Breaking News >> News >> The Tribune


ਕਰਨਾਟਕ ਵਿਧਾਨ ਸਭਾ ਦਾ ਇਜਲਾਸ ਅੱਜ ਤੋਂ


Link [2022-02-14 08:54:21]



ਬੰਗਲੂਰੂ, 13 ਫਰਵਰੀ

ਸੂਬੇ 'ਚ ਹਿਜਾਬ ਵਿਵਾਦ ਦਰਮਿਆਨ ਕਰਨਾਟਕ ਵਿਧਾਨ ਸਭਾ ਦਾ ਇਜਲਾਸ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੇ ਹੰਗਾਮੇ ਭਰਪੂਰ ਰਹਿਣ ਦੀ ਪੂਰੀ ਸੰਭਾਵਨਾ ਹੈ। ਇਹ ਇਜਲਾਸ 25 ਫਰਵਰੀ ਤੱਕ ਜਾਰੀ ਰਹੇਗਾ। ਇਜਲਾਸ ਦੇ ਪਹਿਲੇ ਦਿਨ ਸੋਮਵਾਰ ਨੂੰ ਰਾਜਪਾਲ ਥਾਵਰ ਚੰਦ ਗਹਿਲੋਤ ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਪਿਛਲੇ ਸਾਲ ਜੁਲਾਈ 'ਚ ਰਾਜਪਾਲ ਬਣਨ ਤੋਂ ਬਾਅਦ ਗਹਿਲੋਤ ਵੱਲੋਂ ਸਾਂਝੇ ਇਜਲਾਸ ਨੂੰ ਪਹਿਲੀ ਵਾਰ ਸੰਬੋਧਨ ਕੀਤਾ ਜਾਵੇਗਾ। ਕਾਂਗਰਸ ਵੱਲੋਂ ਹਿਜਾਬ ਵਿਵਾਦ, ਸੂਬੇ 'ਚ ਅਮਨ-ਅਮਾਨ ਦੇ ਹਾਲਾਤ ਅਤੇ ਹਿੰਸਕ ਪ੍ਰਦਰਸ਼ਨਾਂ ਸਮੇਤ ਹੋਰ ਕਈ ਅਹਿਮ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ। ਹਿਜਾਬ ਵਿਵਾਦ ਨੇ ਸਿਆਸੀ ਰੰਗਤ ਲੈ ਲਈ ਹੈ ਕਿਉਂਕਿ ਹੁਕਮਰਾਨ ਭਾਜਪਾ ਨੇ ਵਿਦਿਅਕ ਅਦਾਰਿਆਂ 'ਚ ਵਰਦੀ ਨਾਲ ਸਬੰਧਤ ਨੇਮਾਂ ਦੀ ਹਮਾਇਤ ਕੀਤੀ ਹੈ। ਦੋਵੇਂ ਪਾਰਟੀਆਂ ਵੱਲੋਂ ਇਸ ਮੁੱਦੇ ਨੂੰ ਭਖਾਉਣ ਲਈ ਇਕ-ਦੂਜੇ 'ਤੇ ਦੋਸ਼ ਮੜ੍ਹੇ ਜਾ ਰਹੇ ਹਨ। ਸਿਆਸਤਦਾਨਾਂ, ਮੰਤਰੀਆਂ ਅਤੇ ਅਫ਼ਸਰਾਂ ਨੂੰ 40 ਫ਼ੀਸਦ ਰਿਸ਼ਵਤ ਦੇਣ ਦੇ ਲਾਏ ਗਏ ਦੋਸ਼ਾਂ ਦਾ ਮੁੱਦਾ ਵੀ ਕਾਂਗਰਸ ਵੱਲੋਂ ਉਠਾਏ ਜਾਣ ਦੀ ਸੰਭਾਵਨਾ ਹੈ। ਮੇਕੇਦਾਤੂ ਪ੍ਰਾਜੈਕਟ ਦਾ ਮੁੱਦਾ ਵੀ ਉਠਾਇਆ ਜਾ ਸਕਦਾ ਹੈ। ਸਰਦ ਰੁੱਤ ਇਜਲਾਸ ਦੌਰਾਨ ਪਾਸ ਕੀਤੇ ਗਏ ਵਿਵਾਦਤ ਧਰਮ ਪਰਿਵਰਤਨ ਵਿਰੋਧੀ ਬਿੱਲ ਦੇ ਵਿਧਾਨ ਪ੍ਰੀਸ਼ਦ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। -ਪੀਟੀਆਈ

ਅੱਜ ਤੋਂ ਮੁੜ ਖੁੱਲ੍ਹਣਗੇ ਹਾਈ ਸਕੂਲ; ਸੂਬੇ 'ਚ ਸ਼ਾਂਤੀ ਪਰਤਣ ਦੀ ਆਸ

ਹੁਬਲੀ: ਹਿਜਾਬ ਵਿਵਾਦ ਕਾਰਨ ਕਰਨਾਟਕ 'ਚ ਬੰਦ ਪਏ 10ਵੀਂ ਜਮਾਤ ਦੇ ਹਾਈ ਸਕੂਲ ਭਲਕੇ ਤੋਂ ਮੁੜ ਖੁੱਲ੍ਹ ਜਾਣਗੇ। ਇਸ ਦੌਰਾਨ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਆਸ ਜਤਾਈ ਹੈ ਕਿ ਸੂਬੇ 'ਚ ਸ਼ਾਂਤੀ ਦਾ ਮਾਹੌਲ ਰਹੇਗਾ। ਉਨ੍ਹਾਂ ਕਿਹਾ ਕਿ ਪ੍ਰੀ-ਯੂਨੀਵਰਿਸਟੀ ਅਤੇ ਡਿਗਰੀ ਕਾਲਜ ਮੁੜ ਤੋਂ ਖੋਲ੍ਹਣ ਦਾ ਫੈਸਲਾ ਹਾਲਾਤ ਦਾ ਮੁਲਾਂਕਣ ਕਰਨ ਮਗਰੋਂ ਲਿਆ ਜਾਵੇਗਾ। ਬੋਮਈ ਨੇ ਕਿਹਾ,''ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਐੱਸਪੀਜ਼ ਅਤੇ ਡੀਡੀਪੀਆਈਜ਼ ਨੂੰ ਪਹਿਲਾਂ ਹੀ ਮੁੱਖ ਸਕੂਲਾਂ 'ਚ ਮਾਪਿਆਂ ਤੇ ਅਧਿਆਪਕਾਂ ਨਾਲ ਸ਼ਾਂਤੀ ਮੀਟਿੰਗਾਂ ਕਰਨ ਲਈ ਆਖ ਦਿੱਤਾ ਗਿਆ ਹੈ ਤਾਂ ਜੋ ਮਾਹੌਲ ਸੁਖਾਵਾਂ ਬਣਿਆ ਰਹਿ ਸਕੇ।'' ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਤੋਂ ਪ੍ਰੀ-ਯੂਨੀਵਰਸਿਟੀ ਅਤੇ ਡਿਗਰੀ ਕਾਲਜ ਖੋਲ੍ਹਣ ਬਾਰੇ ਰਿਪੋਰਟ ਮੰਗੀ ਗਈ ਹੈ ਅਤੇ ਇਸ ਨੂੰ ਘੋਖਣ ਮਗਰੋਂ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਹਿਜਾਬ ਵਿਵਾਦ 'ਚ ਕੁਝ ਜਥੇਬੰਦੀਆਂ ਅਤੇ ਵਿਦੇਸ਼ੀ ਹੱਥ ਹੋਣ ਦੀਆਂ ਰਿਪੋਰਟਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਅਧਿਕਾਰੀਆਂ ਵੱਲੋਂ ਇਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। -ਪੀਟੀਆਈ



Most Read

2024-09-22 22:33:35