Breaking News >> News >> The Tribune


ਕਰਨਾਟਕ ਵਿਧਾਨ ਸਭਾ ’ਚ ਹੰਗਾਮਾ, ਕਾਰਵਾਈ ਮੁਲਤਵੀ


Link [2022-02-17 20:00:12]



ਬੰਗਲੁਰੂ, 16 ਫਰਵਰੀ

ਮੁੱਖ ਅੰਸ਼

ਮੰਤਰੀ ਵੱਲੋਂ ਵਿਵਾਦਤ ਬਿਆਨ ਦੇਣ ਦਾ ਮਾਮਲਾ

ਕਰਨਾਟਕ ਵਿਧਾਨ ਸਭਾ ਵਿਚ ਅੱੱਜ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਕੇ.ਐੱਸ ਈਸ਼ਵਰੱਪਾ ਤੇ ਸੂਬਾ ਕਾਂਗਰਸ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਵਿਚਾਲੇ ਤਿੱਖਾ ਟਕਰਾਅ ਹੋਇਆ। ਇਸ ਮੌਕੇ ਹਾਲਾਤ ਲਗਭਗ ਹੱਥੋਪਾਈ ਵਾਲੇ ਬਣ ਗਏ। ਸਦਨ ਵਿਚ ਸਥਿਤੀ ਉਸ ਵੇਲੇ ਗੰਭੀਰ ਹੋ ਗਈ ਜਦ ਵਿਰੋਧੀ ਧਿਰ ਦੇ ਆਗੂ ਸਿੱਧਾਰਮਈਆ ਨੇ ਈਸ਼ਵਰੱਪਾ ਨੂੰ ਵਿਧਾਨ ਸਭਾ ਵਿਚੋਂ ਮੁਅੱਤਲ ਕਰਨ ਤੇ ਉਨ੍ਹਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਮੰਤਰੀ ਨੇ ਹਾਲ ਹੀ ਵਿਚ ਕਿਹਾ ਸੀ ਕਿ 'ਭਗਵਾ ਝੰਡਾ' ਭਵਿੱਖ ਵਿਚ ਕੌਮੀ ਝੰਡਾ ਬਣ ਸਕਦਾ ਹੈ। ਦੋਵਾਂ ਵਿਚਾਲੇ ਸ਼ਬਦੀ ਟਕਰਾਅ ਉਸ ਵੇਲੇ ਹੋਇਆ ਜਦ ਸਪੀਕਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਨੇ ਈਸ਼ਵਰੱਪਾ ਦਾ ਪੱਖ ਸੁਣਨ ਦੀ ਇੱਛਾ ਪ੍ਰਗਟ ਕੀਤੀ ਕਿਉਂਕਿ ਮੰਤਰੀ ਵਿਰੁੱਧ ਕਾਰਵਾਈ ਮੰਗੀ ਗਈ ਸੀ।

ਸ਼ਿਵਕੁਮਾਰ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ, 'ਅਸੀਂ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦੇ ਸਕਦੇ।' ਇਸ 'ਤੇ ਈਸ਼ਵਰੱਪਾ ਨੇ ਆਪਣੀ ਸੀਟ ਤੋਂ ਕੁਝ ਕਿਹਾ ਜੋ ਰੌਲੇ-ਰੱਪੇ ਵਿਚ ਸੁਣਿਆ ਨਹੀਂ ਜਾ ਸਕਿਆ। ਸ਼ਿਵਕੁਮਾਰ ਨੇ ਦਾਅਵਾ ਕੀਤਾ ਕਿ ਮੰਤਰੀ ਨੇ ਉਨ੍ਹਾਂ ਨੂੰ ਕਿਹਾ, 'ਇਹ ਸਦਨ ਤੁਹਾਡੇ ਪਿਤਾ ਦੀ ਜਾਇਦਾਦ ਨਹੀਂ ਹੈ।' ਸੂਬਾ ਕਾਂਗਰਸ ਮੁਖੀ ਇਸ ਤੋਂ ਬਾਅਦ ਆਪਣੇ ਕੁਝ ਸਾਥੀ ਵਿਧਾਇਕਾਂ ਨਾਲ ਈਸ਼ਵਰੱਪਾ ਵੱਲ ਵਧੇ, ਦੂਜੇ ਪਾਸਿਓਂ ਮੰਤਰੀ ਵੀ ਸੀਟ ਤੋਂ ਉੱਠ ਉਨ੍ਹਾਂ ਵੱਲ ਤੁਰ ਪਿਆ। ਸਥਿਤੀ ਵਿਗੜਦੀ ਦੇਖ ਸਪੀਕਰ ਨੇ ਸਦਨ ਦੀ ਕਾਰਵਾਈ ਮੁਅੱਤਲ ਕਰ ਦਿੱਤੀ। ਜਦਕਿ ਮਾਰਸ਼ਲਾਂ ਨੇ ਦੋਵਾਂ ਧਿਰਾਂ ਦੇ ਕੁਝ ਵਿਧਾਇਕਾਂ ਦੀ ਮਦਦ ਨਾਲ ਗੁੱਸੇ ਵਿਚ ਆਏ ਕਾਂਗਰਸ ਆਗੂ ਤੇ ਮੰਤਰੀ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਇਸ ਤੋਂ ਪਹਿਲਾਂ ਵੀ ਦੋਵੇਂ ਆਗੂ ਵਿਧਾਨ ਸਭਾ ਵਿਚ ਇਕ-ਦੂਜੇ ਨੂੰ 'ਦੇਸ਼ਧ੍ਰੋਹੀ' ਕਹਿ ਕੇ ਸੰਬੋਧਨ ਕਰ ਚੁੱਕੇ ਹਨ। -ਪੀਟੀਆਈ



Most Read

2024-09-22 20:31:21