World >> The Tribune


ਯੂਕਰੇਨ ਵਿਚ ਦੂਤਾਵਾਸ ਖਾਲੀ ਕਰੇਗਾ ਅਮਰੀਕਾ


Link [2022-02-13 13:34:37]



ਵਾਸ਼ਿੰਗਟਨ, 12 ਫਰਵਰੀ

ਪੱਛਮੀ ਖੁਫ਼ੀਆ ਅਧਿਕਾਰੀਆਂ ਵੱਲੋਂ ਯੂਕਰੇਨ 'ਤੇ ਰੂਸੀ ਹਮਲੇ ਦਾ ਖ਼ਤਰਾ ਦੱਸੇ ਜਾਣ ਵਿਚਾਲੇ ਅਮਰੀਕਾ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਸਥਿਤ ਆਪਣਾ ਦੂਤਾਵਾਸ ਖਾਲੀ ਕਰਨ ਦੀ ਤਿਆਰੀ ਕਰ ਰਿਹਾ ਹੈ।

ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਜਲਦੀ ਹੀ ਇਹ ਐਲਾਨ ਕਰਨ ਵਾਲਾ ਹੈ ਕਿ ਰੂਸੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਵ ਵਿਚ ਦੂਤਾਵਾਸ ਦੇ ਸਾਰੇ ਅਮਰੀਕੀ ਕਰਮਚਾਰੀਆਂ ਨੂੰ ਪਹਿਲਾਂ ਹੀ ਦੇਸ਼ ਛੱਡਣਾ ਹੋਵੇਗਾ। ਉੱਧਰ, ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਹੈ।

ਮੰਤਰਾਲੇ ਨੇ ਪਹਿਲਾਂ ਯੂਕਰੇਨ ਵਿਚ ਅਮਰੀਕੀ ਦੂਤਾਵਾਸ ਦੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ। ਇਸ ਤੋਂ ਇਲਾਵਾ ਗੈਰ-ਜ਼ਰੂਰੀ ਕਰਮਚਾਰੀਆਂ ਨੂੰ ਕਿਹਾ ਗਿਆ ਸੀ ਕਿ ਉਹ ਉੱਥੋਂ ਜਾਣਾ ਚਾਹੁੰਦੇ ਹਨ ਜਾਂ ਨਹੀਂ ਇਹ ਉਨ੍ਹਾਂ ਦੇ ਵਿਵੇਕ 'ਤੇ ਨਿਰਭਰ ਕਰਦਾ ਹੈ।

ਨਵਾਂ ਕਦਮ ਅਜਿਹੇ ਸਮੇਂ ਵਿਚ ਉਠਾਇਆ ਗਿਆ ਹੈ ਜਦੋਂ ਅਮਰੀਕਾ ਨੇ ਯੂਕਰੇਨ 'ਤੇ ਸੰਭਾਵੀ ਰੂਸੀ ਹਮਲੇ ਬਾਰੇ ਆਪਣੀਆਂ ਚਿਤਾਵਨੀਆਂ ਵਧਾ ਦਿੱਤੀਆਂ ਹਨ। ਅਧਿਕਾਰੀਆਂ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਸੀਮਿਤ ਗਿਣਤੀ ਵਿਚ ਅਮਰੀਕੀ ਰਾਜਦੂਤਾਂ ਨੂੰ ਯੂਕਰੇਨ ਦੇ ਪੱਛਮ ਵਿਚ ਨਾਟੋ ਦੇ ਸਹਿਯੋਗੀ ਪੋਲੈਂਡ ਦੇ ਨਾਲ ਲੱਗਦੀ ਸਰਹੱਦ ਕੋਲ ਤਬਦੀਲ ਕੀਤਾ ਜਾ ਸਕਦਾ ਹੈ, ਤਾਂ ਜੋ ਦੇਸ਼ ਵਿਚ ਅਮਰੀਕਾ ਦੀ ਕੂਟਨੀਤਕ ਮੌਜੂਦਗੀ ਬਰਕਰਾਰ ਰੱਖੀ ਜਾ ਸਕੇ।

ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਨਾਟੋ ਸਹਿਯੋਗੀਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਣ ਅਤੇ ਰੂਸ ਦੇ ਯੂਕਰੇਨ 'ਤੇ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਪੋਲੈਂਡ ਵਿਚ ਪਹਿਲਾਂ ਤੋਂ ਮੌਜੂਦ 1700 ਸੈਨਿਕਾਂ ਤੋਂ ਇਲਾਵਾ ਉੱਥੇ 3000 ਸੈਨਿਕ ਹੋਰ ਭੇਜ ਰਿਹਾ ਹੈ। ਪੈਂਟਾਗਨ ਵੱਲੋਂ ਨਿਰਧਾਰਤ ਨਿਯਮਾਂ ਤਹਿਤ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਇਕ ਰੱਖਿਆ ਅਧਿਕਾਰੀ ਅਨੁਸਾਰ ਵਾਧੂ ਸੈਨਿਕ ਅਗਲੇ ਕੁਝ ਦਿਨਾਂ ਵਿਚ ਉੱਤਰੀ ਕੈਰੋਲੀਨਾ ਦੇ ਫੋਰਟ ਬਰੈਗ ਤੋਂ ਰਵਾਨਾ ਹੋਣਗੇ ਅਤੇ ਅਗਲੇ ਹਫ਼ਤੇ ਦੀ ਸ਼ੁਰੂਆਤ ਵਿਚ ਉਹ ਪੋਲੈਂਡ ਵਿਚ ਹੋਣਗੇ। ਉਹ 82ਵੇਂ ਏਅਰਬੌਰਨ ਡਿਵੀਜ਼ਨ ਦੀ ਇਕ ਪੈਦਲ ਸੈਨਾ ਬ੍ਰਿਗੇਡ ਦਾ ਹਿੱਸਾ ਹਨ। ਉਨ੍ਹਾਂ ਦਾ ਮਿਸ਼ਨ ਸਿਖਲਾਈ ਦੇਣਾ ਅਤੇ ਸੁਰੱਖਿਆ ਪ੍ਰਦਾਨ ਕਰਨਾ ਹੋਵੇਗਾ, ਪਰ ਉਹ ਯੂਕਰੇਨ ਵਿਚ ਜੰਗ 'ਚ ਸ਼ਾਮਲ ਨਹੀਂ ਹੋਣਗੇ।

ਇਹ ਐਲਾਨ ਰਾਸ਼ਟਰਪਤੀ ਜੋਅ ਬਾਇਡਨ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਵੱਲੋਂ ਯੂਕਰੇਨ ਵਿਚ ਸਾਰੇ ਅਮਰੀਕੀ ਨਾਗਰਿਕਾਂ ਲਈ ਜਲਦੀ ਤੋਂ ਜਲਦੀ ਦੇਸ਼ ਛੱਡਣ ਦੀ ਜਨਤਕ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਤੁਰੰਤ ਬਾਅਦ ਕੀਤਾ ਗਿਆ। ਸੁਲੀਵਨ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕਿਸੇ ਵੀ ਦਿਨ ਯੂਕਰੇਨ 'ਤੇ ਹਮਲਾ ਸ਼ੁਰੂ ਕਰਨ ਦਾ ਹੁਕਮ ਦੇ ਸਕਦੇ ਹਨ। ਪੋਲੈਂਡ ਵਿਚ ਤਾਇਨਾਤ ਅਮਰੀਕੀ ਸੈਨਿਕਾਂ ਤੋਂ ਇਲਾਵਾ ਜਰਮਨੀ ਵਿਚ ਸਥਿਤ ਲਗਪਗ ਇਕ ਹਜ਼ਾਰ ਅਮਰੀਕੀ ਸੈਨਿਕ ਵੀ ਰੋਮਾਨੀਆ ਵਿਚ ਤਬਦੀਲ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 18ਵੀਂ ਏਅਰਬੌਰਨ ਕੋਰ ਹੈੱਡਕੁਆਰਟਰ ਇਕਾਈ ਦੇ 300 ਸੈਨਿਕ ਜਰਮਨੀ ਪਹੁੰਚੇ ਹਨ, ਜਿਸ ਦੀ ਕਮਾਨ ਲੈਫ਼ਟੀਨੈਂਟ ਜਨਰਲ ਮਾਈਕਲ ਈ ਕੁਰਿਲਾ ਦੇ ਹੱਥਾਂ ਵਿਚ ਹੈ।

ਅਮਰੀਕੀ ਸੈਨਿਕ ਮੇਜ਼ਬਾਨ ਦੇਸ਼ ਦੇ ਫ਼ੌਜੀ ਬਲਾਂ ਨੂੰ ਸਿਖਲਾਈ ਦੇਣਗੇ ਪਰ ਉਹ ਕਿਸੇ ਵੀ ਉਦੇਸ਼ ਲਈ ਯੂਕਰੇਨ ਵਿਚ ਦਾਖ਼ਲ ਨਹੀਂ ਹੋਣਗੇ। ਅਮਰੀਕਾ ਦੇ ਲਗਪਗ 80,000 ਸੈਨਿਕ ਪਹਿਲਾਂ ਤੋਂ ਹੀ ਯੂਰੋਪ ਦੇ ਆਪਣੇ ਸਥਾਈ ਕੇਂਦਰਾਂ 'ਤੇ ਮੌਜੂਦ ਹਨ ਅਤੇ ਨਿਯਮਤ ਸਮੇਂ ਦੇ ਫ਼ਰਕ ਨਾਲ ਵਾਰੋ-ਵਾਰੀ ਉੱਥੇ ਤਾਇਨਾਤ ਹੁੰਦੇ ਰਹਿੰਦੇ ਹਨ। -ਏਪੀ



Most Read

2024-09-21 10:57:41