World >> The Tribune


ਨਿਊਜ਼ੀਲੈਂਡ ’ਚ ਵੈਕਸੀਨ ਵਿਰੋਧੀ ਪ੍ਰਦਰਸ਼ਨਾਂ ਖ਼ਿਲਾਫ਼ ਸਖਤ ਕਾਰਵਾਈ ਦੇ ਸੰਕੇਤ


Link [2022-02-15 06:14:04]



ਵੈਲਿੰਗਟਨ, 14 ਫਰਵਰੀ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਕਿਹਾ ਕਿ ਕਰੋਨਾ ਲਾਗ ਦੀ ਰੋਕਥਾਮ ਲਈ ਜਾਰੀ ਹੁਕਮਾਂ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ 'ਧਮਕੀ ਅਤੇ ਦਮਨ' ਦਾ ਸਹਾਰਾ ਲੈ ਰਹੇ ਹਨ। ਇਸੇ ਦੌਰਾਨ ਅਧਿਕਾਰੀ ਵੀ ਰਾਜਧਾਨੀ ਵੈਲਿੰਗਟਨ ਵਿੱਚ ਇੱਕ ਹਫ਼ਤੇ ਤੋਂ ਸੜਕਾਂ 'ਚ ਰੋਕੀ ਬੈਠੇ ਪ੍ਰਦਰਸ਼ਨਕਾਰੀਆਂ ਦੇ ਕਾਫਲੇ ਪ੍ਰਤੀ ਸਖ਼ਤ ਰੁਖ ਅਪਣਾਉਂਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਪਹਿਲਾਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਨਿਊਜ਼ੀਲੈਂਡ ਦੀ ਸੰਸਦ ਦੇ ਬਾਹਰ ਸੜਕ 'ਤੇ ਟੈਂਟ ਲਾਉਣ ਦਿੱਤੇ ਪਰ ਵੀਰਵਾਰ ਨੂੰ 122 ਪ੍ਰਦਰਸ਼ਨਕਾਰੀਆਂ ਦੀ ਗ੍ਰਿਫ਼ਤਾਰੀ ਨਾਲ ਉਸ ਨੇ ਸਖ਼ਤ ਰਵੱਈਆ ਅਪਣਾ ਲਿਆ ਸੀ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘਟ ਗਈ ਸੀ। ਕਰੋਨਾ ਵੈਕਸੀਨ ਲਾਜ਼ਮੀ ਕਰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਪਿਛਲੇ ਹਫ਼ਤੇ ਕੁਝ ਸੈਂਕੜੇ ਰਹਿ ਗਈ ਸੀ ਜਿਹੜੀ ਹਫ਼ਤੇ ਦੇ ਅੰਤ 'ਚ ਦੁਬਾਰਾ ਵਧ ਕੇ 3,000 ਹਜ਼ਾਰ ਤੋਂ ਵੱਧ ਹੋ ਗਈ ਸੀ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ। ਜੈਸਿੰਡਾ ਆਰਡਰਨ ਨੇ ਕਿਹਾ, 'ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਮੇਰਾ ਰੁਖ ਬਿਲਕੁੱਲ ਸਪੱਸ਼ਟ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਵਿਰੋਧ ਪ੍ਰਗਟਾਇਆ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਕੇਂਦਰੀ ਵੈਲਿੰਗਟਨ 'ਚ ਲੋਕਾਂ ਨੂੰ ਡਰਾਉਣ ਅਤੇ ਪ੍ਰੇਸ਼ਾਨ ਕਰਨ ਦੇ ਨਜ਼ਰੀਏ ਤੋਂ ਅੱਗੇ ਵਧ ਚੁੱਕਾ ਹੈ।'' ਜ਼ਿਕਰਯੋਗ ਹੈ ਕਿ ਸੰਸਦ ਦੇ ਸਪੀਕਰ ਟਰੈਵਰ ਮਲਾਰਡ ਨੇ ਪਿਛਲੇ ਹਫ਼ਤੇ ਗਰਾਊਂਡ ਵਿੱਚ ਲੱਗੇ ਫੁਹਾਰੇ ਚਾਲੂ ਕਰਕੇ ਅਤੇ ਬੈਰੀ ਮੈਨੀਲੋ ਦੇ ਦਹਾਕਿਆਂ ਪੁਰਾਣੇ ਗਾਣੇ ਵਜਾ ਕੇ ਪ੍ਰਦਰਸ਼ਨਕਾਰੀਆਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਸੀ।

ਪੁਲੀਸ ਨੇ ਅੱਜ ਪ੍ਰਦਰਸ਼ਨਕਾਰੀਆਂ ਆਪਣੇ ਟੈਂਟ ਅਤੇ ਵਾਹਨ ਉਥੋਂ ਜਲਦੀ ਤੋਂ ਜਲਦੀ ਹਟਾਉਣ ਲਈ ਆਖਿਆ ਹੈ ਅਤੇ ਬਦਲ ਵਜੋਂ ਵਾਹਨ ਨੇੜਲੇ ਸਟੇਡੀਅਮ 'ਚ ਖੜ੍ਹੇ ਕਰਨ ਦੀ ਪੇਸ਼ਕਸ਼ ਕੀਤੀ ਹੈ। ਵੈਲਿੰਗਟਨ ਦੇ ਜ਼ਿਲ੍ਹਾ ਕਮਾਂਡਰ ਸੁਪਰਡੈਂਟ ਕੋਰੀ ਪਰਨੈੱਲ ਨੇ ਕਿਹਾ, ''ਵੈਲਿੰਗਟਨ ਵਾਸੀਆਂ ਨੂੰ ਸ਼ਹਿਰ 'ਚ ਹਰ ਕਿਤੇ ਆਜ਼ਾਦ ਅਤੇ ਸੁਰੱਖਿਅਤ ਘੁੰਮਣ ਦਾ ਅਧਿਕਾਰ ਹੈ। ਇਸ ਲਈ ਸਾਰੀਆਂ ਸੜਕਾਂ ਵਿਹਲੀਆਂ ਕਰਵਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।'' -ਪੀਟੀਆਈ



Most Read

2024-09-21 08:27:28