Breaking News >> News >> The Tribune


ਅਦਾਕਾਰ ਦੀਪ ਸਿੱਧੂ ਦਾ ਅੰਤਿਮ ਸੰਸਕਾਰ


Link [2022-02-17 20:00:12]



ਗਗਨਦੀਪ ਅਰੋੜਾਲੁਧਿਆਣਾ, 16 ਫਰਵਰੀ

ਕੁੰਡਲੀ-ਮਾਨੇਸਰ ਹਾਈਵੇਅ 'ਤੇ ਮੰਗਲਵਾਰ ਰਾਤ ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਅਦਾਕਾਰ ਸੰਦੀਪ ਸਿੰਘ ਸਿੱਧੂ ਉਰਫ਼ ਦੀਪ ਸਿੱਧੂ ਦਾ ਅੱਜ ਇੱਥੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇਹ ਅੱਜ ਬਾਅਦ ਦੁਪਹਿਰ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪੁੱਜੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਇਸ ਮੌਕੇ ਜਿੱਥੇ ਸਮਾਜ ਸੇਵੀ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ, ਉੱਥੇ ਪੰਜਾਬੀ ਫ਼ਿਲਮ ਜਗਤ ਨਾਲ ਸਬੰਧਤ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਸਿਮਰਜੀਤ ਸਿੰਘ ਮਾਨ, ਜਥੇਦਾਰ ਧਿਆਨ ਸਿੰਘ ਮੰਡ, ਲੱਖਾ ਸਿਧਾਣਾ, ਸੋਨੀਆ ਮਾਨ ਸਮੇਤ ਕਈ ਜਣੇ ਅੱਜ ਅਦਾਕਾਰ ਦੀਆਂ ਅੰਤਿਮ ਰਸਮਾਂ ਮੌਕੇ ਪੁੱਜੇ।

ਦੀਪ ਸਿੱਧੂ

ਇਸ ਮੌਕੇ ਦੀਪ ਸਿੱਧੂ ਦੀ ਪਤਨੀ ਜੋ ਕਿ ਮੁੰਬਈ 'ਚ ਉਨ੍ਹਾਂ ਦੀ 12 ਸਾਲ ਦੀ ਲੜਕੀ ਨਾਲ ਰਹਿ ਰਹੀ ਹੈ, ਉਹ ਵੀ ਪਹੁੰਚ ਗਈ ਤੇ ਮਾਹੌਲ ਬੇਹੱਦ ਗ਼ਮਗੀਨ ਹੋ ਗਿਆ। ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਦੀਪ ਦੇ ਭਰਾ ਮਨਦੀਪ ਸਿੱਧੂ ਨੇ ਨਿਭਾਈਆਂ। ਦੀਪ ਨੂੰ ਚਾਹੁਣ ਵਾਲੇ ਵੱਡੀ ਗਿਣਤੀ ਲੋਕ ਆਖਰੀ ਯਾਤਰਾ ਦੇ ਨਾਲ-ਨਾਲ ਸਮਸ਼ਾਨਘਾਟ ਤੱਕ ਪੁੱਜੇ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਮੰਗਲਵਾਰ ਰਾਤ ਆਪਣੀ ਦੋਸਤ ਦੇ ਨਾਲ ਦਿੱਲੀ 'ਚ ਸਨ ਤੇ ਦਿੱਲੀ ਤੋਂ ਰਾਤ ਨੂੰ ਕੁੰਡਲੀ-ਮਾਨੇਸਰ ਹਾਈਵੇਅ ਰਾਹੀਂ ਸਕਾਰਪੀਓ ਕਾਰ 'ਚ ਪੰਜਾਬ ਆ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਟਰਾਲੇ ਨਾਲ ਹੋ ਗਈ। ਦੀਪ ਸਿੱਧੂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਬੁੱਧਵਾਰ ਸਵੇਰੇ ਸੋਨੀਪਤ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਦੀ ਕਾਰਵਾਈ ਪੂਰੀ ਕਰਨ ਮਗਰੋਂ ਦੁਪਹਿਰ ਬਾਅਦ ਕਰੀਬ ਸਾਢੇ 3 ਵਜੇ ਮ੍ਰਿਤਕ ਦੇਹ ਲੁਧਿਆਣਾ ਲਿਆਂਦੀ ਗਈ। ਦੀਪ ਦੇ ਘਰ ਦੇ ਬਾਹਰ ਪਹਿਲਾਂ ਹੀ ਹਜ਼ਾਰਾਂ ਲੋਕ ਇਕੱਠੇ ਹੋ ਗਏ ਸਨ। ਕਰੀਬ ਦੋ ਤੋਂ ਤਿੰਨ ਕਿਲੋਮੀਟਰ ਦੇ ਘੇਰੇ 'ਚ ਗੱਡੀਆਂ ਖੜ੍ਹੀਆਂ ਸਨ। ਅਰਦਾਸ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਲੋਕਾਂ ਨੂੰ ਪਿੱਛੇ ਕਰਵਾ ਕੇ ਗੇਟ ਖੁੱਲ੍ਹਵਾਇਆ ਗਿਆ ਤੇ ਅੰਤਿਮ ਯਾਤਰਾ ਉੱਥੋਂ ਨਿਕਲੀ।

ਬਹੁਤ ਉਦਾਸ ਹੈ ਦੀਪ ਸਿੱਧੂ ਦਾ ਪਿੱਤਰੀ ਪਿੰਡ ਉਦੇਕਰਨ

ਗੁਰਸੇਵਕ ਸਿੰਘ ਪ੍ਰੀਤਸ੍ਰੀ ਮੁਕਤਸਰ ਸਾਹਿਬ, 16 ਫਰਵਰੀ

ਕਿਸਾਨ ਅੰਦੋਲਨ ਦੌਰਾਨ ਆਪਣੀਆਂ ਤਕਰੀਰਾਂ ਅਤੇ ਲਾਲ ਕਿਲ੍ਹੇ ਉਪਰ ਕੇਸਰੀ ਝੰਡਾ ਲਹਿਰਾਉਣ ਕਾਰਨ ਵਿਵਾਦਾਂ 'ਚ ਘਿਰੇ ਦੀਪ ਸਿੱਧੂ ਦੇ ਸੜਕ ਹਾਦਸੇ ਵਿੱਚ ਅਚਾਨਕ ਮੌਤ ਜਾਣ 'ਤੇ ਉਸ ਦੇ ਪਿੱਤਰੀ ਪਿੰਡ ਉਦੇਕਰਨ ਵਿੱਚ ਮਾਤਮ ਛਾਅ ਗਿਆ ਹੈ। ਇਸ ਪਿੰਡ ਵਿੱਚ ਦੀਪ ਸਿੱਧੂ ਦੇ ਵੱਡੇ-ਵਡੇਰੇ ਰਹਿੰਦੇ ਹਨ। ਦੀਪ ਸਿੱਧੂ ਦੇ ਬਜ਼ੁਰਗ ਜਸਪਾਲ ਸਿੰਘ ਨੇ ਦੱਸਿਆ ਕਿ ਦੀਪ ਸਿੱਧੂ ਬਚਪਨ ਤੋਂ ਹੀ ਬਹੁਤ ਜ਼ਹੀਨ ਬੁੱਧੀ ਦਾ ਮਾਲਕ ਅਤੇ ਸਿੱਖ ਵਿਚਾਰਧਾਰਾ ਦਾ ਮੁਦਈ ਸੀ।

ਦੀਪ ਸਿੱਧੂ ਦੇ ਪਰਿਵਾਰਕ ਮੈਂਬਰ ਐਡਵੋਕੇਟ ਜਸਮੇਲ ਸਿੰਘ ਬਰਾੜ ਨੇ ਦੱਸਿਆ ਕਿ ਉਹ ਬਾਸਕਟਬਾਲ ਦਾ ਬਹੁਤ ਵਧੀਆ ਖਿਡਾਰੀ, ਕਾਬਿਲ ਵਕੀਲ, ਅਦਾਕਾਰ ਅਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਬਹੁ-ਪੱਖੀ ਸ਼ਖਸੀਅਤ ਦਾ ਮਾਲਕ ਸੀ। ਉਸ ਨੇ ਉਦੇਕਰਨ ਵਰਗੇ ਛੋਟੇ ਜਿਹੇ ਪਿੰਡ ਵਿੱਚੋਂ ਉਠ ਕੇ ਪਹਿਲਾਂ ਉੱਚ ਕੋਟੀ ਦੇ ਵਕੀਲ ਵਜੋਂ ਆਪਣੀ ਪਛਾਣ ਬਣਾਈ। ਇਸੇ ਦੌਰਾਨ ਉਹ ਏਕਤਾ ਕਪੂਰ ਅਤੇ ਲੀਲਾ ਭੰਸਾਲੀ ਵਰਗੇ ਡਾਇਰੈਕਟਰਾਂ ਦਾ ਕਾਨੂੰਨੀ ਸਲਾਹਕਾਰ ਵੀ ਰਿਹਾ। ਫਿਰ ਉਸ ਨੇ ਧਰਮਿੰਦਰ ਦੇ ਪਰਿਵਾਰ ਨਾਲ ਸਾਂਝ ਬਣਾਈ। ਉਸ ਨੇ ਕਈ ਫਿਲਮਾਂ ਕੀਤੀਆਂ ਅਤੇ ਬੰਗਲੌਰ, ਪੁਣੇ, ਮੁੰਬਈ ਅਤੇ ਹੋਰ ਕਈ ਸ਼ਹਿਰਾਂ ਵਿੱਚ ਆਪਣੇ ਕਾਰੋਬਾਰ ਸਥਾਪਤ ਕੀਤੇ ਸਨ। ਗੁਰਦਾਸਪੁਰ ਹਲਕੇ ਤੋਂ ਸਨੀ ਦਿਓਲ ਨੂੰ ਚੋਣ ਜਿਤਾਉਣ ਦੀ ਸਾਰੀ ਜ਼ਿੰਮੇਵਾਰੀ ਦੀਪ ਸਿੱਧੂ ਨੇ ਲਈ ਸੀ। ਸਨੀ ਦਿਓਲ ਦੀ ਗੈਰਹਾਜ਼ਰੀ ਵਿੱਚ ਹਲਕੇ ਦਾ ਸਾਰਾ ਕੰਮਕਾਜ ਵੀ ਦੀਪ ਸਿੱਧੂ ਹੀ ਸੰਭਾਲਦਾ ਸੀ ਪਰ ਕਿਸਾਨੀ ਮੋਰਚੇ ਦੌਰਾਨ ਦੀਪ ਸਿੱਧੂ ਨੇ ਸਨੀ ਦਿਓਲ ਦਾ ਸਾਥ ਹਮੇਸ਼ਾ ਲਈ ਛੱਡ ਦਿੱਤਾ ਸੀ। ਉਨ੍ਹਾਂ ਇਸ ਹਾਦਸੇ ਦੀ ਪੜਤਾਲ ਕਰਾਉਣ ਦੀ ਵੀ ਮੰਗ ਕੀਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਫ਼ਸੋਸ ਪ੍ਰਗਟਾਇਆ

ਅੰਮ੍ਰਿਤਸਰ (ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਸਰੋਕਾਰਾਂ ਨੂੰ ਪੁਖ਼ਤਗੀ ਨਾਲ ਰੱਖਣ ਵਾਲੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਅਕਾਲ ਚਲਾਣੇ 'ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਇਕ ਸ਼ੋਕ ਸੰਦੇਸ਼ ਵਿਚ ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਦੀਪ ਸਿੱਧੂ ਨੇ ਕਿਸਾਨ ਸੰਘਰਸ਼ ਦੌਰਾਨ ਨੌਜਵਾਨੀ ਨੂੰ ਲਾਮਬੰਦ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ।

ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਸਿੰਘੂ ਬਾਰਡਰ ਤੋਂ ਕੁੱਝ ਦੂਰੀ 'ਤੇ ਸੋਨੀਪਤ ਦੇ ਖਰਖੌਦਾ ਥਾਣਾ ਖੇਤਰ ਵਿੱਚ ਬੀਤੀ ਰਾਤ ਸੜਕ ਹਾਦਸੇ ਵਿੱਚ ਮਾਰੇ ਗਏ ਅਦਾਕਾਰ ਦੀਪ ਸਿੱਧੂ ਦੀ ਮ੍ਰਿਤਕ ਦੇਹ ਦਾ ਅੱਜ ਸੋਨੀਪਤ ਦੇ ਸਰਕਾਰੀ ਹਸਪਤਾਲ ਦੇ ਤਿੰਨ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਕੀਤਾ ਗਿਆ। ਦੀਪ ਸਿੱਧੂ ਨਾਲ ਸਕਾਰਪੀਓ ਗੱਡੀ ਵਿੱਚ ਸਫ਼ਰ ਕਰ ਰਹੀ ਰੀਨਾ ਨਾਂ ਦੀ ਉਸ ਦੀ ਦੋਸਤ ਦਾ ਇਲਾਜ ਦਿੱਲੀ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਹੈ। ਪੋਸਟਮਾਰਟਮ ਦੌਰਾਨ ਵੀਡੀਓਗ੍ਰਾਫ਼ੀ ਵੀ ਕੀਤੀ ਗਈ।

ਇਸ ਮੌਕੇ ਦੀਪ ਸਿੱਧੂ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਹਸਪਤਾਲ ਪਹੁੰਚੇ ਹੋਏ ਸਨ ਜਿਨ੍ਹਾਂ ਵਿੱਚ ਨਿਹੰਗ ਸਿੰਘ ਵੀ ਸ਼ਾਮਲ ਸਨ। ਦੀਪ ਸਿੱਧੂ ਦੇ ਭਰਾ ਦੀ ਸ਼ਿਕਾਇਤ 'ਤੇ ਟਰਾਲਾ ਚਾਲਕ ਖ਼ਿਲਾਫ਼ ਲਾਪ੍ਰਵਾਹੀ ਨਾਲ ਗੱਡੀ ਚਲਾ ਕੇ ਜਾਨ ਲੈਣ ਅਤੇ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੀ ਪਛਾਣ ਕਰ ਲਈ ਗਈ ਹੈ ਪਰ ਨਸ਼ਰ ਨਹੀਂ ਕੀਤੀ ਗਈ ਹੈ। ਫੋਰੈਂਸਿਕ ਟੀਮ ਵੱਲੋਂ ਹਾਦਸੇ ਵਾਲੀ ਥਾਂ ਦਾ ਦੌਰਾ ਵੀ ਕੀਤਾ ਗਿਆ ਹੈ। ਪੁਲੀਸ ਮੁਤਾਬਕ ਸਕਾਰਪੀਓ ਵਿੱਚੋਂ ਸ਼ਰਾਬ ਦੀ ਅੱਧੀ ਭਰੀ ਹੋਈ ਬੋਤਲ ਵੀ ਬਰਾਮਦ ਕੀਤੀ ਗਈ ਹੈ। ਉਂਜ ਪਰਿਵਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਦੀਪ ਕੋਈ ਨਸ਼ਾ ਨਹੀਂ ਕਰਦਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਟਰਾਲਾ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਸੀ ਅਤੇ ਪਿੱਛੋਂ ਦੀਪ ਸਿੱਧੂ ਦੀ ਗੱਡੀ ਨੇ ਟੱਕਰ ਮਾਰੀ। ਪੁਲੀਸ ਵੱਲੋਂ ਅਗਲੀ ਜਾਂਚ ਲਈ ਵਿਸਰਾ ਪ੍ਰਯੋਗਸ਼ਾਲਾ ਭੇਜਿਆ ਗਿਆ ਹੈ।



Most Read

2024-09-22 20:37:36