Breaking News >> News >> The Tribune


ਸਭ ਤੋਂ ਵੱਡੇ ਬੈਂਕ ਧੋਖਾਧੜੀ ਮਾਮਲੇ ਵਿੱਚ ਭਾਜਪਾ ਉਪਰ ਵਰ੍ਹੀ ਕਾਂਗਰਸ


Link [2022-02-14 08:54:21]



ਆਤਿਸ਼ ਗੁਪਤਾ

ਚੰਡੀਗੜ੍ਹ, 13 ਫਰਵਰੀ

ਉੱਤਰਾਖੰਡ, ਗੋਆ ਅਤੇ ਯੂਪੀ ਦੀਆਂ 55 ਸੀਟਾਂ 'ਤੇ ਦੂਜੇ ਗੇੜ ਦੀਆਂ ਚੋਣਾਂ ਤੋਂ ਇਕ ਦਿਨ ਪਹਿਲਾਂ ਅੱਜ ਕਾਂਗਰਸ ਨੇ ਦੇਸ਼ ਦੀ ਸਭ ਤੋਂ ਵੱਡੀ ਬੈਂਕ ਧੋਖਾਧੜੀ ਦੇ ਮਾਮਲੇ 'ਚ ਭਾਜਪਾ ਦੀ ਅਗਵਾਈ ਹੇਠਲੀ ਮੋਦੀ ਸਰਕਾਰ ਨੂੰ ਘੇਰਿਆ ਹੈ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਏਬੀਜੀ ਸ਼ਿਪਯਾਰਡ ਮਾਮਲੇ ਨੂੰ ਦੇਸ਼ ਦਾ ਸਭ ਤੋਂ ਵੱਡਾ ਬੈਂਕ ਘੁਟਾਲਾ ਦੱਸਦਿਆਂ ਕਿਹਾ ਕਿ ਸੀਬੀਆਈ ਵੱਲੋਂ ਸ਼ਿਪਯਾਰਡ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਨ 'ਚ ਪੰਜ ਸਾਲ ਦਾ ਸਮਾਂ ਲਗਾ ਦਿੱਤਾ ਗਿਆ ਜੋ ਮੋਦੀ ਸਰਕਾਰ ਦੇ ਸਮੇਂ ਵਿੱਚ ਹੋਇਆ ਹੈ। ਉਨ੍ਹਾਂ ਕਿਹਾ ਕਿ ਐੱਸਬੀਆਈ ਨੇ ਨਵੰਬਰ 2018 'ਚ ਪਹਿਲੀ ਵਾਰ ਸੀਬੀਆਈ ਨੂੰ ਸ਼ਿਕਾਇਤ ਕਰਦਿਆਂ ਮਾਮਲੇ ਦੀ ਜਾਂਚ ਕਰਨ ਸਬੰਧੀ ਸ਼ਿਕਾਇਤ ਦਿੱਤੀ ਸੀ। ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਗਸਤ 2020 'ਚ ਦੂਜੀ ਵਾਰ ਸ਼ਿਕਾਇਤ ਕੀਤੀ ਗਈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਏਬੀਜੀ ਨੇ ਉਕਤ ਮਾਮਲੇ 'ਚ ਧੋਖਾਧੜੀ ਕੇਂਦਰ ਸਰਕਾਰ ਦੇ ਆਗੂਆਂ ਦੀ ਮਿਲੀਭੁਗਤ ਨਾਲ ਕੀਤੀ ਹੈ। ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਏਬੀਜੀ ਸ਼ਿਪਯਾਰਡ ਦੇ ਮਾਲਕ ਰਿਸ਼ੀ ਅਗਰਵਾਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਸ ਸਮੇਂ ਤੋਂ ਜਾਣ-ਪਛਾਣ ਹੈ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ।

ਉਸ ਸਮੇਂ ਗੁਜਰਾਤ ਸਰਕਾਰ ਨੇ ਏਬੀਜੀ ਸ਼ਿਪਯਾਰਡ ਨੂੰ ਬਹੁਤ ਘੱਟ ਕੀਮਤ 'ਤੇ ਜ਼ਮੀਨ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਾਲ 2013 ਵਿੱਚ ਮੋਦੀ ਜਦੋਂ ਕੋਰੀਆ ਗਏ ਸਨ ਤਾਂ ਰਿਸ਼ੀ ਅਗਰਵਾਲ ਵੀ ਉਨ੍ਹਾਂ ਨਾਲ ਸਨ। ਉਸ ਸਮੇਂ ਰਿਸ਼ੀ ਅਗਰਵਾਲ ਨੇ ਗੁਜਰਾਤ ਵਿੱਚ 22 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ ਕੀਤਾ ਸੀ। ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਨੇ 15 ਫਰਵਰੀ, 2018 'ਚ ਮੋਦੀ ਸਰਕਾਰ ਨੂੰ ਘੁਟਾਲੇ ਬਾਰੇ ਜਾਣਕਾਰੀ ਦਿੱਤੀ ਸੀ। ਇਸ ਦੇ ਬਾਵਜੂਦ ਕੇਸ ਦਰਜ ਕਰਨ ਵਿੱਚ 5 ਸਾਲ ਦਾ ਸਮਾਂ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਰਿਸ਼ੀ ਅਗਰਵਾਲ ਕੋਲ ਸਿੰਗਾਪੁਰ ਦੀ ਨਾਗਰਿਕਤਾ ਵੀ ਹੈ ਅਤੇ ਸਰਕਾਰ ਸਪੱਸ਼ਟ ਕਰੇ ਕਿ ਉਹ ਭਾਰਤ 'ਚ ਹੈ ਜਾਂ ਵਿਦੇਸ਼ ਚਲਾ ਗਿਆ ਹੈ।

ਕਾਂਗਰਸ ਦੇ ਕੌਮੀ ਜਨਰਲ ਸਕੱਤਰ ਨੇ ਕਿਹਾ ਕਿ ਮੋਦੀ ਸਰਕਾਰ ਦੇ 7 ਸਾਲਾਂ ਦੇ ਸਮੇਂ ਦੌਰਾਨ ਦੇਸ਼ ਵਿੱਚ 5 ਲੱਖ 35 ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਬੈਂਕ ਘੁਟਾਲੇ ਹੋਏ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ 8.17 ਲੱਖ ਕਰੋੜ ਰੁਪਏ ਵੱਟੇ ਖਾਤੇ ਵਿੱਚ ਪਾ ਦਿੱਤੇ ਸਨ ਜਦੋਂ ਕਿ ਬੈਂਕਾਂ ਦੇ ਐੱਨਪੀਏ ਵਿੱਚ 21 ਲੱਖ ਕਰੋੜ ਰੁਪਏ ਦਾ ਵਾਧਾ ਹੋ ਗਿਆ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਨੀਰਵ ਮੋਦੀ, ਮੇਹੁਲ ਚੋਕਸੀ, ਲਲਿਤ ਮੋਦੀ ਅਤੇ ਹੋਰ ਵੀ ਕਈ ਲੋਕ ਬੈਂਕਾਂ ਨੂੰ ਚੂਨਾ ਲਗਾ ਕੇ ਫ਼ਰਾਰ ਹੋ ਚੁੱਕੇ ਹਨ।

ਚੰਗੇ ਦਿਨ ਆਏ, ਪਰ ਸਿਰਫ਼ ਮੋਦੀ ਦੇ 'ਮਿੱਤਰਾਂ' ਦੇ: ਰਾਹੁਲ ਗਾਂਧੀ

ਨਵੀਂ ਦਿੱਲੀ/ਹਾਥਰਸ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 5.35 ਲੱਖ ਕਰੋੜ ਰੁਪਏ ਦੀ ਬੈਂਕ ਧੋਖਾਧੜੀ ਹੋਈ ਹੈ ਤੇ ਇਹ ਚੰਗੇ ਦਿਨ ਹਨ ਜੋ ਕਿ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਿੱਤਰਾਂ' ਦੇ ਹੀ ਆਏ ਹਨ। ਗਾਂਧੀ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿਚ ਭਾਰਤ ਦੇ ਲੋਕਾਂ ਦੇ ਪੈਸੇ ਨਾਲ ਇਸ ਤਰ੍ਹਾਂ ਦੀ ਠੱਗੀ ਕਦੇ ਨਹੀਂ ਵੱਜੀ। ਰਾਹੁਲ ਨੇ ਹੈਸ਼ਟੈਗ ਵਰਤਿਆ 'ਕਿਸ ਕੇ ਅੱਛੇ ਦਿਨ?'। ਇਸੇ ਦੌਰਾਨ 'ਸਪਾ' ਆਗੂ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ, 'ਜਦ ਵੀ ਭਾਰਤ ਵਿਚ ਵੱਡੇ ਘੁਟਾਲੇ ਸਾਹਮਣੇ ਆਉਂਦੇ ਹਨ ਤਾਂ ਇਕ ਖਾਸ ਜਗ੍ਹਾ ਨਾਲ ਸਬੰਧਤ ਲੋਕ ਹੀ ਕਿਉਂ ਜ਼ਿੰਮੇਵਾਰ ਨਿਕਲਦੇ ਹਨ।' -ਪੀਟੀਆਈ



Most Read

2024-09-22 22:26:36