World >> The Tribune


ਓਂਟਾਰੀਓ ਦੇ ਪ੍ਰੀਮੀਅਰ ਵੱਲੋਂ ਸੂਬੇ ਵਿੱਚ ਐਮਰਜੈਂਸੀ ਦਾ ਐਲਾਨ


Link [2022-02-13 13:34:37]



ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ/ਟਰਾਂਟੋ, 12 ਫਰਵਰੀ

ਕੈਨੇਡਾ ਵਿਚ ਟੀਕਾਕਰਨ ਪਬੰਦੀਆਂ ਦੇ ਵਿਰੋਧ ਵਿਚ ਦੋ ਹਫ਼ਤਿਆਂ ਤੋਂ ਚੱਲਦੇ ਟਰੱਕ-ਕਾਫਲਾ ਅੰਦੋਲਨ ਦੇ ਇਕ ਹਿੱਸੇ ਵੱਲੋਂ ਲੰਘੇ ਸੋਮਵਾਰ ਤੋਂ ਬੰਦ ਕੀਤੇ ਗਏ ਅਮਰੀਕਾ-ਕੈਨੇਡਾ ਮੁੱਖ ਲਾਂਘੇ ਨੂੰ ਖੁੱਲ੍ਹਵਾਉਣ ਲਈ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਅੱਜ ਸੂਬੇ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਪ੍ਰੀਮੀਅਰ ਦੇ ਨਾਲ ਸੌਲੀਸਿਟਰ ਜਨਰਲ ਸਿਲਵੀਆ ਜੌਨ, ਅਟਾਰਨੀ ਜਨਰਲ ਡੱਗ ਡੌਨੀ ਅਤੇ ਟਰਾਂਸਪੋਰਟ ਮੰਤਰੀ ਕੈਰੋਲਿਨ ਮੁਲਰੋਨੀ ਵੀ ਮੌਜੂਦ ਸਨ। ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਸੂਬੇ ਵਿਚ 400 ਸੀਰੀਜ਼ ਵਾਲੇ ਸਾਰੇ ਸ਼ਾਹਰਾਹਾਂ 'ਤੇ ਕੋਈ ਅੜਿੱਕਾ ਬਰਦਾਸ਼ਤ ਨਹੀਂ ਹੋਵੇਗਾ ਅਤੇ ਕਾਨੂੰਨ ਉਲੰਘਣ ਵਾਲਿਆਂ ਨੂੰ ਇਕ ਲੱਖ ਤੱਕ ਦੇ ਜੁਰਮਾਨੇ ਸਣੇ ਇਕ ਸਾਲ ਦੀ ਕੈਦ ਹੋਵੇਗੀ ਅਤੇ ਡਰਾਈਵਿੰਗ ਲਾਇਸੈਂਸ ਵੀ ਰੱਦ ਕੀਤੇ ਜਾਣਗੇ। ਉਧਰ, ਓਂਟਾਰੀਓ ਦੀ ਉੱਚ ਅਦਾਲਤ ਦੇ ਜਸਟਿਸ ਜੌਫਰੇਅ ਮੋਰਾਵੈਟਜ਼ ਨੇ ਆਟੋਮੋਟਿਵ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸ਼ਾਮ 7 ਵਜੇ ਤੋਂ ਪਹਿਲਾਂ ਲਾਂਘੇ ਦੇ ਸਾਰੇ ਅੜਿੱਕੇ ਹਟਾਉਣ ਦੇ ਹੁਕਮ ਦਿੱਤੇ ਹਨ। ਪ੍ਰੀਮੀਅਰ ਨੇ ਕਿਹਾ ਕਿ ਟਰੱਕ ਅੰਦੋਲਨਕਾਰੀ ਸਹਿਣਸ਼ੀਲਤਾ ਦੀ ਹੱਦ ਪਾਰ ਕਰ ਚੁੱਕੇ ਹਨ। ਉਨ੍ਹਾਂ ਦਾ ਇਸ਼ਾਰਾ ਓਟਵਾ ਵਿਚਲੀ ਘੇਰਾਬੰਦੀ ਅਤੇ ਅੰਬੈਸਡਰ ਬ੍ਰਿਜ ਦੀਆਂ ਰੋਕਾਂ ਵੱਲ ਸੀ। ਉਨ੍ਹਾਂ ਕਿਹਾ ਕਿ ਮੰਗ ਉਭਾਰ ਕੇ ਘਰ ਪਰਤਣ ਵਿੱਚ ਸਿਆਣਪ ਹੁੰਦੀ ਹੈ। ਪ੍ਰੀਮੀਅਰ ਨੇ ਦੱਸਿਆ ਕਿ ਉਹ ਜਲਦੀ ਹੀ ਅਜਿਹਾ ਕਾਨੂੰਨ ਬਣਾ ਰਹੇ ਹਨ, ਜਿਸ ਮਗਰੋਂ ਸਰਕਾਰ ਲਈ ਸ਼ਰਾਰਤੀ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਣਾ ਸੌਖਾ ਹੋ ਜਾਵੇਗਾ। ਪ੍ਰੀਮੀਅਰ ਨੇ ਭਰੋਸਾ ਪ੍ਰਗਟਾਇਆ ਕਿ ਲਾਂਘਾ ਰੋਕਣ ਵਾਲੇ ਸਿਆਣਪ ਦਿਖਾ ਕੇ ਸਖ਼ਤੀ ਤੋਂ ਬਚਣਗੇ। ਉਧਰ, ਓਟਵਾ ਵਿਚ ਪੁਲੀਸ ਦੀ ਸਖ਼ਤੀ ਕਾਰਨ ਕਾਫੀ ਅੰਦੋਲਨਕਾਰੀ ਵਾਪਸ ਜਾਣ ਲੱਗੇ ਹਨ। ਵੈਨਕੂਵਰ, ਕੈਲਗਰੀ ਤੇ ਵਿਨੀਪੈੱਗ ਵਿੱਚ ਅੰਦੋਲਨ ਸਮਰਥਕਾਂ ਨੂੰ ਆਮ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰ ਵੱਲੋਂ ਲਾਂਘਾ ਖੁੱਲ੍ਹਵਾਉਣ ਲਈ ਅਮਰੀਕੀ ਮਦਦ ਦੀ ਪੇਸ਼ਕਸ਼ ਬਾਰੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਕੋਈ ਖ਼ਬਰ ਬਾਹਰ ਨਹੀਂ ਆਈ ਹੈ।



Most Read

2024-09-21 10:24:23