World >> The Tribune


ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਸੰਸਦ ਮੈਂਬਰਾਂ ਖ਼ਿਲਾਫ਼ ਕੀਤੀ ਟਿੱਪਣੀ ’ਤੇ ਇਤਰਾਜ਼ ਦਰਜ


Link [2022-02-18 05:14:48]



ਨਵੀਂ ਦਿੱਲੀ, 17 ਫਰਵਰੀ

ਭਾਰਤ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਵੱਲੋਂ ਭਾਰਤੀ ਸੰਸਦ ਮੈਂਬਰਾਂ 'ਤੇ ਦਰਜ ਅਪਰਾਧਕ ਕੇਸਾਂ ਦਾ ਹਵਾਲਾ ਦੇਣ ਵਾਲੇ ਬਿਆਨ 'ਤੇ ਇਤਰਾਜ਼ ਜਤਾਇਆ ਹੈ। ਜਾਣਕਾਰੀ ਮੁਤਾਬਕ ਵਿਦੇਸ਼ ਮੰਤਰਾਲੇ ਨੇ ਇਹ ਮੁੱਦਾ ਸਿੰਗਾਪੁਰ ਦੇ ਹਾਈ ਕਮਿਸ਼ਨਰ ਕੋਲ ਉਠਾਇਆ ਹੈ। ਇਸ ਘਟਨਾ ਨਾਲ ਸਬੰਧਤ ਇਕ ਵਿਅਕਤੀ ਨੇ ਕਿਹਾ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦਾ ਇਹ ਬਿਆਨ ਠੀਕ ਨਹੀਂ ਹੈ। 'ਅਸੀਂ ਇਹ ਮੁੱਦਾ ਸਿੰਗਾਪੁਰ ਨਾਲ ਉਠਾ ਰਹੇ ਹਾਂ।'

ਜ਼ਿਕਰਯੋਗ ਹੈ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਸੰਸਦ 'ਚ ਬਹਿਸ ਦੌਰਾਨ ਲੋਕਤੰਤਰ ਦੇ ਕੰਮ ਬਾਰੇ ਟਿੱਪਣੀ ਕਰਦਿਆਂ ਜਵਾਹਰਲਾਲ ਨਹਿਰੂ ਅਤੇ ਭਾਰਤ ਦੇ ਸੰਸਦ ਮੈਂਬਰਾਂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ, ''ਨਹਿਰੂ ਦਾ ਭਾਰਤ ਅਜਿਹੇ ਮੁਲਕਾਂ 'ਚੋਂ ਇਕ ਬਣ ਗਿਆ ਹੈ ਜਿਥੇ ਮੀਡੀਆ ਰਿਪੋਰਟਾਂ ਮੁਤਾਬਕ ਲੋਕ ਸਭਾ 'ਚ ਕਰੀਬ ਅੱਧੇ ਸੰਸਦ ਮੈਂਬਰਾਂ ਖ਼ਿਲਾਫ਼ ਅਪਰਾਧਕ ਕੇਸ ਬਕਾਇਆ ਪਏ ਹਨ ਜਿਨ੍ਹਾਂ 'ਚ ਜਬਰ-ਜਨਾਹ ਅਤੇ ਹੱਤਿਆ ਦੇ ਕੇਸ ਵੀ ਸ਼ਾਮਲ ਹਨ। ਉਂਜ ਇਹ ਵੀ ਆਖਿਆ ਜਾਂਦਾ ਹੈ ਕਿ ਇਹ ਕੇਸ ਸਿਆਸਤ ਤੋਂ ਪ੍ਰੇਰਿਤ ਹਨ।'' ਉਨ੍ਹਾਂ ਕਿਹਾ ਕਿ ਕਈ ਸਿਆਸੀ ਪ੍ਰਣਾਲੀਆਂ ਅੱਜ ਆਪਣੇ ਬਾਨੀਆਂ ਦੇ ਪੂਰਨਿਆਂ 'ਤੇ ਚੱਲਣ ਤੋਂ ਭੁੱਲ ਗਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੰਗਾਪੁਰ ਦੀ ਸਿਆਸੀ ਪ੍ਰਣਾਲੀ ਦੀ ਰੱਖਿਆ ਕਰਨੀ ਚਾਹੀਦੀ ਹੈ। -ਪੀਟੀਆਈ

ਨਹਿਰੂ ਆਲਮੀ ਆਗੂਆਂ ਦੇ ਪ੍ਰੇਰਣਾ ਸਰੋਤ ਪਰ ਮੋਦੀ ਬਦਨਾਮ ਕਰ ਰਹੇ ਨੇ: ਕਾਂਗਰਸ

ਨਵੀਂ ਦਿੱਲੀ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਵੱਲੋਂ ਲੋਕਤੰਤਰ ਬਾਰੇ ਦਿੱਤੇ ਗਏ ਭਾਸ਼ਣ 'ਚ ਜਵਾਹਰਲਾਲ ਨਹਿਰੂ ਦਾ ਹਵਾਲਾ ਦਿੱਤੇ ਜਾਣ 'ਤੇ ਕਾਂਗਰਸ ਨੇ ਅੱਜ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਅੱਜ ਵੀ ਆਲਮੀ ਆਗੂਆਂ ਲਈ ਪ੍ਰੇਰਣਾ ਸਰੋਤ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਸੰਸਦ ਅਤੇ ਬਾਹਰ ਭੰਡਦੇ ਰਹਿੰਦੇ ਹਨ। ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਿਹਾ,''ਪੰਡਤ ਨਹਿਰੂ ਦੀ ਮਹਾਨਤਾ ਅੱਜ ਵੀ ਆਲਮੀ ਆਗੂਆਂ ਨੂੰ ਲਗਾਤਾਰ ਪ੍ਰੇਰਣਾ ਦਿੰਦੀ ਹੈ। ਪਰ ਦੇਸ਼ ਦੇ ਆਗੂਆਂ 'ਤੇ ਤਰਸ ਆਉਂਦਾ ਹੈ ਜਿਹੜੇ ਵਿਲੱਖਣ ਆਗੂ ਨੂੰ ਸਮਝਣ 'ਚ ਨਾਕਾਮ ਰਹੇ ਹਨ।'' ਸੀਨੀਅਰ ਪਾਰਟੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਲੀ ਸਿਏਨ ਲੂੰਗ ਦੇ ਭਾਸ਼ਣ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਹੈ। ਇੰਡੀਅਨ ਓਵਰਸੀਜ਼ ਕਾਂਗਰਸ ਨੇ ਵੀ ਟਵਿੱਟਰ 'ਤੇ ਕਿਹਾ,''ਨਹਿਰੂ ਲੋਕਤੰਤਰ ਦੇ ਸਭ ਤੋਂ ਵੱਡੇ ਪ੍ਰਤੀਕ ਵਜੋਂ ਜਾਣੇ ਜਾਂਦੇ ਹਨ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੂੰ ਸੁਣੋ ਜਿਨ੍ਹਾਂ ਜਮਹੂਰੀ ਸਮਾਜ ਦੀ ਸਿਰਜਣਾ ਬਾਰੇ ਗੱਲ ਕਰਦਿਆਂ ਨਹਿਰੂ ਦਾ ਹਵਾਲਾ ਦਿੱਤਾ ਹੈ। ਆਸ ਹੈ ਕਿ ਸਾਡੇ ਪ੍ਰਧਾਨ ਮੰਤਰੀ ਵੀ ਇਸ ਨੂੰ ਸੁਣਨਗੇ।'' ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਇਹ ਲੀ ਸਿਏਨ ਲੂੰਗ ਅਤੇ ਨਰਿੰਦਰ ਮੋਦੀ ਵਿਚਕਾਰਲਾ ਫਰਕ ਹੈ। 'ਲੀ ਸਿੰਗਾਪੁਰ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਲੈ ਕੇ ਜਾ ਰਹੇ ਹਨ ਅਤੇ ਮੋਦੀ ਝੂਠੇ ਵਾਅਦਿਆਂ ਦੇ ਸਹਾਰੇ ਮੁਲਕ 'ਤੇ ਰਾਜ ਕਰ ਰਹੇ ਹਨ। ਮੋਦੀ ਭਾਵੇਂ ਜਿੰਨੀ ਮਰਜ਼ੀ ਸਖ਼ਤ ਮਿਹਨਤ ਕਰਨ ਪਰ ਪੰਡਤ ਨਹਿਰੂ ਅਮਰ ਅਤੇ ਆਧੁਨਿਕ ਭਾਰਤ ਦੇ ਸਿਰਜਣਹਾਰ ਬਣੇ ਰਹਿਣਗੇ।'' -ਪੀਟੀਆਈ



Most Read

2024-09-21 08:34:17