Breaking News >> News >> The Tribune


ਈਡੀ ਵੱਲੋਂ ਅੰਡਰਵਰਲਡ ਨਾਲ ਜੁੜੀ ਜਾਂਚ ਦੇ ਸਬੰਧ ’ਚ ਛਾਪੇ


Link [2022-02-16 09:32:12]



ਨਵੀਂ ਦਿੱਲੀ/ਮੁੰਬਈ, 15 ਫਰਵਰੀ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਅੰਡਰਵਰਲਡ ਦੀਆਂ ਸਰਗਰਮੀਆਂ, ਗੈਰ-ਕਾਨੂੰਨੀ ਜਾਇਦਾਦ ਸਬੰਧੀ ਸਮਝੌਤਿਆਂ ਤੇ ਹਵਾਲਾ ਲੈਣ-ਦੇਣ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਇੱਥੇ ਵੱਖੋ-ਵੱਖਰੀਆਂ ਥਾਵਾਂ 'ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਮਹਾਰਾਸ਼ਟਰ ਦੀ ਰਾਜਧਾਨੀ ਵਾਲੇ ਸ਼ਹਿਰ ਵਿੱਚ ਦਸ ਥਾਵਾਂ 'ਤੇ ਜਾਂਚ ਚੱਲ ਰਹੀ ਹੈ ਤੇ ਪੀਐੱਮਐੱਲਏ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਈਡੀ ਵੱਲੋਂ ਇਹ ਕਾਰਵਾਈ ਮੁੰਬਈ ਧਮਾਕਿਆਂ ਦੇ ਮਾਸਟਰਮਾਈਂਡ ਤੇ ਭਗੌੜਾ ਗੈਂਗਸਟਰ ਦਾਊਦ ਇਬਰਾਹਿਮ ਖ਼ਿਲਾਫ਼ ਕੌਮੀ ਜਾਂਚ ਏਜੰਸੀ ਵੱਲੋਂ ਹਾਲ ਹੀ ਵਿੱਚ ਦਾਖ਼ਲ ਕੀਤੀ ਗਈ ਐੱਫਆਈਆਰ ਅਤੇ ਏਜੰਸੀ ਨੂੰ ਮਿਲੀ ਕੁਝ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਸੂਤਰਾਂ ਮੁਤਾਬਕ ਮਨੀ ਲਾਂਡਰਿੰਗ ਵਿਰੋਧੀ ਏਜੰਸੀ ਵੱਲੋਂ ਮੁੰਬਈ ਦੇ ਅੰਡਰਵਰਲਡ ਨਾਲ ਜੁੜੇ ਹਵਾਲਾ, ਫਿਰੌਤੀ ਤੇ ਗੈਰ-ਕਾਨੂੰਨੀ ਜਾਇਦਾਦ ਸਮਝੌਤਿਆਂ ਸਬੰਧੀ ਸਬੂਤ ਇਕੱਠੇ ਕਰਨ ਲਈ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਝੌਤਿਆਂ ਨਾਲ ਜੁੜੇ ਕੁਝ ਰਾਜਸੀ ਸਬੰਧਾਂ ਦੀ ਵੀ ਏਜੰਸੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

ਮਹਾਰਾਸ਼ਟਰ ਸਰਕਾਰ ਲਈ ਸਹਿਯੋਗ ਦੇਣਾ ਲਾਜ਼ਮੀ: ਰਾਊਤ

ਮੁੰਬਈ: ਸ਼ਿਵ ਸੈਨਾ ਐੱਮਪੀ ਸੰਜੈ ਰਾਊਤ ਨੇ ਕਿਹਾ ਕਿ ਜੇਕਰ ਸ਼ਹਿਰ ਵਿੱਚ ਮਾਰੇ ਗਏ ਈਡੀ ਦੇ ਛਾਪਿਆਂ ਦਾ ਸਬੰਧ ਕੌਮੀ ਸੁਰੱਖਿਆ ਨਾਲ ਹੈ ਤਾਂ ਮਹਾਰਾਸ਼ਟਰ ਸਰਕਾਰ ਲਈ ਜਾਂਚ ਏਜੰਸੀ ਨੂੰ ਸਹਿਯੋਗ ਦੇਣਾ ਲਾਜ਼ਮੀ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬੇ ਲਈ ਇਸ ਸਬੰਧ 'ਚ ਇਕੱਠਿਆਂ ਕੰਮ ਕਰਨਾ ਜ਼ਰੂਰੀ ਹੈ। ਹਾਲਾਂਕਿ ਸ਼ਿਵ ਸੈਨਾ ਦੇ ਮੁੱਖ ਬੁਲਾਰੇ ਸ੍ਰੀ ਰਾਊਤ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਕੀ ਕੇਂਦਰੀ ਜਾਂਚ ਏਜੰਸੀ ਗੁਜਰਾਤ ਵਿੱਚ ਹੋਏ ਸਭ ਤੋਂ ਵੱਡੇ ਬੈਂਕ ਘੁਟਾਲੇ ਦੇ ਮਾਮਲੇ ਦੇ ਸਬੰਧ ਵਿੱਚ ਵੀ ਜਾਂਚ ਕਰੇਗੀ। -ਪੀਟੀਆਈ



Most Read

2024-09-22 20:28:05