World >> The Tribune


ਯੂਕਰੇਨ ’ਚੋਂ ਭਾਰਤੀਆਂ ਨੂੰ ਕੱਢਣ ਦੀ ਫੌਰੀ ਕੋਈ ਯੋਜਨਾ ਨਹੀਂ: ਸਰਕਾਰ


Link [2022-02-18 05:14:48]



ਨਵੀਂ ਦਿੱਲੀ, 17 ਫਰਵਰੀ

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਵੱਲੋਂ ਯੂਕਰੇਨ 'ਚੋਂ ਆਪਣੇ ਨਾਗਰਿਕਾਂ ਨੂੰ ਤੁਰੰਤ ਕੱਢਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਧਿਆਨ ਕੇਂਦਰਤ ਕਰ ਰਹੇ ਹਨ। ਭਾਰਤ ਵੱਲੋਂ ਵਿਸ਼ੇਸ਼ ਉਡਾਣਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ ਪਰ ਉਡਾਣਾਂ ਦੀ ਗਿਣਤੀ 'ਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ, ਯੂਕਰੇਨ ਸੰਕਟ ਦਾ ਹੱਲ ਕੱਢਣ ਅਤੇ ਤਣਾਅ ਘਟਾਉਣ ਲਈ ਫ਼ੌਜਾਂ ਦੀ ਵਾਪਸੀ ਦੇ ਪੱਖ 'ਚ ਹੈ। ਉਨ੍ਹਾਂ ਕਿਹਾ ਕਿ ਕੀਵ 'ਚ ਭਾਰਤੀ ਸਫ਼ਾਰਤਖਾਨਾ ਯੂਕਰੇਨ 'ਚ ਭਾਰਤੀ ਵਿਦਿਆਰਥੀਆਂ ਦੇ ਸੰਪਰਕ 'ਚ ਹੈ ਅਤੇ ਲੋੜ ਪੈਣ 'ਤੇ ਉਨ੍ਹਾਂ ਨੂੰ ਹਰਸੰਭਵ ਸਹਾਇਤਾ ਦਿੱਤੀ ਜਾਵੇਗੀ। ਸਫ਼ਾਰਤਖਾਨੇ ਨੇ ਮੰਗਲਵਾਰ ਨੂੰ ਭਾਰਤੀ ਨਾਗਰਿਕਾਂ ਖਾਸ ਕਰਕੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਤਣਾਅ ਦੇ ਹਾਲਾਤ ਦੇਖਦਿਆਂ ਮੁਲਕ ਨੂੰ ਆਰਜ਼ੀ ਤੌਰ 'ਤੇ ਛੱਡ ਦੇਣ। ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਜਾਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ ਹੈ।

ਉਧਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੁਵੱਲੇ ਏਅਰ ਬੱਬਲ ਸਮਝੌਤੇ ਤਹਿਤ ਭਾਰਤ ਅਤੇ ਯੂਕਰੇਨ ਵਿਚਾਲੇ ਚੱਲਣ ਵਾਲੀਆਂ ਉਡਾਣਾਂ ਦੀ ਗਿਣਤੀ ਸਬੰਧੀ ਪਾਬੰਦੀ ਹਟਾ ਦਿੱਤੀ ਹੈ, ਤਾਂ ਜੋ ਪੂਰਬੀ ਯੂਰਪੀ ਦੇਸ਼ ਤੋਂ ਭਾਰਤੀ ਆਪਣੇ ਦੇਸ਼ ਪਰਤ ਸਕਣ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਹਵਾਈ ਕੰਪਨੀਆਂ ਨੂੰ ਵਧਦੀ ਮੰਗ ਦੇ ਮੱਦੇਨਜ਼ਰ ਯੂਕਰੇਨ ਜਾਣ ਵਾਲੀਆਂ ਉਡਾਣਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੰਤਰਾਲੇ, ਉਡਾਣ ਸੇਵਾਵਾਂ ਦੇ ਸਬੰਧ ਵਿਚ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰ ਰਿਹਾ ਹੈ। ਅਜੇ ਯੂਕਰੇਨ ਤੋਂ ਯੂਕਰੇਨੀਅਨ ਇੰਟਰਨੈਸ਼ਨਲ ਏਅਰਲਾਈਨਜ਼, ਏਅਰ ਅਰੇਬੀਆ, ਫਲਾਈ ਦੁਬਈ ਅਤੇ ਕਤਰ ਏਅਰਵੇਜ਼ ਦੀਆਂ ਉਡਾਣਾਂ ਚੱਲ ਰਹੀਆਂ ਹਨ। -ਪੀਟੀਆਈ



Most Read

2024-09-21 08:47:53