Breaking News >> News >> The Tribune


ਕੇਂਦਰ ਉੱਤਰ-ਪੂਰਬ ਦੇ ਦਹਿਸ਼ਤਗਰਦਾਂ ਨਾਲ ਗੱਲਬਾਤ ਲਈ ਤਿਆਰ: ਰਾਜਨਾਥ


Link [2022-02-15 07:34:12]



ਇੰਫਾਲ, 14 ਫਰਵਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੇਂਦਰ ਉੱਤਰ-ਪੂਰਬੀ ਖ਼ਿੱਤੇ ਦੀਆਂ ਦਹਿਸ਼ਤੀ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਿੰਸਾ ਨੂੰ ਪੱਕੇ ਤੌਰ 'ਤੇ ਖ਼ਤਮ ਕਰਨਾ ਚਾਹੁੰਦੀ ਹੈ। ਮਨੀਪੁਰ ਦੇ ਲੰਗਥਾਬਲ ਮੰਡਲ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ 'ਚ ਹਿੰਸਾ ਅਤੇ ਘੁਸਪੈਠ ਦੀ ਸਮੱਸਿਆ ਰੋਕਣ ਲਈ ਦਹਿਸ਼ਤੀ ਜਥੇਬੰਦੀਆਂ ਨਾਲ ਹਮੇਸ਼ਾ ਗੱਲਬਾਤ ਕਰਨ ਲਈ ਰਾਜ਼ੀ ਹੈ। ਉਨ੍ਹਾਂ ਕਿਹਾ,''ਦਹਿਸ਼ਤੀ ਜਥੇਬੰਦੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਨਿਬੇੜੇ ਲਈ ਸਰਕਾਰ ਨਾਲ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ। ਲੋਕਾਂ ਦੀ ਭਲਾਈ ਦੀਆਂ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਲਈ ਹਿੰਸਾ ਪੱਕੇ ਤੌਰ 'ਤੇ ਰੁਕਣੀ ਚਾਹੀਦੀ ਹੈ। ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੀ ਅਗਵਾਈ ਹੇਠ ਮਨੀਪੁਰ 'ਚ ਦਹਿਸ਼ਤੀ ਹਿੰਸਾ ਨੂੰ ਵੱਡੇ ਪੱਧਰ 'ਤੇ ਕੰਟਰੋਲ ਕੀਤਾ ਜਾ ਚੁੱਕਿਆ ਹੈ।'' ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਕਾਂਗਰਸ ਦੀ ਪਿਛਲੀ ਸਰਕਾਰ ਦੌਰਾਨ ਹਿੰਸਾ ਅਤੇ ਸੜਕਾਂ ਜਾਮ ਰਹਿਣੀਆਂ ਆਮ ਜਿਹੀ ਗੱਲ ਸੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਮਨੀਪੁਰ ਦਾ ਮੁਹਾਂਦਰਾ ਬਦਲ ਗਿਆ ਹੈ ਅਤੇ ਸੂਬਾ ਨਵਾਂ ਭਵਿੱਖ ਬਣਾਉਣ ਲਈ ਅਗਾਂਹ ਕਦਮ ਪੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲ, ਸੜਕ ਅਤੇ ਹਵਾਈ ਸੰਪਰਕ ਨਾਲ ਸਬੰਧਤ ਪ੍ਰਾਜੈਕਟ ਲਾਗੂ ਕੀਤੇ ਜਾ ਰਹੇ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬੀ ਖ਼ਿੱਤੇ ਨੂੰ ਸੈਰ-ਸਪਾਟੇ ਦਾ ਵੱਡਾ ਕੇਂਦਰ ਬਣਾਇਆ ਜਾਵੇਗਾ। ਆਪਣੀ ਪਲੇਠੀ ਚੋਣ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੂਬੇ 'ਚ ਸਪੱਸ਼ਟ ਬਹੁਮਤ ਮਿਲੇਗਾ। ਉਨ੍ਹਾਂ ਥਲ ਸੈਨਾ ਦੇ ਜਵਾਨ ਯਮਨਾਮ ਕਾਲੇਸ਼ੋਰ ਕੋਮ ਦੇ ਘਰ ਦਾ ਦੌਰਾ ਵੀ ਕੀਤਾ ਜੋ 1999 'ਚ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋ ਗਏ ਸਨ। -ਆਈਏਐਨਐਸ



Most Read

2024-09-22 22:16:10