Breaking News >> News >> The Tribune


ਹਿਜਾਬ ਵਿਵਾਦ: ਕਾਂਗਰਸ ਦੇ ਮੁਸਲਿਮ ਆਗੂ ਮੁੱਖ ਮੰਤਰੀ ਨੂੰ ਮਿਲੇ


Link [2022-02-16 09:32:12]



ਬੰਗਲੂਰੂ, 15 ਫਰਵਰੀ

ਕਰਨਾਟਕ ਕਾਂਗਰਸ ਦੇ ਮੁਸਲਿਮ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਬਸਵਰਾਜ ਬੋਮਈ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿਚਲੇ ਸਕੂਲਾਂ ਤੇ ਕਾਲਜਾਂ ਵੱਲੋਂ ਹਿਜਾਬ ਵਿਵਾਦ ਦੇ ਮੁੱਦੇ 'ਤੇ ਵਿਦਿਆਰਥਣਾਂ ਪ੍ਰਤੀ ਅਪਣਾਏ ਜਾ ਰਹੇ ਵਤੀਰੇ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ। ਮੁੱਖ ਮੰਤਰੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲੇ ਵਫ਼ਦ ਨੇ ਨਾਲ ਘੱਟ ਗਿਣਤੀ ਭਾਈਚਾਰੇ ਦੇ ਵਿਕਾਸ ਤੇ ਭਲਾਈ ਲਈ ਵਧੇਰੇ ਫੰਡਾਂ ਦੀ ਵੀ ਮੰਗ ਕੀਤੀ।

ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਲੀਮ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਕੋਲ ਸਕੂਲਾਂ ਤੇ ਕਾਲਜਾਂ 'ਚ ਵਿਦਿਆਰਥਣਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਦਾ ਮੁੱਦਾ ਰੱਖਿਆ। ਉਨ੍ਹਾਂ ਕਿਹਾ, 'ਅਸੀਂ ਮੁੱਖ ਮੰਤਰੀ ਬੋਮਈ ਨੂੰ ਹਿਜਾਬ ਵਿਵਾਦ ਦੇ ਮਸਲੇ 'ਤੇ ਰਚੀ ਜਾ ਰਹੀ ਸਾਜ਼ਿਸ਼ ਨੂੰ ਠੱਲ੍ਹ ਪਾਉਣ ਲਈ ਕਿਹਾ ਹੈ।' ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਹਿਜਾਬ ਵਿਵਾਦ ਪਿੱਛੇ ਕੁਝ ਅਦਿੱਖ ਤਾਕਤਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਇਸ ਮੁੱਦੇ 'ਤੇ ਅਦਾਲਤੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ, 'ਅਸੀਂ ਅਦਾਲਤ ਵੱਲੋਂ ਸੰਵਿਧਾਨ ਦੇ ਆਧਾਰ 'ਤੇ ਦਿੱਤੇ ਫ਼ੈਸਲੇ ਦਾ ਸਤਿਕਾਰ ਕਰਦੇ ਹਾਂ ਅਤੇ ਸਾਨੂੰ ਭਰੋਸਾ ਹੈ ਕਿ ਸਾਨੂੰ ਸੰਵਿਧਾਨ ਕਦਰਾਂ-ਕੀਮਤਾਂ ਦੀ ਤਰਜਮਾਨੀ ਕਰਦਾ ਹੋਇਆ ਫ਼ੈਸਲਾ ਮਿਲੇਗਾ।' ਵਫ਼ਦ ਨੇ ਨਾਲ ਹੀ ਸਕੂਲਾਂ ਤੇ ਕਾਲਜਾਂ 'ਚ ਹਿਜਾਬ ਬਨਾਮ ਭਗਵਾਂ ਸ਼ਾਲ ਦੇ ਵਿਵਾਦ ਨਾਲ ਨਜਿੱਠਣ 'ਚ ਸਰਕਾਰ ਦੇ ਨਾਕਾਮ ਰਹਿਣ ਦਾ ਮੁੱਦਾ ਵੀ ਉਭਾਰਿਆ।

ਇਸੇ ਦੌਰਾਨ ਹਿਜਾਬ ਵਿਵਾਦ ਦਰਮਿਆਨ ਕਰਨਾਟਕ ਦੇ ਪ੍ਰੀ-ਯੂਨੀਵਰਸਿਟੀ ਕਾਲਜ ਖੁੱਲ੍ਹਣ ਤੋਂ ਇੱਕ ਦਿਨ ਪਹਿਲਾਂ ਰਾਜ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ ਕਿ ਅਥਾਰਿਟੀਆਂ ਨੂੰ ਉਨ੍ਹਾਂ ਧਾਰਮਿਕ ਜਥੇਬੰਦੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਜੋ ਸਮਾਜ ਨੂੰ ਤੋੜਨ ਅਤੇ ਵਿਦਿਆਰਥੀਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। -ਆਈਏਐੱਨਐੱਸ

ਕਾਂਗਰਸ ਵਿਧਾਇਕ ਨੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ

ਬੰਗਲੂਰੂ: ਕਾਂਗਰਸ ਵਿਧਾਇਕ ਬੀ.ਜ਼ੈੱਫ. ਜ਼ਮੀਰ ਅਹਿਮਦ ਖਾਨ ਨੇ ਅੱਜ ਆਪਣੇ ਉਸ ਬਿਆਨ ਲਈ ਮੁਆਫ਼ੀ ਮੰਗ ਲਈ ਹੈ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਬਿਨਾਂ ਹਿਜਾਬ ਤੋਂ ਮੁਸਲਿਮ ਮਹਿਲਾਵਾਂ ਨਾਲ ਭਾਰਤ 'ਚ ਜਬਰ ਜਨਾਹ ਹੋਣਗੇ। ਸਭ ਪਾਸਿਓਂ ਆਲੋਚਨਾ ਹੋਣ ਮਗਰੋਂ ਇਸ ਬਿਆਨ ਲਈ ਮੁਆਫ਼ੀ ਮੰਗਦਿਆਂ ਕਾਂਗਰਸ ਆਗੂ ਨੇ ਕਿਹਾ, 'ਮੈਂ ਸਾਡੇ ਮੁਲਕ 'ਚ ਔਰਤਾਂ 'ਤੇ ਹੋ ਰਹੇ ਜ਼ੁਲਮ ਤੇ ਜਬਰ ਜਨਾਹ ਦੇ ਮਾਮਲੇ ਦੇਖ ਕੇ ਡਰ ਗਿਆ ਸੀ। ਸਾਡੇ ਸਮਾਜ ਦੀ ਅਜਿਹੀ ਹਾਲਤ ਦੇਖ ਕੇ ਮੈਂ ਕਿਹਾ ਸੀ ਕਿ ਘੱਟੋ ਘੱਟ ਬੁਰਕਾ/ਹਿਜਾਬ ਸ਼ਾਇਦ ਅਜਿਹੀਆਂ ਘਟਨਾਵਾਂ ਨੂੰ ਰੋਕ ਸਕਦੇ ਹਨ। ਇਸ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਕਿਸੇ ਦੀ ਬੇਇੱਜ਼ਤੀ ਕਰਨਾ ਨਹੀਂ ਸੀ। ਜੇਕਰ ਕਿਸੇ ਨੂੰ ਇਸ ਨਾਲ ਠੇਸ ਪਹੁੰਚੀ ਹੋਵੇ ਤਾਂ ਮੈਂ ਮੁਆਫ਼ੀ ਮੰਗਦਾ ਹਾਂ।' -ਪੀਟੀਆਈ

ਹਿਜਾਬ ਲਾਹੁਣ ਲਈ ਕਹਿਣ 'ਤੇ ਪ੍ਰੀਖਿਆ ਦਾ ਬਾਈਕਾਟ

ਬੰਗਲੂਰੂ: ਕਰਨਾਟਕ 'ਚ ਅੱਜ ਵੀ ਹਿਜਾਬ ਵਿਵਾਦ ਜਾਰੀ ਰਿਹਾ ਅਤੇ ਕੁਝ ਥਾਵਾਂ 'ਤੇ ਹਿਜਾਬ ਪਹਿਨ ਕੇ ਆਈਆਂ ਲੜਕੀਆਂ ਨੂੰ ਸਕੂਲ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ। ਇੱਕ ਥਾਂ ਇੱਕ ਲੜਕੀ ਨੇ ਹਿਜਾਬ ਪਹਿਨ ਕੇ ਕਲਾਸ 'ਚ ਦਾਖਲ ਨਾ ਹੋਣ ਦੇਣ ਦੇ ਰੋਸ ਵਜੋਂ ਪ੍ਰੀਖਿਆ ਛੱਡ ਦਿੱਤੀ। ਵਿਦਿਆਰਥਣਾਂ ਦੇ ਮਾਪੇ, ਸਕੂਲ ਪ੍ਰਸ਼ਾਸਨ ਤੇ ਪੁਲੀਸ ਨਾਲ ਬਹਿਸਦੇ ਦਿਖਾਈ ਦਿੱਤੇ। ਇੱਕ ਥਾਂ ਇੱਕ ਵਿਦਿਆਰਥਣ ਵੱਲੋਂ ਭਗਵਾਂ ਸਕਾਰਫ਼ ਲਹਿਰਾਉਣ ਦੀ ਘਟਨਾ ਵੀ ਸਾਹਮਣੇ ਆਈ ਹੈ। -ਪੀਟੀਆਈ



Most Read

2024-09-22 20:38:36