Breaking News >> News >> The Tribune


ਤੀਹਰੇ ਤਲਾਕ ਖ਼ਿਲਾਫ਼ ਕਾਨੂੰਨ ਕਾਰਨ ਹਜ਼ਾਰਾਂ ਮਹਿਲਾਵਾਂ ਦੇ ਪਰਿਵਾਰ ਟੁੱਟਣ ਤੋਂ ਬਚੇ: ਮੋਦੀ


Link [2022-02-15 07:34:12]



ਅਕਬਰਪੁਰ, 14 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਤੀਹਰੇ ਤਲਾਕ ਖ਼ਿਲਾਫ਼ ਕਾਨੂੰਨ ਨੇ ਉੱਤਰ ਪ੍ਰਦੇਸ਼ 'ਚ ਹਜ਼ਾਰਾਂ ਮੁਸਲਿਮ ਮਹਿਲਾਵਾਂ ਦੇ ਪਰਿਵਾਰ ਟੁੱਟਣ ਤੋਂ ਬਚਾ ਲਏ ਹਨ। ਕਾਨਪੁਰ ਦੇਹਾਤ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ 'ਚ ਅਮਨ ਕਾਨੂੰਨ ਦੇ ਹਾਲਾਤ ਕਾਇਮ ਕਰਕੇ ਮੁਸਲਿਮ ਲੜਕੀਆਂ ਨੂੰ ਲਾਹਾ ਪਹੁੰਚਿਆ ਹੈ ਜਿਹੜੀਆਂ ਪਹਿਲਾਂ ਸਕੂਲ ਜਾਣ ਸਮੇਂ ਸ਼ਰਾਰਤੀ ਅਨਸਰਾਂ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੀਆਂ ਸਨ। ਸ੍ਰੀ ਮੋਦੀ ਦਾ ਇਥੇ ਰੈਲੀ ਦੌਰਾਨ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕਰਨਾਟਕ ਦੇ ਸਕੂਲਾਂ 'ਚ ਹਿਜਾਬ ਪਹਿਨਣ ਕਾਰਨ ਮੁਸਲਿਮ ਲੜਕੀਆਂ ਨੂੰ ਜਮਾਤਾਂ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਮਾਜਵਾਦੀ ਪਾਰਟੀ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਸੂਬੇ 'ਚ ਆਪਣੇ ਰਾਜ ਦੌਰਾਨ ਪਰਿਵਾਰਕ ਮੈਂਬਰਾਂ ਨੂੰ 'ਲੁੱਟ' ਲਈ ਇਲਾਕੇ ਵੰਡੇ ਹੋਏ ਸਨ। ਉਨ੍ਹਾਂ ਤ੍ਰਿਣਮੂਲ ਕਾਂਗਰਸ ਦੇ ਆਗੂ ਵੱਲੋਂ ਕੀਤੀ ਗਈ ਟਿੱਪਣੀ ਦੀ ਵੀ ਆਲੋਚਨਾ ਕੀਤੀ ਜਿਸ ਨੇ ਕਿਹਾ ਸੀ ਕਿ ਪਾਰਟੀ ਗੋਆ 'ਚ ਹਿੰਦੂ ਵੋਟਾਂ 'ਵੰਡਣ' ਲਈ ਚੋਣਾਂ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਆਗੂ ਦੇ ਬਿਆਨ ਦਾ ਨੋਟਿਸ ਚੋਣ ਕਮਿਸ਼ਨ, ਯੂਪੀ ਅਤੇ ਗੋਆ ਦੇ ਵੋਟਰਾਂ ਨੂੰ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਵੱਲੋਂ ਗੋਆ 'ਚ ਹਿੰਦੂ ਵੋਟਾਂ ਦੀ ਮਜ਼ਬੂਤੀ ਨੂੰ ਰੋਕਣ ਲਈ ਗੋਆ 'ਚ ਐੱਮਜੀਪੀ ਨਾਲ ਗੱਠਜੋੜ ਕਰਨ ਦੇ ਬਿਆਨ ਦਾ ਹਵਾਲਾ ਦਿੱਤਾ। ਸ੍ਰੀ ਮੋਦੀ ਨੇ ਕਿਹਾ,''ਕੀ ਇਹ ਧਰਮ ਨਿਰਪੱਖਤਾ ਹੈ? ਉਹ ਸ਼ਰੇਆਮ ਆਖ ਰਹੇ ਹਨ ਕਿ ਉਹ ਹਿੰਦੂ ਵੋਟਾਂ ਵੰਡਣਾ ਚਾਹੁੰਦੇ ਹਨ। ਤਾਂ ਫਿਰ ਤੁਸੀਂ ਕਿਸ ਦੇ ਵੋਟ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ। ਕੀ ਇਹ ਜਮਹੂਰੀਅਤ ਦੀ ਭਾਸ਼ਾ ਹੈ? ਮੈਂ ਗੋਆ ਦੇ ਵੋਟਰਾਂ ਨੂੰ ਆਖਣਾ ਚਾਹੁੰਦਾ ਹਾਂ ਕਿ ਇਸ ਕਿਸਮ ਦੀ ਸਿਆਸਤ ਨੂੰ ਦਬਾਉਣ ਦਾ ਇਹ ਮੌਕਾ ਹੈ।'' ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਹਰ ਧੀ ਅਤੇ ਭੈਣ ਇਹ ਆਖ ਰਹੀ ਹੈ 'ਯੂਪੀ ਕੇ ਲੀਏ ਯੋਗੀ ਹੈ ਉਪਯੋਗੀ।' ਪ੍ਰਧਾਨ ਮੰਤਰੀ ਨੇ ਰੈਲੀ ਦੌਰਾਨ ਕਾਨਪੁਰ ਦੇਹਾਤ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਗ੍ਰਹਿ ਨਗਰ ਵੀ ਦੱਸਿਆ। -ਪੀਟੀਆਈ



Most Read

2024-09-22 22:17:17