World >> The Tribune


ਹਫ਼ਤੇ ਮਗਰੋਂ ਮੁੜ ਖੁੱਲ੍ਹਿਆ ਅਮਰੀਕਾ-ਕੈਨੇਡਾ ਪੁਲ


Link [2022-02-15 06:14:04]



ਵਿੰਡਸਰ (ਓਂਟਾਰੀਓ), 14 ਫਰਵਰੀ

ਕੋਵਿਡ- 19 ਸਬੰਧੀ ਪਾਬੰਦੀਆਂ ਖ਼ਿਲਾਫ਼ ਮੁਜ਼ਾਹਰਿਆਂ ਕਾਰਨ ਲਗਪਗ ਇੱਕ ਹਫ਼ਤਾ ਬੰਦ ਰਹਿਣ ਮਗਰੋਂ ਸਭ ਤੋਂ ਵੱਧ ਰੁਝੇਵੇਂ ਭਰਿਆ ਰਹਿਣ ਵਾਲਾ ਅਮਰੀਕਾ-ਕੈਨੇਡਾ ਪੁਲ ਐਤਵਾਰ ਦੇਰ ਰਾਤ ਮੁੜ ਖੁੱਲ੍ਹ ਗਿਆ। ਡੈਟ੍ਰਾਇਟ ਇੰਟਰਨੈਸ਼ਨਲ ਬ੍ਰਿਜ (ਕੰਪਨੀ) ਨੇ ਦੱਸਿਆ ਕਿ ਅੰਬੈਸਡਰ ਬ੍ਰਿਜ ਹੁਣ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ ਜਿਸ ਨਾਲ ਕੈਨੇਡਾ ਤੇ ਅਮਰੀਕੀ ਅਰਥ-ਵਿਵਸਥਾਵਾਂ ਵਿੱਚ ਇੱਕ ਵਾਰ ਮੁੜ ਕਾਰੋਬਾਰ ਸ਼ੁਰੂ ਹੋ ਗਿਆ ਹੈ। ਕੰਪਨੀ ਦੇ ਬੁਲਾਰੇ ਐਸਥਰ ਜੈਂਟਜ਼ਨ ਨੇ ਏਪੀ ਨੂੰ ਬਾਅਦ 'ਚ ਦਿੱਤੇ ਬਿਆਨ 'ਚ ਦੱਸਿਆ ਕਿ ਇਸ ਪੁਲ ਨੂੰ ਰਾਤ ਲਗਪਗ 11 ਵਜੇ ਟਰੈਫਿਕ ਲਈ ਮੁੜ ਖੋਲ੍ਹ ਦਿੱਤਾ ਗਿਆ। ਇਸ ਪੁਲ ਰਾਹੀਂ ਆਮ ਤੌਰ 'ਤੇ ਦੋਵਾਂ ਮੁਲਕਾਂ ਵਿਚਾਲੇ ਲਗਪਗ 25 ਫ਼ੀਸਦੀ ਤੱਕ ਕਾਰੋਬਾਰ ਹੁੰਦਾ ਹੈ।

ਇਸ ਤੋਂ ਪਹਿਲਾਂ ਦਿਨ ਵਿੱਚ ਵਿੰਡਸਰ ਵਿੱਚ ਪੁਲੀਸ ਨੇ ਦੱਸਿਆ ਕਿ ਲਗਪਗ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਸੱਤ ਵਾਹਨ ਚੁੱਕ ਕੇ ਲਿਜਾਏ ਗਏ ਹਨ ਜਦਕਿ ਪੰਜ ਵਾਹਨਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਪੁਲ ਦੇ ਨੇੜਿਓਂ ਅਖੀਰ 'ਚ ਰਹਿ ਗਏ ਕੁਝ ਮੁਜ਼ਾਹਰਾਕਾਰੀਆਂ ਨੂੰ ਵੀ ਹਟਾ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਵੀ ਇਨ੍ਹਾਂ ਮੁਜ਼ਾਹਰਿਆਂ ਦਾ ਸ਼ਾਂਤਮਈ ਢੰਗ ਨਾਲ ਹੱਲ ਕੱਢਣ ਦੀ ਸ਼ਲਾਘਾ ਕੀਤੀ ਹੈ। -ਏਪੀ

ਟਰੂਡੋ ਵੱਲੋਂ ਐਮਰਜੈਂਸੀ ਐਕਟ ਲਾਗੂ ਕਰਨ ਦੀ ਤਿਆਰੀ

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੁਜ਼ਾਹਰਾਕਾਰੀ ਟਰੱਕ ਡਰਾਈਵਰਾਂ ਨਾ ਸਿੱਝਣ ਲਈ ਘੱਟ ਹੀ ਵਰਤੇ ਗਏ ਐਮਰਜੈਂਸੀ ਐਕਟ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨੇ ਦੱਸਿਆ ਕਿ ਹਾਲ ਦੀ ਘੜੀ ਓਟਾਵਾ ਪ੍ਰਸ਼ਾਸਨ ਵੱਲੋਂ ਫ਼ੌਜ ਭੇਜਣ ਸਬੰਧੀ ਕੋਈ ਯੋਜਨਾ ਨਹੀਂ ਹੈ। -ਰਾਇਟਰਜ਼

ਸਰਹੱਦੀ ਲਾਂਘੇ ਰੋਕਣ ਵਾਲਿਆਂ ਦੀ ਗ੍ਰਿਫ਼ਤਾਰੀ ਸ਼ੁਰੂ

ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕਰੋਨਾ ਟੀਕਾਕਰਨ ਸ਼ਰਤਾਂ ਖ਼ਿਲਾਫ਼ 'ਫਰੀਡਮ ਕਾਫ਼ਲੇ' ਦੇ ਨਾਂ ਹੇਠ ਓਟਾਵਾ ਤੋਂ ਸ਼ੁਰੂ ਹੋਇਆ ਟਰੱਕ ਚਾਲਕਾਂ ਦੀ ਅਗਵਾਈ ਵਾਲੇ ਅੰਦੋਲਨ ਨੂੰ ਸਰਕਾਰ ਨੇ ਸਖ਼ਤੀ ਨਾਲ ਦਬਾਉਣਾ ਸ਼ੁਰੂ ਕਰ ਦਿੱਤਾ ਹੈ। ਸਰਹੱਦੀ ਲਾਂਘੇ ਰੋਕਣ ਵਾਲਿਆਂ ਦੀਆਂ ਗ੍ਰਿਫ਼ਤਾਰੀਆਂ ਅੱਜ ਤੋਂ ਹੋਣ ਲੱਗੀਆਂ ਹਨ। ਗ੍ਰਿਫ਼ਤਾਰੀਆਂ ਤੋਂ ਬਾਅਦ ਅੰਦੋਲਨਕਾਰੀ ਸਰਹੱਦ ਤੋਂ ਪਾਸੇ ਹੋ ਗਏ ਹਨ, ਪਰ ਪੁਲੀਸ ਨੇ ਆਮ ਲੋਕਾਂ ਨੂੰ ਉਸ ਪਾਸੇ ਆਉਣ ਤੋਂ ਰੋਕਿਆ ਤੇ ਸਿਰਫ਼ ਅਮਰੀਕਾ ਜਾਣ-ਆਉਣ ਵਾਲੇ ਟਰੱਕਾਂ ਨੂੰ ਲੰਘਾਇਆ ਗਿਆ। ਉੱਧਰ, ਓਂਟਾਰੀਓ 'ਚ ਕੈਨੇਡਾ ਤੋਂ ਅਮਰੀਕਾ ਜਾਣ ਦੀ ਉਡੀਕ ਵਿੱਚ ਖੜ੍ਹੇ ਟਰੱਕ ਵਾਲਿਆਂ ਦਾ ਕਹਿਣਾ ਹੈ ਕਿ ਉਹ ਬ੍ਰਿਜ ਪਾਰ ਕਰਨ ਲਈ ਅਜੇ ਪੁਲੀਸ ਵੱਲੋਂ ਹਰੀ ਝੰਡੀ ਦੀ ਉਡੀਕ ਕਰ ਰਹੇ ਹਨ।

ਰੈਸਟੋਰੈਂਟਾਂ ਤੋਂ ਹਟੇਗੀ ਕਰੋਨਾ ਸਮਰੱਥਾ ਸਬੰਧੀ ਪਾਬੰਦੀ

ਓਂਟਾਰੀਓ: ਕੈਨੇਡਾ ਦੇ ਓਂਟਾਰੀਓ ਪ੍ਰਾਂਤ ਦੇ ਪ੍ਰੀਮੀਅਰ ਡੋਅ ਫੋਰਡ ਨੇ ਦੱਸਿਆ ਕਿ ਇਸ ਵੱਲੋਂ ਇਸ ਹਫ਼ਤੇ ਕਈ ਕਾਰੋਬਾਰਾਂ ਤੋਂ ਕਰੋਨਾ ਮਹਾਮਾਰੀ ਸਬੰਧੀ ਸਮਰੱਥਾ ਪਾਬੰਦੀਆਂ ਹਟਾ ਲਈਆਂ ਜਾਣਗੀਆਂ। ਇਨ੍ਹਾਂ ਕਾਰੋਬਾਰਾਂ ਵਿੱਚ ਰੈਸਟੋਰੈਂਟ, ਬਾਰ ਤੇ ਕੈਸੀਨੋ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪਹਿਲੀ ਮਾਰਚ ਤੋਂ ਓਂਟਾਰੀਓ ਵਿੱਚ ਇਨ੍ਹਾਂ ਥਾਵਾਂ 'ਤੇ ਜਾਣ ਲਈ ਟੀਕਾਕਰਨ ਦਾ ਸਬੂਤ ਦਿਖਾਉਣ ਦੀ ਲੋੜ ਨਹੀਂ ਪਵੇਗੀ। -ਰਾਇਟਰਜ਼



Most Read

2024-09-21 08:52:00