World >> The Tribune


ਕੂਟਨੀਤਕ ਯਤਨਾਂ ਤੋਂ ਬਾਅਦ ਯੂਕਰੇਨ ਜੰਗ ਟਲਣ ਦੇ ਆਸਾਰ ਬਣਨ ਲੱਗੇ


Link [2022-02-16 09:32:16]



ਮਾਸਕੋ, 15 ਫਰਵਰੀ

ਯੂਕਰੇਨ ਦੀ ਸਰਹੱਦ ਨੇੜੇ ਰੂਸ ਦੇ ਫ਼ੌਜੀਆਂ ਦੀਆਂ ਸਰਗਰਮੀਆਂ 'ਤੇ ਪੱਛਮੀ ਮੁਲਕਾਂ ਵੱਲੋਂ ਨੇੜਿਓਂ ਅੱਖ ਰੱਖੀ ਜਾ ਰਹੀ ਹੈ। ਇਸ ਦੌਰਾਨ ਜੰਗ ਹਾਲ ਦੀ ਘੜੀ ਟਲਣ ਬਾਰੇ ਕ੍ਰੈਮਲਿਨ ਤੋਂ ਮਿਲੇ ਸੰਕੇਤਾਂ ਤੋਂ ਉਤਸ਼ਾਹਿਤ ਯੂਰਪੀ ਆਗੂ ਆਖ਼ਰੀ ਪਲਾਂ ਦੀ ਕੂਟਨੀਤਕ ਗੱਲਬਾਤ ਲਈ ਅੱਜ ਇਸ ਖਿੱਤੇ ਲਈ ਰਵਾਨਾ ਹੋਏ। ਯੂਕਰੇਨ ਨੂੰ ਲੈ ਕੇ ਕਈ ਹਫ਼ਤਿਆਂ ਤੋਂ ਵਧਦੇ ਤਣਾਅ ਤੋਂ ਬਾਅਦ ਸੋਮਵਾਰ ਨੂੰ ਸੁਰ ਉਸ ਸਮੇਂ ਕੁਝ ਬਦਲਦੇ ਲੱਗਣ ਲੱਗੇ ਜਦੋਂ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਸੰਕੇਤ ਦਿੱਤਾ ਕਿ ਰੂਸ ਸੁਰੱਖਿਆ ਸਬੰਧੀ ਮਸਲਿਆਂ ਬਾਰੇ ਗੱਲਬਾਤ ਲਈ ਤਿਆਰ ਹੈ, ਜਿਨ੍ਹਾਂ ਕਾਰਨ ਇਹ ਸੰਕਟ ਪੈਦਾ ਹੋਇਆ ਹੈ। ਇਸ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਫ਼ੌਜੀ ਮਸ਼ਕਾਂ ਵਿੱਚ ਹਿੱਸਾ ਲੈ ਰਹੀਆਂ ਕੁਝ ਯੂਨਿਟਾਂ ਆਪਣੇ ਕੈਂਪਾਂ ਵੱਲ ਮੁੜਨਾ ਸ਼ੁਰੂ ਕਰ ਦੇਣਗੀਆਂ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਫ਼ੌਜੀ ਕਿੱਥੇ ਜਾਣਗੇ ਜਾਂ ਕਿੰਨੇ ਫ਼ੌਜੀ ਵਾਪਸ ਜਾ ਰਹੇ ਹਨ ਤੇ ਇਹ ਖ਼ਬਰ ਪੱਛਮੀ ਅਧਿਕਾਰੀਆਂ ਵੱਲੋਂ ਇਹ ਗੱਲ ਕਹਿਣ ਤੋਂ ਇੱਕ ਦਿਨ ਮਗਰੋਂ ਆਈ ਹੈ ਕਿ ਕੁਝ ਫ਼ੌਜੀ ਤੇ ਸਾਜ਼ੋ-ਸਾਮਾਨ ਸਰਹੱਦ ਵੱਲ ਲਿਜਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜਦੋਂ ਅਮਰੀਕਾ ਇਸ ਗੱਲ ਨਾਲ ਸਹਿਮਤ ਹੈ ਕਿ ਹਾਲੇ ਵੀ ਕੂਟਨੀਤਕ ਰਾਹ ਨਿਕਲ ਸਕਦਾ ਹੈ, ਵਾਸ਼ਿੰਗਟਨ, ਲੰਡਨ ਤੇ ਦੂਜੇ ਭਾਈਵਾਲਾਂ ਨੇ ਆਪਣੀ ਚਿਤਾਵਨੀ ਦੇਣੀ ਜਾਰੀ ਰੱਖੀ ਹੋਈ ਹੈ ਕਿ ਫ਼ੌਜਾਂ ਕਿਸੇ ਵੀ ਸਮੇਂ ਯੂਕਰੇਨ ਵੱਲ ਵਧ ਸਕਦੀਆਂ ਹਨ। ਰੂਸ ਨੇ ਯੂਕਰੇਨ ਦੀਆਂ ਸਰਹੱਦਾਂ 'ਤੇ ਫ਼ੌਜ ਤਾਇਨਾਤ ਕਰਨ ਤੇ ਜੰਗੀ ਮਸ਼ਕਾਂ ਕਰਨ ਦੇ ਬਾਵਜੂਦ ਇਸ ਗੱਲੋਂ ਇਨਕਾਰ ਕੀਤਾ ਹੈ ਕਿ ਇਸ ਦੀ ਯੂਕਰੇਨ 'ਚ ਦਾਖ਼ਲ ਹੋਣ ਦੀ ਕੋਈ ਯੋਜਨਾ ਹੈ। ਜਰਮਨੀ ਦੇ ਚਾਂਸਲਰ ਓਲਾਫ ਸ਼ੁਲਜ਼ ਅੱਜ ਯੂਕਰੇਨ ਪੁੱਜੇ ਤੇ ਇੱਥੋਂ ਉਨ੍ਹਾਂ ਦੀ ਯੋਜਨਾ ਰੂਸ ਜਾਣ ਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕਰਨ ਦੀ ਹੈ। ਪੋਲੈਂਡ ਦੇ ਵਿਦੇਸ਼ ਮੰਤਰੀ ਜ਼ਬੀਗਨਿਊ ਰੌਅ ਵੀ ਅੱਜ ਮਾਸਕੋ 'ਚ ਸ੍ਰੀ ਲੈਵਰੋਵ ਨਾਲ ਗੱਲਬਾਤ ਕਰਨ ਲਈ ਮੌਜੂਦ ਸਨ ਜਦਕਿ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਆਪਣੇ ਇਤਾਲਵੀ ਹਮਰੁਤਬਾ ਨਾਲ ਗੱਲਬਾਤ ਕੀਤੀ। ਲੈਵਰੋਵ ਦੀ ਟਿੱਪਣੀ ਨੂੰ ਪੱਛਮੀ ਮੁਲਕਾਂ ਲਈ ਰਾਸ਼ਟਰਪਤੀ ਪੂਤਿਨ ਦੇ ਸੁਨੇਹੇ ਦੇ ਰੂਪ ਵਜੋਂ ਦੇਖਿਆ ਜਾ ਰਿਹਾ ਹੈ, ਨਾਲ ਹੀ ਇਸ ਤੋਂ ਜੰਗ ਟਲਣ ਦਾ ਸੰਕੇਤ ਵੀ ਮਿਲਿਆ ਹੈ। -ਏਪੀ

ਅਮਰੀਕਾ ਵੱਲੋਂ ਰੂਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ

ਵਾਸ਼ਿੰਗਟਨ: ਬਾਇਡਨ ਪ੍ਰਸ਼ਾਸਨ ਨੇ ਇੱਕ ਵਾਰ ਮੁੜ ਰੂਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਇਸਦੀਆਂ ਫ਼ੌਜਾਂ ਨੇ ਯੂਕਰੇਨ 'ਤੇ ਹਮਲਾ ਕੀਤਾ ਤਾਂ ਇਹ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ। ਅਮਰੀਕਾ ਨੇ ਕਿਹਾ ਕਿ ਜੇਕਰ ਰੂਸ ਹਾਂ-ਪੱਖੀ ਪਹੁੰਚ ਅਪਣਾਵੇ ਤਾਂ ਕੂਟਨੀਤਕ ਗੱਲਬਾਤ ਲਈ ਰਾਹ ਅਜੇ ਵੀ ਮੌਜੂਦ ਹੈ। ਵਾਈਟ ਹਾਊਸ ਦੀ ਮੁੱਖ ਉਪ ਪ੍ਰੈੱਸ ਸਕੱਤਰ ਜੀਨ ਪੀਅਰੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਵੱਲੋਂ ਇਸ ਸੰਕਟ ਦਾ ਕੂਟਨੀਤਕ ਹੱਲ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ। -ਪੀਟੀਆਈ

ਆਸਟਰੇਲੀਆ ਨੇ ਚੀਨ ਨੂੰ ਰੂਸ ਦੀ ਨਿਖੇਧੀ ਕਰਨ ਲਈ ਕਿਹਾ

ਕੈਨਬਰਾ: ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਅੱਜ ਚੀਨ ਨੂੰ ਕਿਹਾ ਹੈ ਕਿ ਉਹ ਰੂਸ ਵੱਲੋਂ ਯੂਕਰੇਨ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਨਿਖੇਧੀ ਕਰੇ। ਸਕੌਟ ਮੌਰੀਸਨ ਨੇ ਸੰਸਦ ਵਿੱਚ ਕਿਹਾ,'ਅਸੀਂ ਸੰਸਾਰ ਭਰ ਦੇ ਸਾਰੇ ਮੁਲਕਾਂ ਅਤੇ ਸਾਰੀਆਂ ਸਰਕਾਰਾਂ ਤੋਂ ਆਸ ਕਰਦੇ ਹਾਂ ਕਿ ਉਹ ਯੂਕਰੇਨ ਖ਼ਿਲਾਫ਼ ਜੰਗ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਨਿਖੇਧੀ ਕਰਨ।' -ਏਪੀ



Most Read

2024-09-21 08:53:34