World >> The Tribune


‘ਯੂਕਰੇਨ ’ਤੇ ਰੂਸੀ ਹਮਲੇ ਦੀ ਸੂਰਤ ’ਚ ਅਮਰੀਕਾ ਦਾ ਸਾਥ ਦੇਵੇਗਾ ਭਾਰਤ’


Link [2022-02-18 05:14:48]



ਵਾਸ਼ਿੰਗਟਨ, 17 ਫਰਵਰੀ

ਅਮਰੀਕਾ ਨੇ ਉਮੀਦ ਜਤਾਈ ਹੈ ਕਿ ਨਿਯਮ ਆਧਾਰਿਤ ਕੌਮਾਂਤਰੀ ਪ੍ਰਬੰਧ ਲਈ ਵਚਨਬੱਧ ਭਾਰਤ, ਯੂਕਰੇਨ 'ਤੇ ਰੂਸੀ ਹਮਲੇ ਦੀ ਸੂਰਤ 'ਚ ਅਮਰੀਕਾ ਦਾ ਸਾਥ ਦੇਵੇਗਾ। ਬਾਇਡਨ ਸਰਕਾਰ ਨੇ ਕਿਹਾ ਹੈ ਕਿ ਰੂਸ ਨੇ ਪਿਛਲੇ ਕੁਝ ਦਿਨਾਂ 'ਚ ਯੂਕਰੇਨ ਦੀ ਸਰਹੱਦ ਨੇੜੇ ਸੱਤ ਹਜ਼ਾਰ ਹੋਰ ਵਾਧੂ ਫ਼ੌਜੀ ਤਾਇਨਾਤ ਕੀਤੇ ਹਨ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਦੱਸਿਆ ਕਿ ਚਾਰ ਮੁਲਕਾਂ (ਕੁਆਡ) ਦੇ ਵਿਦੇਸ਼ ਮੰਤਰੀਆਂ ਵਿਚਕਾਰ ਹੁਣੇ ਜਿਹੇ ਮੈਲਬਰਨ (ਆਸਟਰੇਲੀਆ) 'ਚ ਹੋਈ ਬੈਠਕ ਦੌਰਾਨ ਰੂਸ ਅਤੇ ਯੂਕਰੇਨ ਦੇ ਮੁੱਦੇ 'ਤੇ ਚਰਚਾ ਹੋਈ ਸੀ। ਭਾਰਤ, ਆਸਟਰੇਲੀਆ, ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਇਸ ਮੀਟਿੰਗ 'ਚ ਹਾਜ਼ਰ ਸਨ। ਪ੍ਰਾਈਸ ਨੇ ਕਿਹਾ,''ਮੀਟਿੰਗ 'ਚ ਇਸ ਗੱਲ 'ਤੇ ਸਹਿਮਤੀ ਬਣੀ ਸੀ ਕਿ ਇਸ ਮਾਮਲੇ ਦੇ ਕੂਟਨੀਤਕ ਪੱਧਰ 'ਤੇ ਸ਼ਾਂਤੀਪੂਰਨ ਹੱਲ ਦੀ ਲੋੜ ਹੈ।'' ਤਰਜਮਾਨ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਕੁਆਡ ਨਿਯਮ ਆਧਾਰਿਤ ਕੌਮਾਂਤਰੀ ਪ੍ਰਬੰਧ ਬਹਾਲ ਰੱਖਣ ਦੇ ਪੱਖ 'ਚ ਹੈ। 'ਨੇਮ ਆਧਾਰਿਤ ਪ੍ਰਬੰਧ ਹਿੰਦ ਪ੍ਰਸ਼ਾਂਤ ਖਿੱਤੇ 'ਚ ਇਕ ਸਮਾਨ ਲਾਗੂ ਹੁੰਦੇ ਹਨ।

ਅਸੀਂ ਜਾਣਦੇ ਹਾਂ ਕਿ ਭਾਰਤੀ ਭਾਈਵਾਲ ਵੀ ਨਿਯਮ ਆਧਾਰਿਤ ਪ੍ਰਬੰਧ ਲਈ ਵਚਨਬੱਧ ਹੈ। ਇਨ੍ਹਾਂ 'ਚੋਂ ਇਕ ਨਿਯਮ ਇਹ ਹੈ ਕਿ ਸਰਹੱਦਾਂ ਮੁੜ ਤੋਂ ਜਬਰੀ ਤੈਅ ਨਹੀਂ ਕੀਤੀਆਂ ਜਾ ਸਕਦੀਆਂ ਹਨ।' ਭਾਰਤ ਸਮੇਤ ਹੋਰ ਗੁਆਂਢੀਆਂ ਖ਼ਿਲਾਫ਼ ਚੀਨ ਦੇ ਹਮਲਾਵਰ ਰਵੱਈਏ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੇ ਮੁਲਕ, ਛੋਟੇ ਦੇਸ਼ਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਦੇ ਹਨ। 'ਕੋਈ ਵੀ ਮੁਲਕ ਆਪਣੀ ਵਿਦੇਸ਼ ਨੀਤੀ, ਆਪਣੇ ਭਾਈਵਾਲ, ਗੱਠਜੋੜ ਸਹਿਯੋਗੀ ਆਦਿ ਚੁਣਨ ਦੇ ਹੱਕਦਾਰ ਹਨ।'

ਪ੍ਰਾਈਸ ਨੇ ਕਿਹਾ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰੱਖਿਆ ਨਾਲ ਜੁੜੇ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ। ਇਸ ਤੋਂ ਪਹਿਲਾਂ ਬਲਿੰਕਨ ਨੇ ਕਿਹਾ ਸੀ ਕਿ ਅਮਰੀਕਾ, ਮਾਸਕੋ ਵੱਲੋਂ ਪੈਦਾ ਕੀਤੇ ਗਏ ਸੰਕਟ ਦੇ ਸ਼ਾਂਤੀਪੂਰਨ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। -ਪੀਟੀਆਈ

ਫ਼ੌਜ ਦੀ ਵਾਪਸੀ ਬਾਰੇ ਰੂਸ ਨੇ ਦੁਨੀਆ ਨੂੰ ਗੁਮਰਾਹ ਕੀਤਾ: ਨਾਟੋ

ਕੀਵ: ਨਾਟੋ ਮੁਲਕਾਂ ਨੇ ਰੂਸ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਯੂਕਰੇਨ ਸਰਹੱਦ ਨੇੜਿਉਂ ਫ਼ੌਜ ਦੀ ਵਾਪਸੀ ਨੂੰ ਲੈ ਕੇ ਦੁਨੀਆ ਨੂੰ ਗੁਮਰਾਹ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਸਕੋ ਨੇ ਸਰਹੱਦ 'ਤੇ ਸੱਤ ਹਜ਼ਾਰ ਹੋਰ ਫ਼ੌਜ ਤਾਇਨਾਤ ਕੀਤੀ ਹੈ। ਨਾਟੋ ਮੁਖੀ ਨੇ ਕ੍ਰੈਮਲਿਨ ਵੱਲੋਂ ਕੂਟਨੀਤੀ ਰਾਹੀਂ ਮਸਲੇ ਦਾ ਹੱਲ ਲੱਭਣ ਲਈ ਦਿੱਤੀ ਗਈ ਪੇਸ਼ਕਸ਼ ਦਾ ਸਵਾਗਤ ਕੀਤਾ ਹੈ ਪਰ ਉਨ੍ਹਾਂ ਅਤੇ ਹੋਰ ਮੁਲਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਦੀ ਅਗਵਾਈ ਹੇਠਲੇ ਗੱਠਜੋੜ ਨੂੰ ਇਸ ਗੱਲ ਦੇ ਅਜੇ ਤੱਕ ਸੰਕੇਤ ਨਹੀਂ ਮਿਲੇ ਹਨ ਕਿ ਰੂਸ ਵੱਲੋਂ ਸਰਹੱਦ ਤੋਂ ਫ਼ੌਜ ਹਟਾਈ ਜਾ ਰਹੀ ਹੈ। ਬ੍ਰਿਟਿਸ਼ ਰੱਖਿਆ ਮੰਤਰੀ ਬੇਨ ਵਾਲੇਸ ਨੇ ਕਿਹਾ ਕਿ ਰੂਸ ਵੱਲੋਂ ਦਿੱਤੇ ਗਏ ਬਿਆਨਾਂ ਦੇ ਉਲਟ ਯੂਕਰੇਨ ਸਰਹੱਦ 'ਤੇ ਸੱਤ ਹਜ਼ਾਰ ਹੋਰ ਫ਼ੌਜ ਤਾਇਨਾਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਰੂਸ ਨੇ ਡੇਢ ਲੱਖ ਤੋਂ ਜ਼ਿਆਦਾ ਫ਼ੌਜ ਯੂਕਰੇਨ ਸਰਹੱਦ 'ਤੇ ਤਾਇਨਾਤ ਕੀਤੀ ਹੋਈ ਹੈ। ਵਾਲੇਸ ਨੇ ਕਿਹਾ ਕਿ ਰੂਸ ਦੀ ਥਲ ਸੈਨਾ ਦੀ ਕਰੀਬ 60 ਫ਼ੀਸਦੀ ਨਫ਼ਰੀ ਸਰਹੱਦ 'ਤੇ ਤਾਇਨਾਤ ਹੋਣ ਨਾਲ ਤਣਾਅ ਦਾ ਮਾਹੌਲ ਕਾਇਮ ਹੈ ਅਤੇ ਹਮਲੇ ਦੇ ਮਾੜੇ ਸਿੱਟੇ ਵੀ ਨਿਕਲ ਸਕਦੇ ਹਨ। ਉਂਜ ਰੂਸ ਨੇ ਦਾਅਵਾ ਕੀਤਾ ਹੈ ਕਿ ਉਹ ਯੂਕਰੇਨ 'ਤੇ ਹਮਲਾ ਕਰਨ ਦੀ ਯੋਜਨਾ ਨਹੀਂ ਬਣਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਪੱਛਮੀ ਮੁਲਕ ਯੂਕਰੇਨ ਤੇ ਹੋਰ ਕੁਝ ਸਾਬਕਾ ਸੋਵੀਅਤ ਮੁਲਕਾਂ ਨੂੰ ਨਾਟੋ ਤੋਂ ਬਾਹਰ ਰੱਖਣ ਅਤੇ ਉਨ੍ਹਾਂ ਨੂੰ ਹਥਿਆਰ ਨਾ ਦਿੱਤੇ ਜਾਣ। -ਏਪੀ



Most Read

2024-09-21 08:42:40