Breaking News >> News >> The Tribune


ਸਟਾਲਿਨ ਅਤੇ ਪੱਛਮੀ ਬੰਗਾਲ ਦੇ ਰਾਜਪਾਲ ਧਨਖੜ ਵਿਚਾਲੇ ਸ਼ਬਦੀ ਜੰਗ


Link [2022-02-14 08:54:21]



ਚੇਨੱਈ (ਤਾਮਿਲ ਨਾਡੂ), 13 ਫਰਵਰੀ

ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਵੱਲੋਂ ਸੂਬੇ ਦਾ ਵਿਧਾਨ ਸਭਾ ਸੈਸ਼ਨ ਮੁਲਤਵੀ ਕਰਨ ਪਿੱਛੇ 'ਕੋਈ ਜਾਇਜ਼ ਕਾਰਨ' ਨਹੀਂ ਹੈ। ਜਦਕਿ ਇਸ 'ਤੇ ਜਵਾਬ 'ਚ ਸ੍ਰੀ ਧਨਖੜ ਨੇ ਕਿਹਾ ਕਿ ਸਰਕਾਰ ਦੀ ਅਪੀਲ 'ਤੇ ਵਿਧਾਨ ਸਭਾ ਸੈਸ਼ਨ ਮੁਲਤਵੀ ਕੀਤਾ ਗਿਆ ਹੈ ਅਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਦੀਆਂ ਟਿੱਪਣੀਆਂ ਸਖਤ ਅਤੇ ਤਰਕ ਵਿਹੂਣੀਆਂ ਹਨ।

ਸਟਾਲਿਨ ਨੇ ਟਵੀਟ ਕੀਤਾ, ''ਪੱਛਮੀ ਬੰਗਾਲ ਦੇ ਰਾਜਪਾਲ ਵੱਲੋਂ ਪੱਛਮੀ ਬੰਗਾਲ ਰਾਜ ਵਿਧਾਨ ਸਭਾ ਸੈਸ਼ਨ ਖਤਮ ਕਰਨ ਪਿੱਛੇ ਕੋਈ ਤਰਕ ਨਹੀਂ ਹੈ। ਇੰਨੇ ਉੱਚੇ ਅਹੁਦੇ 'ਤੇ ਬੈਠੇ ਵਿਅਕਤੀ ਤੋਂ ਇਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਅਤੇ ਇਹ ਸਥਾਪਿਤ ਨਿਯਮਾਂ ਤੇ ਰਵਾਇਤਾਂ ਦੇ ਖ਼ਿਲਾਫ਼ ਹੈ।'' ਉਨ੍ਹਾਂ ਕਿਹਾ, ''ਰਾਜ ਦੇ ਸੰਕੇਤਕ' ਮੁਖੀ ਨੂੰ ਸੰਵਿਧਾਨ ਬਰਕਰਾਰ ਰੱਖਣ 'ਚ ਆਦਰਸ਼ ਵਿਅਕਤੀ ਹੋਣਾ ਚਾਹੀਦਾ ਹੈ। ਜਮਹੂਰੀਅਤ ਦੀ ਖੂਬਸੂਰਤੀ ਇੱਕ-ਦੂਜੇ ਨੂੰ ਬਰਾਬਰ ਸਨਮਾਨ ਦੇਣ ਵਿੱਚ ਹੈ।''

ਸਟਾਲਿਨ ਨੂੰ ਜਵਾਬ ਦਿੰਦਿਆਂ ਧਨਖੜ ਨੇ ਆਪਣੇ ਅਧਿਕਾਰਤ ਹੈਂਡਲ ਤੋਂ ਟਵੀਟ ਕੀਤਾ, ''ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਵੱਲੋਂ ਸਨਮਾਨਪੂਰਨ ਧਿਆਨ ਖਿੱਚਣਾ ਗ਼ੈਰਸਧਾਰਨ ਤੌਰ 'ਤੇ ਢੁੱਕਵਾਂ ਹੈ ਕਿ ਉਨ੍ਹਾਂ ਦੀਆਂ ਬਹੁਤ ਜ਼ਿਆਦਾ ਕੱਟੜ ਅਤੇ ਠੇਸ ਪਹੁੰਚਾਉਣ ਵਾਲੀਆਂ ਟਿੱਪਣੀਆਂ ਘੱਟੋ-ਘੱਟ ਤੱਥਾਂ 'ਤੇ ਅਧਾਰਿਤ ਨਹੀਂ ਹਨ। ਮਮਤਾ ਬੈਨਰਜੀ ਦੀ ਅਪੀਲ 'ਤੇ ਵਿਧਾਨ ਸਭਾ ਦੀ ਕਾਰਵਾਈ ਟਾਲੀ ਗਈ ਹੈ।'' ਧਨਖੜ ਨੇ ਇਸ ਸਬੰਧੀ ਇੱਕ ਅਧਿਕਾਰਤ ਪੱਤਰ ਵੀ ਪੋਸਟ ਕੀਤਾ ਹੈ।

ਜ਼ਿਕਰਯੋਗ ਹੈ ਕਿ ਰਾਜਪਾਲ ਜਗਦੀਪ ਧਨਖੜ ਵੱਲੋਂ ਸੂਬਾ ਸਰਕਾਰ ਦੀ ਸਿਫ਼ਾਰਸ਼ 'ਤੇ ਸ਼ਨਿਚਰਵਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਖਤਮ ਕਰ ਦਿੱਤਾ ਗਿਆ ਸੀ। ਤ੍ਰਿਣਮੂਲ ਕਾਂਗਰਸ ਦੇ ਤਰਜਮਾਨ ਕੁਨਾਲ ਘੋਸ਼ ਨੇ ਕਿਹਾ, ''ਰਾਜਪਾਲ ਨੇ ਇਹ ਫ਼ੈਸਲਾ ਖ਼ੁਦ ਨਹੀਂ ਲਿਆ। ਉਨ੍ਹਾਂ ਵੱਲੋਂ ਮੰਤਰੀ ਮੰਡਲ ਦੀ ਸਿਫ਼ਾਰਸ਼ 'ਤੇ ਵਿਧਾਨ ਸਭਾ ਦਾ ਸੈਸ਼ਨ ਖਤਮ ਕੀਤਾ ਗਿਆ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਹਨ।'' -ਪੀਟੀਆਈ



Most Read

2024-09-23 00:38:41