Sport >> The Tribune


ਸਿਆਸੀ ਪਾਰਟੀਆਂ ਕੋਲ ਨਹੀਂ ਹੈ ਖੇਡਾਂ ਸਬੰਧੀ ਢੁਕਵੀਂ ਨੀਤੀ


Link [2022-02-14 11:54:49]



ਗੁਰਨਾਮ ਸਿੰਘ ਅਕੀਦਾ

ਪਟਿਆਲਾ, 13 ਫਰਵਰੀ

ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਕੇ ਹੀ ਉਨ੍ਹਾਂ ਨੂੰ ਨਸ਼ਿਆਂ ਦੀ ਗ੍ਰਿਫ਼ਤ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਪਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਨੇ ਖੇਡਾਂ ਪ੍ਰਤੀ ਆਪਣੀ ਨੀਤੀ ਸਪੱਸ਼ਟ ਨਹੀਂ ਕੀਤੀ, ਜਿਸ ਤੋਂ ਖਿਡਾਰੀ ਹੈਰਾਨ ਵੀ ਹਨ ਤੇ ਫਿਕਰਮੰਦ ਵੀ। ਪੰਜਾਬ ਦੀ ਕਾਂਗਰਸ ਸਰਕਾਰ ਤੋਂ ਖਿਡਾਰੀ ਕਾਫ਼ੀ ਖ਼ਫ਼ਾ ਹਨ ਕਿ ਉਸ ਨੇ ਪਿਛਲੇ ਪੰਜ ਸਾਲਾਂ ਦੌਰਾਨ ਖਿਡਾਰੀਆਂ ਲਈ ਕੁਝ ਨਹੀਂ ਕੀਤਾ। ਏਸ਼ੀਆ ਦੇ 81 ਵਰ੍ਹਿਆਂ ਦੀ ਕੈਟਾਗਰੀ ਵਿੱਚ ਨੰਬਰ ਇਕ ਦੌੜਾਕ ਗੁਰਦੇਵ ਸਿੰਘ ਕਹਿੰਦੇ ਹਨ ਕਿ ਪੰਜਾਬ ਦੀਆਂ ਸਰਕਾਰਾਂ ਦੀ ਖੇਡਾਂ ਪ੍ਰਤੀ ਕੋਈ ਵੀ ਨੀਤੀ ਸਾਫ਼ ਨਹੀਂ ਹੈ, ਜਦੋਂ ਪਰਗਟ ਸਿੰਘ ਖੇਡ ਮੰਤਰੀ ਬਣੇ ਸਨ ਤਾਂ ਉਹ ਉਨ੍ਹਾਂ ਕੋਲ ਖੇਡਾਂ ਪ੍ਰਤੀ ਡਾਈਟ ਨਾਲ ਸਬੰਧਤ ਇਕ ਪ੍ਰਾਜੈਕਟ ਲੈ ਕੇ ਗਏ ਸੀ ਤੇ ਖੇਡ ਮੰਤਰੀ ਨੇ ਉਨ੍ਹਾਂ ਨੂੰ ਅੱਗੇ ਡਾਇਰੈਕਟਰ ਕੋਲ ਤੋਰ ਦਿੱਤਾ, ਜਿੱਥੋਂ ਭਰੋਸਾ ਤਾਂ ਮਿਲਿਆ ਪਰ ਹੋਇਆ ਕੁਝ ਨਹੀਂ।

ਗੁਰਦੇਵ ਸਿੰਘ

ਗੁਰਦੇਵ ਸਿੰਘ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਮਾਂ ਬੇਬੇ ਮਾਨ ਕੌਰ ਕੌਮਾਂਤਰੀ ਪੱਧਰ 'ਤੇ ਭਾਰਤ ਦਾ ਨਾਮ ਚਮਕਾ ਕੇ ਆਏ, ਭਾਰਤ ਵਿੱਚ ਰਾਸ਼ਟਰਪਤੀ ਐਵਾਰਡ ਲਿਆ ਪਰ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਕਦੇ ਉਤਸ਼ਾਹਿਤ ਨਹੀਂ ਕੀਤਾ। ਸ਼ਾਟਪੁਟ ਦੇ ਕੋਚ ਤੇ ਦਰੋਣਾਚਾਰੀਆ ਐਵਾਰਡੀ ਐੱਮਐੱਸ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਲਈ ਬਹੁਤ ਕਾਬਲ ਬੱਚੇ ਹਨ, ਜਿਨ੍ਹਾਂ ਨੂੰ ਮਜਬੂਰਨ ਦੂਜੇ ਸੂਬਿਆਂ ਰਾਹੀਂ ਖੇਡਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੱਕੇ ਕੋਚ ਭਰਤੀ ਕਰਨੇ ਚਾਹੀਦੇ ਹਨ। ਇਕ ਸਾਬਕਾ ਜ਼ਿਲ੍ਹਾ ਸਪੋਰਟਸ ਅਫ਼ਸਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਬੇਸ਼ੱਕ ਇੱਥੇ ਸਪੋਰਟਸ ਯੂਨੀਵਰਸਿਟੀ ਬਣ ਰਹੀ ਹੈ ਪਰ ਪਿੰਡ ਪੱਧਰ ਤੋਂ ਖਿਡਾਰੀਆਂ ਨੂੰ ਖੇਡਾਂ ਵੱਲ ਲਿਆਉਣ ਲਈ ਸਰਕਾਰ ਕੋਈ ਕਦਮ ਨਹੀਂ ਚੁੱਕ ਰਹੀ। ਪਟਿਆਲਾ ਦੇ ਮੌਜੂਦਾ ਸਪੋਰਟਸ ਅਫ਼ਸਰ ਸ਼ਾਸਵਤ ਰਾਜਭਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤਰਨ ਤਾਰਨ ਵਿੱਚ ਅਥਲੈਟਿਕਸ ਦਾ ਸਿੰਥੈਟਿਕ ਟਰੈਕ ਬਣਾਇਆ ਅਤੇ ਖੇਡਾਂ ਪ੍ਰਤੀ ਹੋਰ ਵੀ ਕੰਮ ਕੀਤੇ ਪਰ 'ਖੇਲੋ ਇੰਡੀਆ' ਪ੍ਰੋਗਰਾਮ ਤਹਿਤ ਪੰਜਾਬ ਦੀਆਂ ਖੇਡਾਂ ਸਬੰਧੀ ਕਈ ਸਕੀਮਾਂ ਬੰਦ ਹੋ ਗਈਆਂ ਹਨ। ਪੰਜਾਬ ਸਰਕਾਰ ਨੇ ਤਰਨਤਾਰਨ ਵਿੱਚ ਐਥਲੈਟਿਕਸ ਦਾ ਸਿੰਥੈਟਿਕ ਟਰੈਕ ਬਣਾਇਆ ਹੈ, ਸਪੋਰਟਸ ਯੂਨੀਵਰਸਿਟੀ ਬਣ ਰਹੀ ਹੈ। ਖੇਡਾਂ ਪ੍ਰਤੀ ਹੋਰ ਵੀ ਕੰਮ ਹੋ ਰਹੇ ਹਨ। ਪੰਜਾਬ ਦੀਆਂ ਚੋਣਾਂ ਵਿਚ ਕਿਸੇ ਵੀ ਵੱਡੀ ਸਿਆਸੀ ਪਾਰਟੀ ਨੇ ਖੇਡਾਂ ਬਾਰੇ ਆਪਣੀ ਨੀਤੀ ਅਜੇ ਤੱਕ ਵੀ ਸਪਸ਼ਟ ਨਹੀਂ ਕੀਤੀ।

ਐੱਮਐੱਸ ਢਿੱਲੋਂ

ਖਿਡਾਰੀਆਂ ਦਾ ਪੰਜਾਬ ਤੋਂ ਮੋਹ ਭੰਗ ਹੋਇਆ: ਸੰਦੀਪ ਕੌਰ

ਹਾਕੀ ਵਿੱਚ ਕੌਮਾਂਤਰੀ ਪੱਧਰ 'ਤੇ ਸੋਨ ਤਗ਼ਮਾ ਜੇਤੂ ਸੰਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਉਸ ਵੇਲੇ ਹਰਕਤ ਵਿੱਚ ਆਉਂਦੀ ਹੈ, ਜਦੋਂ ਕੋਈ ਖਿਡਾਰੀ ਤਗ਼ਮਾ ਲੈ ਕੇ ਆਉਂਦਾ ਹੈ ਪਰ ਬਾਅਦ ਵਿੱਚ ਖਿਡਾਰੀਆਂ ਨੂੰ ਸਹੂਲਤਾਂ ਦੇਣ ਸਬੰਧੀ ਸਰਕਾਰ ਦੀ ਕੋਈ ਨੀਤੀ ਨਹੀਂ ਹੈ, ਇਸੇ ਕਰਕੇ ਖਿਡਾਰੀਆਂ ਦਾ ਪੰਜਾਬ ਤੋਂ ਮੋਹ ਭੰਗ ਹੋ ਗਿਆ ਹੈ।



Most Read

2024-09-20 13:46:23