World >> The Tribune


ਕੈਨੇਡਾ-ਅਮਰੀਕਾ ਸਰਹੱਦ ’ਤੇ ਪ੍ਰਦਰਸ਼ਨ ਅਜੇ ਵੀ ਜਾਰੀ


Link [2022-02-14 08:54:23]



ਵਿੰਡਸਰ (ਕੈਨੇਡਾ), 13 ਫਰਵਰੀ

ਕੋਵਿਡ-19 ਵਿਰੋਧੀ ਟੀਕੇ ਸਬੰਧੀ ਹੁਕਮਾਂ ਅਤੇ ਹੋਰ ਪਾਬੰਦੀਆਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਨੂੰ ਕੈਨੇਡਾ ਨਾਲ ਜੋੜਨ ਵਾਲੇ ਇਕ ਪ੍ਰਮੁੱਖ ਸਰਹੱਦੀ ਪੁਲ ਤੋਂ ਸ਼ਨਿਚਰਵਾਰ ਨੂੰ ਆਪਣੇ ਵਾਹਨ ਹਟਾ ਲਏ। ਹਾਲਾਂਕਿ, ਪੁਲ ਤੱਕ ਪਹੁੰਚ ਅਜੇ ਵੀ ਸੰਭਵ ਨਹੀਂ ਹੈ ਜਦਕਿ ਰਾਜਧਾਨੀ ਸਣੇ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਹੋਰ ਫੋਰਸ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਹਨ। ਡੈਟਰਾਇਟ ਅਤੇ ਵਿੰਡਸਰ ਨੂੰ ਜੋੜਨ ਵਾਲੇ 'ਅੰਬੈਸਡਰ ਬ੍ਰਿਜ' 'ਤੇ ਤਣਾਅ ਉਦੋਂ ਥੋੜ੍ਹਾ ਘੱਟ ਹੋਇਆ ਜਦੋਂ ਕੈਨੇਡਾ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਟਰੱਕ ਹਟਾਉਣ ਲਈ ਰਾਜ਼ੀ ਕਰ ਲਿਆ। ਉਨ੍ਹਾਂ ਇਸ ਭੀੜ-ਭਾੜ ਵਾਲੇ ਕੌਮਾਂਤਰੀ ਕ੍ਰਾਸਿੰਗ ਦੇ ਦਾਖ਼ਲੇ ਨੂੰ ਰੋਕਣ ਲਈ ਟਰੱਕਾਂ ਦਾ ਇਸਤੇਮਾਲ ਕੀਤਾ ਸੀ। ਹਾਲਾਂਕਿ, ਪ੍ਰਦਰਸ਼ਨਕਾਰੀ ਨੇੜਲੇ ਸਥਾਨ 'ਤੇ ਮੁੜ ਤੋਂ ਇਕੱਤਰ ਹੋ ਗਏ ਅਤੇ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਦੇਰ ਰਾਤ ਤੱਕ ਕੈਨੇਡਾ ਵੱੱਲ ਦਾ ਰਸਤਾ ਰੋਕ ਦਿੱਤਾ। ਓਟਵਾ ਵਿਚ ਪੁਲੀਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵਧ ਕੇ 4000 ਤੱਕ ਹੋ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਫ਼ੌਜ ਸੱਦਣ ਦੀ ਅਪੀਲ ਖਾਰਜ ਕਰ ਦਿੱਤੀ ਹੈ। ਟਰੂਡੋ ਦੇ ਦਫ਼ਤਰ ਨੇ ਸ਼ਨਿਚਰਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ, ''ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸਰਹੱਦ ਕ੍ਰਾਸਿੰਗ ਬੰਦ ਨਹੀਂ ਰਹਿ ਸਕਦੀ ਅਤੇ ਸਾਰੇ ਬਦਲਾਂ 'ਤੇ ਗੌਰ ਕੀਤਾ ਗਿਆ ਹੈ।'' ਪੁਲੀਸ ਨੇ ਇਕ ਬਿਆਨ ਜਾਰੀ ਕਰ ਕੇ ਪ੍ਰਦਰਸ਼ਨ ਨੂੰ ਨਾਜਾਇਜ਼ ਕਬਜ਼ਾ ਦੱਸਿਆ ਅਤੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਯੋਜਨਾ ਲਾਗੂ ਕਰਨ ਤੋਂ ਪਹਿਲਾਂ ਹੋਰ ਫੋਰਸ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਹੀ ਹੈ। -ਏਪੀ

ਕੈਨਬਰਾ: ਹਜ਼ਾਰਾਂ ਲੋਕਾਂ ਵੱਲੋਂ ਵੈਕਸੀਨ ਦੇ ਵਿਰੋਧ 'ਚ ਮੁਜ਼ਾਹਰਾ

ਬ੍ਰਿਸਬਨ (ਹਰਜੀਤ ਲਸਾੜਾ): ਕਰੋਨਾਵਾਇਰਸ ਮਹਾਮਾਰੀ ਦੇ ਭਵਿੱਖੀ ਖ਼ਤਰਿਆਂ ਨੂੰ ਦੇਖਦੇ ਹੋਏ ਆਸਟਰੇਲੀਆ ਸਰਕਾਰ ਨੇ ਜਿੱਥੇ ਕਰੋਨਾ ਵਿਰੋਧੀ ਵੈਕਸੀਨ ਦੇ ਮੁੱਢਲੇ ਕੋਰਸ ਤੋਂ ਬਾਅਦ ਇਹਤਿਆਤੀ ਡੋਜ਼ ਲਾਜ਼ਮੀ ਕਰ ਦਿੱਤੀ ਹੈ, ਉੱਥੇ ਹੀ ਹਜ਼ਾਰਾਂ ਪ੍ਰਦਰਸ਼ਨਕਾਰੀ ਕੋਵਿਡ-19 ਵਿਰੋਧੀ ਵੈਕਸੀਨ ਦੇ ਹੁਕਮਾਂ ਸਣੇ ਹੋਰ ਕਈ ਮੁੱਦਿਆਂ ਦਾ ਵਿਰੋਧ ਕਰਨ ਲਈ ਇਕ ਵਾਰ ਫਿਰ ਕੈਨਬਰਾ ਦੀਆਂ ਸੜਕਾਂ 'ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਵੱਲੋਂ ਬੈਰੀਕੇਡਿੰਗ ਦੀ ਉਲੰਘਣਾ ਕਰਦਿਆਂ ਸੰਸਦ ਭਵਨ ਦੇ ਲਾਅਨ 'ਤੇ ਲੱਗੀ ਵਾੜ ਨੂੰ ਤੋੜਿਆ ਗਿਆ। ਦੱਸਣਯੋਗ ਹੈ ਕਿ ਲਾਈਫਲਾਈਨ ਕੈਨਬਰਾ ਨੇ ਇਸ ਸ਼ੋਅਗਰਾਊਂਡ ਵਿੱਚ ਮਾਨਸਿਕ ਸਿਹਤ ਸਬੰਧੀ ਫੰਡ ਇਕੱਤਰ ਕਰਨ ਲਈ ਇਕ ਸਮਾਰੋਹ ਕੀਤਾ ਸੀ, ਪਰ ਸੁਰੱਖਿਆ ਕਾਰਨਾਂ ਕਰ ਕੇ ਪ੍ਰਬੰਧਕਾਂ ਨੇ ਸਮਾਰੋਹ ਰੱਦ ਕਰ ਦਿੱਤਾ ਹੈ। ਪੁਲੀਸ ਨੇ ਈਪਿਕ ਸ਼ੋਅਗ੍ਰਾਊਂਡ ਵਿੱਚ ਹੋਏ ਕਥਿਤ ਹਮਲੇ ਦੀ ਜਾਂਚ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਵਿਅਕਤੀ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਸ ਨੇ ਆਪਣਾ ਟਰੱਕ ਸੜਕ 'ਤੇ ਲੱਗੇ ਇਕ ਨਾਕੇ ਵਿੱਚੋਂ ਲੰਘਾਇਆ, ਜਦੋਂ ਕਿ ਦੋ ਹੋਰਾਂ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਧਰ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ, ''ਆਸਟਰੇਲੀਆ ਇੱਕ ਆਜ਼ਾਦ ਦੇਸ਼ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ। ਮੈਂ ਉਨ੍ਹਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਅਤੇ ਸਨਮਾਨਜਨਕ ਢੰਗ ਨਾਲ ਅਜਿਹਾ ਕਰਨ ਲਈ ਕਹਾਂਗਾ।'' ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਾਨੀਜ਼ ਦਾ ਪ੍ਰਦਰਸ਼ਨਕਾਰੀਆਂ ਲਈ ਇੱਕ ਸਧਾਰਨ ਸੁਨੇਹਾ ਸੀ, 'ਘਰ ਜਾਓ।''



Most Read

2024-09-21 10:44:46