Breaking News >> News >> The Tribune


ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤ


Link [2022-02-17 04:15:34]



ਮੁੰਬਈ/ਨਵੀਂ ਦਿੱਲੀ, 16 ਫਰਵਰੀ

ਗਾਇਕ-ਸੰਗੀਤਕਾਰ ਬੱਪੀ ਲਹਿਰੀ (69) ਦਾ ਅੱਜ ਦੇਹਾਂਤ ਹੋ ਗਿਆ। ਸੱਤਰ ਅਤੇ ਅੱਸੀ ਦੇ ਦਹਾਕੇ ਵਿਚ ਹਿੰਦੀ ਫ਼ਿਲਮਾਂ ਵਿਚ ਡਿਸਕੋ ਦੀ ਧਮਕ ਤੇ ਅਜਿਹੀਆਂ ਧੁਨਾਂ ਨੂੰ ਮਸ਼ਹੂਰ ਕਰਨ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਕੁਝ ਰੂਹ ਨੂੰ ਸਕੂਨ ਦੇਣ ਵਾਲੀਆਂ ਤਰਜਾਂ ਵੀ ਬੱਪੀ ਨੇ ਬਣਾਈਆਂ। ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਤੇ ਉਹ ਕਈ ਬੀਮਾਰੀਆਂ ਨਾਲ ਜੂਝ ਰਹੇ ਸਨ। ਲਹਿਰੀ ਦੀ ਮੌਤ ਜੁਹੂ ਦੇ ਇਕ ਹਸਪਤਾਲ ਵਿਚ ਹੋਈ। ਉਹ ਕਰੀਬ ਇਕ ਮਹੀਨਾ ਹਸਪਤਾਲ ਦਾਖਲ ਰਹੇ ਸਨ ਤੇ ਸੋਮਵਾਰ ਨੂੰ ਹੀ ਛੁੱਟੀ ਮਿਲੀ ਸੀ। ਪਰ ਮੰਗਲਵਾਰ ਉਨ੍ਹਾਂ ਦੀ ਸਿਹਤ ਵਿਗੜ ਗਈ ਤੇ ਪਰਿਵਾਰ ਨੇ ਡਾਕਟਰ ਨੂੰ ਘਰ ਬੁਲਾਇਆ ਸੀ। ਬਾਅਦ ਵਿਚ ਬੱਪੀ ਨੂੰ ਹਸਪਤਾਲ ਲਿਆਂਦਾ ਗਿਆ। ਡਾਕਟਰ ਨੇ ਦੱਸਿਆ ਕਿ ਬੱਪੀ ਦੀ ਮੌਤ ਓਐੱਸਏ (ਓਬਸਟ੍ਰਕਟਿਵ ਸਲੀਪ ਐਪਨਿਆ) ਕਾਰਨ ਮੰਗਲਵਾਰ ਅੱਧੀ ਰਾਤ ਨੂੰ ਹੀ ਹੋ ਗਈ ਸੀ। ਜ਼ਿਕਰਯੋਗ ਹੈ ਕਿ ਗਾਇਕ-ਸੰਗੀਤਕਾਰ ਬੱਪੀ ਸੋਨੇ ਦੀਆਂ ਚੇਨਾਂ ਪਹਿਨਣ ਕਾਰਨ ਵੀ ਕਾਫ਼ੀ ਮਸ਼ਹੂਰ ਸਨ ਜਿਨ੍ਹਾਂ ਨੂੰ ਉਹ ਤਕਦੀਰ ਨਾਲ ਜੋੜ ਕੇ ਪਹਿਨਦੇ ਸਨ। ਲਹਿਰੀ ਨੇ ਸਿਆਸਤ ਵਿਚ ਵੀ ਕਦਮ ਰੱਖਿਆ ਸੀ ਜਦ ਉਹ 2014 ਵਿਚ ਭਾਜਪਾ 'ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਚਿਤ੍ਰਾਣੀ ਤੋਂ ਇਲਾਵਾ ਧੀ ਰੀਮਾ ਤੇ ਪੁੱਤਰ ਬੱਪਾ ਲਹਿਰੀ ਹਨ। ਉਹ ਦੋਵੇਂ ਵੀ ਸੰਗੀਤ ਨਾਲ ਜੁੜੇ ਹੋਏ ਹਨ। ਬੱਪੀ ਨੇ ਪੱਛਮੀ ਬੰਗਾਲ ਦੀ ਸ੍ਰੀਰਾਮਪੁਰ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਤੋਂ ਹਾਰ ਗਏ ਸਨ। ਬੱਪੀ ਲਹਿਰੀ ਦੀਆਂ ਅੰਤਿਮ ਰਸਮਾਂ ਭਲਕੇ ਜੁਹੂ ਦੇ ਪਵਨ ਹੰਸ ਸ਼ਮਸ਼ਾਨਘਾਟ ਵਿਚ ਹੋਣਗੀਆਂ। ਉਨ੍ਹਾਂ ਦਾ ਸੰਗੀਤਕਾਰ ਪੁੱਤਰ ਬੱਪਾ ਲਹਿਰੀ ਅਮਰੀਕਾ ਤੋਂ ਪਰਤ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਪੀ ਲਹਿਰੀ ਦੇ ਦੇਹਾਂਤ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਸਮੁੱਖ ਸੁਭਾਅ ਨੂੰ ਸਾਰੇ ਹਮੇਸ਼ਾ ਯਾਦ ਕਰਨਗੇ। ਵੱਖ-ਵੱਖ ਪੀੜ੍ਹੀਆਂ ਉਨ੍ਹਾਂ ਦੇ ਗੀਤਾਂ ਨਾਲ ਜੁੜਾਅ ਮਹਿਸੂਸ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਇਕ ਤਸਵੀਰ ਟਵੀਟ ਕਰ ਕੇ ਪਰਿਵਾਰ ਨਾਲ ਵੀ ਦੁੱਖ ਪ੍ਰਗਟ ਕੀਤਾ। ਫ਼ਿਲਮ ਜਗਤ ਦੀਆਂ ਕਈ ਹਸਤੀਆਂ ਨੇ ਬੱਪੀ 'ਦਾ' ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। ਇਨ੍ਹਾਂ ਵਿਚ ਅਕਸ਼ੈ ਕੁਮਾਰ, ਚਿਰੰਜੀਵੀ, ਵਿਦਿਆ ਬਾਲਨ, ਸੰਜੈ ਦੱਤ, ਮਾਧੁਰੀ ਦੀਕਸ਼ਿਤ ਤੇ ਕਰਨ ਜੌਹਰ ਵਰਗੇ ਸਿਤਾਰੇ ਸ਼ਾਮਲ ਹਨ। -ਪੀਟੀਆਈ

'ਚਲਤੇ ਚਲਤੇ ਮੇਰੇ ਯੇਹ ਗੀਤ ਯਾਦ ਰਖਨਾ...'

ਬੱਪੀ ਲਹਿਰੀ ਦਾ ਕਰੀਅਰ ਪੰਜ ਦਹਾਕਿਆਂ ਤੱਕ ਫੈਲਿਆ ਹੋਇਆ ਸੀ। ਆਖ਼ਰੀ ਗੀਤ ਉਨ੍ਹਾਂ ਸਤੰਬਰ, 2021 ਵਿਚ ਸੰਗੀਤਬੱਧ ਕੀਤਾ ਸੀ ਜੋ ਕਿ 'ਗਣਪਤੀ ਬੱਪਾ ਮੌਰਿਆ' ਸੀ। ਪੱਛਮੀ ਬੰਗਾਲ ਦੇ ਜਲਪਾਇਗੁੜੀ ਵਿਚ ਅਲੋਕੇਸ਼ ਲਹੀਰ ਵਜੋਂ 1952 ਵਿਚ ਜਨਮੇ ਬੱਪੀ ਸੰਗੀਤਕਾਰਾਂ ਦੇ ਪਰਿਵਾਰ ਵਿਚੋਂ ਸਨ। ਨਿੱਕੀ ਉਮਰ ਵਿਚ ਹੀ ਉਹ ਵੀ ਸੰਗੀਤ ਵਿਚ ਦਿਲਚਸਪੀ ਲੈਣ ਲੱਗ ਪਏ। ਭਾਰਤ ਦੇ ਮਹਾਨ ਗਾਇਕਾਂ ਵਿਚ ਸ਼ੁਮਾਰ ਕਿਸ਼ੋਰ ਕੁਮਾਰ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸਨ ਜਿਨ੍ਹਾਂ ਬੱਪੀ ਲਈ ਮਸ਼ਹੂਰ ਗੀਤ 'ਪਗ ਘੁੰਗਰੂ' ਅਤੇ 'ਚਲਤੇ ਚਲਤੇ' ਗਾਏ। ਉਨ੍ਹਾਂ ਦੇ ਹੋਰਨਾਂ ਮਸ਼ਹੂਰ ਗੀਤਾਂ ਵਿਚ 'ਆਈ ਐਮ ਏ ਡਿਸਕੋ ਡਾਂਸਰ', 'ਇੰਤਹਾ ਹੋ ਗਈ' ਤੇ 'ਲਾਲ ਦੁਪੱਟੇ ਵਾਲੀ' ਵੀ ਸਨ। 'ਕਿਸੀ ਨਜ਼ਰ ਕੋ ਤੇਰਾ ਇੰਤਜ਼ਾਰ ਆਜ ਭੀ ਹੈ' ਵਰਗੀ ਰੂਹ ਨੂੰ ਟੁੰਬਣ ਵਾਲੀ ਗ਼ਜ਼ਲ ਵੀ ਬੱਪੀ 'ਦਾ' ਨੇ ਸੰਗੀਤਬੱਧ ਕੀਤੀ ਸੀ। ਜਦਕਿ 'ਟੈਕਸੀ ਨੰਬਰ 9211' ਦੇ ਗੀਤ 'ਬੰਬਈ ਨਗਰੀਆ' ਤੇ 'ਦਿ ਡਰਟੀ ਪਿਕਚਰ' ਦੇ ਗੀਤ 'ਊ ਲਾ ਲਾ' ਨੂੰ ਉਨ੍ਹਾਂ ਆਪਣੀ ਆਵਾਜ਼ ਦਿੱਤੀ। ਬੱਪੀ ਨੇ ਬੰਗਾਲੀ, ਤੇਲਗੂ, ਤਾਮਿਲ, ਕੰਨੜ ਤੇ ਗੁਜਰਾਤੀ ਫ਼ਿਲਮਾਂ ਲਈ ਵੀ ਸੰਗੀਤ ਦਿੱਤਾ। -ਪੀਟੀਆਈ



Most Read

2024-09-22 20:38:58