹੋਵੇਗੀ। ਬੈਂਚ ਨੇ ਐਡਵੋਕੇਟ ਰੋਹਤਗੀ ਨੂੰ ਪੁੱਛਿਆ ਕਿ ਇਸ ਕੇਸ ਵਿੱਚ ਹੋਰ ਕਿੰਨੇ ਗਵਾਹ ਹਨ। ਇਸੇ ਦੇ ਜਵਾਬ ਵਿੱਚ ਰੋਹਤਗੀ ਨੇ ਕਿਹਾ ਕਿ ਹਾਲੇ 185 ਗਵਾਹਾਂ ਨੇ ਇਸ ਕੇਸ ਵਿੱਚ ਗਵਾਹੀ ਦੇਣੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲਾਂ ਵਿੱਚ ਅਦਾਲਤ 'ਚ ਕਿਸੇ ਗਵਾਹ ਦੀ ਗਵਾਹੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇੰਦਰਾਨੀ ਮੁਖਰਜੀ ਦੀ ਤਬੀਅਤ ਵੀ ਠੀਕ ਨਹੀਂ ਹੈ ਤੇ ਇਸ ਕੇਸ ਵਿੱਚ ਉਸ ਦੇ ਪਤੀ ਪੀਟਰ ਮੁਖਰਜੀ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਇੰਦਰਾਨੀ ਮੁਖਰਜੀ ਸ਼ੀਨਾ ਬੋਰਾ ਹੱਤਿਆ ਕੇਸ ਵਿੱਚ 2015 ਤੋਂ ਜੇਲ੍ਹ ਵਿੱਚ ਬੰਦ ਹੈ। ਇਸ ਹੱਤਿਆ ਸਬੰਧੀ 2012 ਵਿੱਚ ਮੁੰਬਈ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਪੁਲੀਸ ਨੇ ਇੰਦਰਾਨੀ ਮੁਖਰਜੀ ਤੇ ਉਸ ਦੇ ਪਤੀ ਪੀਟਰ ਮੁਖਰਜੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੀਟਰ ਨੂੰ ਮਾਰਚ 2020 ਵਿੱਚ ਜ਼ਮਾਨਤ ਮਿਲ ਗਈ ਸੀ। -ਆਈਏਐਨਐੱਸ



Most Read

2024-09-22 18:21:55