World >> The Tribune


ਯੂਕਰੇਨ ਸੰਕਟ ਕਾਰਨ ਹਵਾਈ ਕੰਪਨੀਆਂ ਨੇ ਕਈ ਉਡਾਣਾਂ ਰੱਦ ਕੀਤੀਆਂ


Link [2022-02-14 08:54:23]



ਮਾਸਕੋ, 13 ਫਰਵਰੀ

ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਹਫ਼ਤੇ ਦੇ ਅਖੀਰ ਵਿਚ ਹੋਈ ਗੱਲਬਾਤ ਦੇ ਬਾਵਜੂਦ ਹਮਲੇ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਕੁਝ ਹਵਾਈ ਕੰਪਨੀਆਂ ਨੇ ਯੂਕਰੇਨ ਜਾਣ ਵਾਲੀਆਂ ਆਪਣੀਆਂ ਉਡਾਣਾਂ ਜਾਂ ਤਾਂ ਰੱਦ ਕਰ ਦਿੱਤੀਆਂ ਹਨ ਜਾਂ ਉਨ੍ਹਾਂ ਨੇ ਹਵਾਈ ਉਡਾਣਾਂ ਦਾ ਰੂਟ ਦੂਜੇ ਸਥਾਨਾਂ ਵੱਲ ਤਬਦੀਲ ਕਰ ਦਿੱਤਾ ਹੈ। ਇਸੇ ਦਰਮਿਆਨ, ਕੈਨੇਡਾ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਸਥਿਤ ਆਪਣੇ ਦੂਤਾਵਾਸ ਨੂੰ ਬੰਦ ਕਰ ਦਿੱਤਾ ਹੈ। ਵ੍ਹਾਈਟ ਹਾਊਸ ਨੇ ਕਿਹਾ, ''ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਨਾਲ ਹਫ਼ਤੇ ਦੇ ਅਖ਼ੀਰ ਵਿਚ ਕਰੀਬ ਇਕ ਘੰਟੇ ਤੱਕ ਫੋਨ 'ਤੇ ਹੋਈ ਗੱਲਬਾਤ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਯੂਕਰੇਨ 'ਤੇ ਹਮਲਾ ਕਰਨ ਨਾਲ ਵਿਆਪਕ ਪੱਧਰ 'ਤੇ ਜਾਨ-ਮਾਲ ਦਾ ਨੁਕਸਾਨ ਹੋਵੇਗਾ। ਪੱਛਮੀ ਦੇਸ਼ ਸੰਕਟ ਨੂੰ ਖ਼ਤਮ ਕਰਨ ਲਈ ਕੂਟਨੀਤਕ ਕੋਸ਼ਿਸ਼ਾਂ ਕਰਨ ਲਈ ਵਚਨਬੱਧ ਹਨ, ਪਰ ਹੋਰ ਹਾਲਾਤ ਲਈ ਵੀ ਤਿਆਰ ਹਨ।'' ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਵਿਚਾਲੇ ਗੱਲਬਾਤ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਵੱਲੋਂ ਇਸ ਚਿਤਾਵਨੀ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਹੋਈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਅਮਰੀਕੀ ਖੁਫ਼ੀਆ ਸੂਚਨਾ ਦੱਸਦੀ ਹੈ ਕਿ ਰੂਸ ਕੁਝ ਦਿਨਾਂ ਦੇ ਅੰਦਰ ਹਮਲਾ ਸ਼ੁਰੂ ਕਰ ਸਕਦਾ ਹੈ। ਨੈਦਰਜ਼ਲੈਂਡ ਦੀ ਏਅਰਲਾਈਨ ਕੇਐੱਲਐੱਮ ਨੇ ਅਗਲੀ ਸੂਚਨਾ ਤੱਕ ਯੂਕਰੇਨ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਕੰਪਨੀ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਕਰੇਨ ਦੇ ਹਵਾਈ ਖੇਤਰ ਵਿਚ ਖਤਰੇ ਦੀ ਸੰਭਾਵਨਾ ਪਿੱਛੇ ਨੈਦਰਜ਼ਲੈਂਡ ਦੀ ਸੰਵੇਦਨਸ਼ੀਲਤਾ 2014 ਦੀ ਉਸ ਘਟਨਾ ਕਰ ਕੇ ਹੈ ਜਿਸ ਵਿਚ ਪੂਰਬੀ ਯੂਕਰੇਨ 'ਚ ਰੂਸ ਸਮਰਥਿਤ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰ ਉੱਪਰ ਮਲੇਸ਼ਿਆਈ ਜਹਾਜ਼ ਨੂੰ ਡੇਗ ਦਿੱਤਾ ਗਿਆ ਸੀ ਅਤੇ ਉਸ ਵਿਚ ਸਵਾਰ ਸਾਰੇ 298 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚ ਨੈਦਰਜ਼ਲੈਂਡ ਦੇ 198 ਨਾਗਰਿਕ ਸ਼ਾਮਲ ਸਨ। ਯੂਕਰੇਨ ਦੀ ਵਿਸ਼ੇਸ਼ ਏਅਰਲਾਈਨਜ਼ ਕੰਪਨੀ ਸਕਾਈਅੱਪ ਨੇ ਅੱਜ ਕਿਹਾ ਕਿ ਪੁਰਤਗਾਲ ਦੇ ਮਦੇਰਾ ਤੋਂ ਕੀਵ ਜਾਣ ਵਾਲੀਆਂ ਉਡਾਣਾਂ ਮੋਲਦੋਵਾ ਦੀ ਰਾਜਧਾਨੀ ਚਿਸ਼ੀਨਾਊ ਵੱਲ ਮੋੜ ਦਿੱਤੀਆਂ ਗਈਆਂ ਹਨ। ਇਸੇ ਦਰਮਿਆਨ ਕੈਨੇਡਾ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਸਥਿਤ ਆਪਣੇ ਦੂਤਾਵਾਸ ਨੂੰ ਬੰਦ ਕਰ ਦਿੱਤਾ ਹੈ ਅਤੇ ਰਾਜਦੂਤਾਂ ਤੇ ਦੂਤਾਵਾਸ ਦੇ ਮੁਲਾਜ਼ਮਾਂ ਨੂੰ ਯੂਕਰੇਨ ਦੇ ਪੱਛਮੀ ਹਿੱਸੇ ਵਿਚ ਸਥਿਤ ਲਵੀਵ 'ਚ ਅਸਥਾਈ ਤੌਰ 'ਤੇ ਭੇਜ ਦਿੱਤਾ ਹੈ। -ਏਪੀ



Most Read

2024-09-21 10:41:34