Breaking News >> News >> The Tribune


ਪੱਛਮੀ ਬੰਗਾਲ ਦੀਆਂ ਚਾਰ ਮਿਉਂਸਿਪਲ ਕਾਰਪੋਰੇਸ਼ਨਾਂ ਵਿੱਚ ਟੀਐੱਮਸੀ ਦੀ ਵੱਡੀ ਜਿੱਤ


Link [2022-02-15 07:34:12]



ਕੋਲਕਾਤਾ, 14 ਫਰਵਰੀ

ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਰੁਕਣ ਦਾ ਨਾਂ ਨਹੀਂ ਲੈ ਰਹੀ। ਪਾਰਟੀ ਨੇ ਸਿਲੀਗੁੜੀ, ਆਸਨਸੋਲ, ਬਿਧਾਨਨਗਰ ਤੇ ਚੰਦਨਨਗਰ ਦੀਆਂ ਚਾਰ ਮਿਉਂਸਿਪਲ ਕਾਰਪੋਰੇਸ਼ਨਾਂ ਵਿੱਚ ਵੱਡੀ ਜਿੱਤ ਹਾਸਲ ਕਰਦਿਆਂ ਵਿਰੋਧੀਆਂ ਨੂੰ ਖੂੰਜੇ ਲਾ ਦਿੱਤਾ ਹੈ। ਟੀਐੱਮਸੀ ਨੇ ਸਿਲੀਗੜੁੀ ਵਿੱਚ 47 'ਚੋਂ 37 ਸੀਟਾਂ 'ਤੇ ਜਿੱਤ ਹਾਸਲ ਕਰਦਿਆਂ ਕਾਰਪੋਰੇਸ਼ਨ ਨੂੰ ਖੱਬੇਪੱਖੀ ਫਰੰਟ ਦੇ ਕਬਜ਼ੇ 'ਚੋਂ ਖੋਹ ਲਿਆ ਹੈ। ਇੱਥੇ ਖੱਬੇਪੱਖੀਆਂ ਨੇ ਚਾਰ, ਭਾਜਪਾ ਨੇ ਪੰਜ ਤੇ ਕਾਂਗਰਸ ਨੇ ਇੱਕ ਸੀਟ 'ਤੇ ਜਿੱਤ ਹਾਸਲ ਕੀਤੀ ਹੈ। ਇਹ ਜਿੱਤ ਕਾਫ਼ੀ ਅਹਿਮ ਹੈ ਕਿਉਂਕਿ ਪਿਛਲੀਆਂ ਚੋਣਾਂ ਵਿੱਚ ਖੱਬੇਪੱਖੀ ਉੱਤਰੀ ਬੰਗਾਲ ਦੀ ਇਸ ਕਾਰਪੋਰੇਸ਼ਨ ਵਿੱਚ ਆਪਣੇ ਗੜ੍ਹ 'ਚ ਮੁੜ ਕਾਬਜ਼ ਹੋਣ 'ਚ ਸਫ਼ਲ ਹੋ ਗਏ ਸਨ। ਕਾਰਪੋਰੇਸ਼ਨ ਦੇ ਮੌਜੂਦਾ ਮੇਅਰ ਅਸ਼ੋਕ ਭੱਟਾਚਾਰਿਆ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਕੋਲੋਂ 300 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਹਨ।

ਗੌਤਮ ਦੇਬ ਨੂੰ ਸਿਲੀਗੁੜੀ ਦਾ ਮੇਅਰ ਐਲਾਨਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਕਾਰਕੁਨਾਂ ਨੂੰ ਲੋਕਾਂ ਲਈ ਕੰਮ ਕਰਨ ਲਈ ਕਿਹਾ। ਬਿਧਾਨਨਗਰ ਵਿੱਚ ਤ੍ਰਿਣਮੂਲ ਕਾਂਗਰਸ ਨੇ 41 ਵਿੱਚੋਂ 39 ਸੀਟਾਂ 'ਤੇ ਕਬਜ਼ਾ ਕੀਤਾ ਹੈ, ਜਿਸ ਦੌਰਾਨ ਕਾਂਗਰਸ ਤੇ ਹੋਰਾਂ ਨੂੰ 1-1 ਸੀਟ ਮਿਲੀ ਹੈ। ਚੋਣ ਜਿੱਤਣ ਮਗਰੋਂ ਸੱਭਿਆਸਾਚੀ ਦੱਤਾ ਨੇ ਆਪਣੀ ਪਤਨੀ ਸਣੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਸ੍ਰੀ ਦੱਤਾ ਕੁਝ ਸਮਾਂ ਪਹਿਲਾਂ ਭਾਜਪਾ ਨਾਲ ਅਣਬਣ ਹੋਣ 'ਤੇ ਪਾਰਟੀ ਛੱਡ ਕੇ ਟੀਐੱਮਸੀ ਵਿੱਚ ਸ਼ਾਮਲ ਹੋ ਗਏ ਸਨ। ਇਸੇ ਤਰ੍ਹਾਂ ਆਸਨਸੋਲ ਤੇ ਚੰਦਨਨਗਰ ਵਿੱਚ ਵੀ ਸੱਤਾਧਾਰੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਚੰਦਨਨਗਰ ਵਿੱਚ ਟੀਐੱਮਸੀ ਨੇ 33 ਵਿੱਚੋਂ 31 ਸੀਟਾਂ ਜਿੱਤੀਆਂ ਹਨ ਅਤੇ ਆਸਨਸੋਲ ਵਿੱਚ ਸੱਤਾਧਾਰੀ ਧਿਰ ਨੇ 87 ਸੀਟਾਂ ਜਿੱਤੀਆਂ ਹਨ ਜਦਕਿ 2 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਦੂਜੇ ਪਾਸੇ, ਭਾਜਪਾ ਨੇ ਛੇ ਸੀਟਾਂ ਜਿੱਤੀਆਂ ਹਨ ਤੇ ਇੱਕ 'ਤੇ ਅੱਗੇ ਚੱਲ ਰਹੀ ਹੈ। ਸੀਪੀਐੱਮ ਅਤੇ ਕਾਂਗਰਸ ਨੇ ਕ੍ਰਮਵਾਰ ਦੋ ਤੇ ਤਿੰਨ ਸੀਟਾਂ ਜਿੱਤੀਆਂ ਹਨ ਜਦਕਿ ਤਿੰਨ ਸੀਟਾਂ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈਆਂ ਹਨ। -ਆਈਏਐੱਨਐੱਸ

ਕਾਂਗਰਸ ਆਪਣੇ ਰਾਹ ਚੱਲ ਸਕਦੀ ਹੈ: ਮਮਤਾ

ਕੋਲਕਾਤਾ: ਇੱਕ ਦਿਨ ਪਹਿਲਾਂ ਭਾਜਪਾ ਵਿਰੋਧੀ ਗੱਠਜੋੜ ਬਣਾਉਣ ਵਾਸਤੇ ਖੇਤਰੀ ਆਗੂਆਂ ਐੱਮ ਕੇ ਸਟਾਲਿਨ ਤੇ ਕੇ. ਚੰਦਰਸ਼ੇਖਰ ਰਾਓ ਤੱਕ ਪਹੁੰਚ ਕਰਨ ਵਾਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਸੇ ਅਜਿਹੇ ਭਵਿੱਖੀ ਗੱਠਜੋੜ 'ਚੋਂ ਕਾਂਗਰਸ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਨੂੰ ਦਰਕਿਨਾਰ ਕਰਦਿਆਂ ਕਿਹਾ ਕਿ ਕੋਈ ਵੀ ਖੇਤਰੀ ਪਾਰਟੀ ਦੇ ਇਸ ਨਾਲ ਚੰਗੇ ਸਬੰਧ ਨਹੀਂ ਹਨ ਤੇ ਕਾਂਗਰਸ ਆਪਣੇ ਰਾਹ 'ਤੇ ਚੱਲ ਸਕਦੀ ਹੈ। ਆਪਣੇ ਅਤੇ ਤੇਲੰਗਾਨਾ ਤੇ ਤਾਮਿਲਨਾਡੂ ਦੇ ਆਪਣੇ ਹਮਰੁਤਬਾ ਮੁੱਖ ਮੰਤਰੀਆਂ ਰਾਓ ਤੇ ਸਟਾਲਿਨ ਨਾਲ ਨੇੜਤਾ ਦੇ ਸੰਕੇਤਾਂ ਦਰਮਿਆਨ ਮਮਤਾ ਬੈਨਰਜੀ ਨੇ ਐਤਵਾਰ ਨੂੰ ਦੋਵਾਂ ਨਾਲ ਮੁਲਾਕਾਤ ਕੀਤੀ ਸੀ ਤਾਂ ਕਿ ਵਿਰੋਧੀ ਮੁੱਖ ਮੰਤਰੀਆਂ ਨਾਲ ਮੀਟਿੰਗਾਂ ਤੈਅ ਕੀਤੀਆਂ ਜਾ ਸਕਣ। ਗੋਆ ਵਿੱਚ ਕਾਂਗਰਸ ਨਾਲ ਗੱਠਜੋੜ ਬਣਾਉਣ 'ਚ ਅਸਫ਼ਲ ਰਹਿਣ ਮਗਰੋਂ ਇਲਾਕਾਈ ਪਾਰਟੀਆਂ ਨਾਲ ਮਿਲ ਕੇ ਗੱਠਜੋੜ ਬਣਾਉਣ ਦੇ ਯਤਨ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਕੋਈ ਵੀ ਖੇਤਰੀ ਪਾਰਟੀ ਮੁੱਖ ਵਿਰੋਧੀ ਪਾਰਟੀ ਨਾਲ ਦੋਸਤਾਨਾ ਸਬੰਧ 'ਚ ਨਹੀਂ ਹੈ। -ਪੀਟੀਆਈ



Most Read

2024-09-22 22:35:31