Breaking News >> News >> The Tribune


ਪੁਲਵਾਮਾ ਹਮਲਾ: ਬੱਸ ਡਰਾਈਵਰ ਕਿਸੇ ਹੋਰ ਦੀ ਥਾਂ ’ਤੇ ਦੇ ਰਿਹਾ ਸੀ ਡਿਊਟੀ


Link [2022-02-14 08:54:21]



ਨਵੀਂ ਦਿੱਲੀ, 13 ਫਰਵਰੀ

ਪੁਲਵਾਮਾ 'ਚ ਫਿਦਾਈਨ ਵੱਲੋਂ ਬੱਸ 'ਚ ਕੀਤੇ ਗਏ ਧਮਾਕੇ 'ਚ ਡਰਾਈਵਰ ਜੈਮੱਲ ਸਿੰਘ ਵੀ ਮਾਰਿਆ ਗਿਆ ਸੀ। ਉਹ ਆਪਣੇ ਸਾਥੀ ਦੀ ਥਾਂ 'ਤੇ 14 ਫਰਵਰੀ, 2019 ਨੂੰ ਡਿਊਟੀ ਦੇ ਰਿਹਾ ਸੀ। ਇਹ ਖ਼ੁਲਾਸਾ ਆਈਪੀਐੱਸ ਅਫ਼ਸਰ ਦਨੇਸ਼ ਰਾਣਾ ਦੀ ਪੁਲਵਾਮਾ ਹਮਲੇ ਬਾਰੇ ਕਿਤਾਬ 'ਐਜ਼ ਫਾਰ ਐਜ਼ ਸੈਫਰਨ ਫੀਲਡਜ਼' 'ਚ ਕੀਤਾ ਗਿਆ ਹੈ। ਰਾਣਾ ਇਸ ਸਮੇਂ ਜੰਮੂ ਕਸ਼ਮੀਰ 'ਚ ਵਧੀਕ ਡੀਜੀਪੀ ਵਜੋਂ ਤਾਇਨਾਤ ਹਨ ਅਤੇ ਉਨ੍ਹਾਂ ਕਿਤਾਬ 'ਚ ਸੀਆਰਪੀਐੱਫ ਦੇ 40 ਜਵਾਨਾਂ ਨੂੰ ਸ਼ਹੀਦੀ ਸਬੰਧੀ ਸਾਜ਼ਿਸ਼ ਦਾ ਪਰਤ-ਦਰ-ਪਰਤ ਪਰਦਾਫਾਸ਼ ਕੀਤਾ ਹੈ। ਨਾਇਕਾਂ ਨਾਲ ਇੰਟਰਵਿਊ, ਪੁਲੀਸ ਚਾਰਜਸ਼ੀਟਾਂ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਰਾਣਾ ਨੇ ਕਸ਼ਮੀਰ 'ਚ ਅਤਿਵਾਦ ਦੇ ਆਧੁਨਿਕ ਚਿਹਰੇ ਦਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਘਟਨਾਕ੍ਰਮ ਦੀਆਂ ਤੰਦਾਂ ਜੋੜਦਿਆਂ ਲਿਖਿਆ ਹੈ ਕਿ ਕਿਵੇਂ ਸੀਆਰਪੀਐੱਫ ਦੇ ਜਵਾਨਾਂ ਦਾ ਕਾਫ਼ਲਾ ਰਿਪੋਰਟਿੰਗ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਿਆ ਸੀ। ਨੇਮਾਂ ਮੁਤਾਬਕ ਹੈੱਡ ਕਾਂਸਟੇਬਲ ਜੈਮੱਲ ਸਿੰਘ ਸਭ ਤੋਂ ਅਖੀਰ 'ਚ ਹੋਰ ਡਰਾਈਵਰਾਂ ਨਾਲ ਮੌਕੇ 'ਤੇ ਪਹੁੰਚਿਆ ਸੀ ਕਿਉਂਕਿ ਵਾਹਨ ਚਲਾਉਣ ਵਾਲੇ ਡਰਾਈਵਰਾਂ ਨੂੰ ਆਰਾਮ ਲਈ ਅੱਧੇ ਘੰਟੇ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ। ਹਾਰਪਰ ਕੌਲਿਨਜ਼ ਇੰਡੀਆ ਵੱਲੋਂ ਪ੍ਰਕਾਸ਼ਿਤ ਕਿਤਾਬ 'ਚ ਲਿਖਿਆ ਗਿਆ ਹੈ,''ਚੰਬਾ ਦੇ ਹੈੱਡ ਕਾਂਸਟੇਬਲ ਕਿਰਪਾਲ ਸਿੰਘ ਨੇ ਆਪਣੀ ਧੀ ਦੇ ਵਿਆਹ ਲਈ ਛੁੱਟੀ ਦੀ ਅਰਜ਼ੀ ਦਿੱਤੀ ਹੋਈ ਸੀ। ਕਿਰਪਾਲ ਨੇ ਐੱਚਆਰ49ਐੱਫ-0637 ਰਜਿਸਟਰੇਸ਼ਨ ਵਾਲੀ ਬੱਸ ਚਲਾਉਣੀ ਸੀ ਤੇ ਨਿਗਰਾਨ ਅਧਿਕਾਰੀ ਨੇ ਉਸ ਨੂੰ ਦੱਸਿਆ ਸੀ ਕਿ ਉਹ ਜੰਮੂ ਪਰਤਣ ਮਗਰੋਂ ਛੁੱਟੀ 'ਤੇ ਚਲਾ ਜਾਵੇ। ਕਿਰਪਾਲ ਬਹੁਤ ਖੁਸ਼ ਸੀ ਅਤੇ ਉਸ ਦੀ ਛੁੱਟੀ ਪੰਜ ਦਿਨਾਂ ਮਗਰੋਂ ਸ਼ੁਰੂ ਹੋਣੀ ਸੀ। ਪਰ ਮੌਸਮ ਨੇ ਸਾਰੀ ਖੇਡ ਵਿਗਾੜ ਦਿੱਤੀ ਅਤੇ ਇਹ ਸੰਭਾਵਨਾ ਸੀ ਕਿ ਕਿਰਪਾਲ ਸ੍ਰੀਨਗਰ 'ਚ ਬਰਫ਼ਬਾਰੀ ਅਤੇ ਮੀਂਹ ਕਾਰਨ ਫਸ ਸਕਦਾ ਹੈ ਜਿਸ ਕਾਰਨ ਉਹ ਸਮੇਂ ਸਿਰ ਧੀ ਦੇ ਵਿਆਹ ਮੌਕੇ ਘਰ ਨਾ ਪਹੁੰਚ ਪਾਉਂਦਾ। ਇਸ ਕਾਰਨ ਜੈਮੱਲ ਸਿੰਘ ਖੁਦ ਹੀ ਕਿਰਪਾਲ ਸਿੰਘ ਦੀ ਸਹਾਇਤਾ ਲਈ ਅੱਗੇ ਆਇਆ ਅਤੇ ਉਹ ਬੱਸ ਚਲਾਉਣ ਲਈ ਤਿਆਰ ਹੋ ਗਿਆ।'' ਰਾਣਾ ਨੇ ਲਿਖਿਆ ਹੈ ਕਿ ਜੈਮੱਲ ਸਿੰਘ ਨੇ 13 ਫਰਵਰੀ ਦੀ ਰਾਤ ਨੂੰ ਪੰਜਾਬ 'ਚ ਆਪਣੀ ਪਤਨੀ ਨਾਲ ਗੱਲਬਾਤ ਕਰਦਿਆਂ ਆਪਣੀ ਡਿਊਟੀ ਦਾ ਜ਼ਿਕਰ ਕੀਤਾ ਸੀ ਜੋ ਉਸ ਦੀ ਆਖਰੀ ਗੱਲਬਾਤ ਸਾਬਿਤ ਹੋਈ। -ਪੀਟੀਆਈ



Most Read

2024-09-23 00:36:13