Breaking News >> News >> The Tribune


ਚੀਨ ਦੇ ਵਤੀਰੇ ਕਾਰਨ ਅਸਲ ਕੰਟਰੋਲ ਰੇਖਾ ’ਤੇ ਸਥਿਤੀ ਖਰਾਬ ਹੋਈ: ਜੈਸ਼ੰਕਰ


Link [2022-02-13 07:13:58]



ਮੈਲਬਰਨ, 12 ਫਰਵਰੀ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਮੌਜੂਦਾ ਸਥਿਤੀ, ਚੀਨ ਵੱਲੋਂ ਸਰਹੱਦ 'ਤੇ ਸੈਨਿਕਾਂ ਨੂੰ ਇਕੱਤਰ ਨਾ ਕਰਨ ਸਬੰਧੀ ਹੋਏ ਲਿਖਤੀ ਸਮਝੌਤਿਆਂ ਦੀ ਉਲੰਘਣਾ ਕੀਤੇ ਜਾਣ ਕਾਰਨ ਪੈਦਾ ਹੋਈ ਹੈ।

ਆਸਟਰੇਲਿਆਈ ਵਿਦੇਸ਼ ਮੰਤਰੀ ਮਾਰਿਸ ਪੇਅਨ ਦੇ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਜੈਸ਼ੰਕਰ ਨੇ ਕਿਹਾ ਨੇ ਕਿਹਾ ਕਿ ਜਦੋਂ ਕੋਈ ਵੱਡਾ ਦੇਸ਼ ਲਿਖਤੀ ਵਚਨਬੱਧਤਾਵਾਂ ਦੀ ਉਲੰਘਣਾ ਕਰਦਾ ਹੈ ਤਾਂ ਇਹ ਪੂਰੇ ਕੌਮਾਂਤਰੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੁੰਦਾ ਹੈ। ਉਨ੍ਹਾਂ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਵਿਚਾਲੇ ਪੂਰਬੀ ਲੱਦਾਖ ਸਰਹੱਦ 'ਤੇ ਤਣਾਅ ਬਾਰੇ ਇਕ ਸਵਾਲ ਦੇ ਜਵਾਬ ਵਿਚ ਇਹ ਬਿਆਨ ਦਿੱਤਾ।

ਇਹ ਪੁੱਛੇ ਜਾਣ 'ਤੇ ਕੀ ਸ਼ੁੱਕਰਵਾਰ ਨੂੰ ਇੱਥੇ 'ਕੁਆਡ' ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਭਾਰਤ-ਚੀਨ ਸਰਹੱਦ 'ਤੇ ਤਣਾਅ ਦੇ ਮੁੱਦੇ 'ਤੇ ਚਰਚਾ ਹੋਈ, ਜੈਸ਼ੰਕਰ ਨੇ 'ਹਾਂ' ਵਿਚ ਜਵਾਬ ਦਿੱਤਾ। ਉਨ੍ਹਾਂ ਕਿਹਾ, ''ਹਾਂ, ਅਸੀਂ (ਕੁਆਡ) ਭਾਰਤ-ਚੀਨ ਸਬੰਧਾਂ 'ਤੇ ਚਰਚਾ ਕੀਤੀ ਕਿਉਂਕਿ ਇਹ ਸਾਡੇ ਗੁਆਂਢ ਵਿਚ ਹੋਣ ਵਾਲੇ ਘਟਨਾਕ੍ਰਮ ਦੀ ਜਾਣਕਾਰੀ ਇਕ-ਦੂਜੇ ਨੂੰ ਦੇਣ ਦੇ ਤਰੀਕੇ ਦਾ ਇਕ ਹਿੱਸਾ ਹੈ। ਇਹ ਇਕ ਅਜਿਹਾ ਮਸਲਾ ਹੈ ਜਿਸ ਵਿਚ ਕਈ ਦੇਸ਼ਾਂ ਦੀ ਰੁਚੀ ਹੈ। ਖ਼ਾਸ ਤੌਰ 'ਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਦੇਸ਼।''

ਜੈਸ਼ੰਕਰ ਨੇ ਕਿਹਾ ਕਿ ਸਰਹੱਦ 'ਤੇ ਸੈਨਿਕਾਂ ਦੀ ਭੀੜ ਨਾ ਕਰਨ ਦੇ ਭਾਰਤ ਨਾਲ ਕੀਤੇ ਗਏ ਲਿਖਤੀ ਸਮਝੌਤਿਆਂ ਦੀ ਚੀਨ ਵੱਲੋਂ 2020 ਵਿਚ ਉਲੰਘਣਾ ਕੀਤੇ ਜਾਣ ਕਾਰਨ ਐੱਲਏਸੀ 'ਤੇ ਮੌਜੂਦਾ ਸਥਿਤੀ ਪੈਦਾ ਹੋਈ। ਉਨ੍ਹਾਂ ਕਿਹਾ, ''ਜਦੋਂ ਕੋਈ ਵੱਡਾ ਦੇਸ਼ ਲਿਖਤੀ ਸਮਝੌਤਿਆਂ ਦੀ ਉਲੰਘਣਾ ਕਰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਪੂਰੇ ਕੌਮਾਂਤਰੀ ਭਾਈਚਾਰੇ ਲਈ ਜਾਇਜ਼ ਚਿੰਤਾ ਦਾ ਵਿਸ਼ਾ ਹੁੰਦਾ ਹੈ।'' ਇਸੇ ਦੌਰਾਨ ਜੈਸ਼ੰਕਰ ਨੇ 'ਕੁਆਡ' 'ਤੇ ਚੀਨ ਦੇ ਵਿਰੋਧ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਚਾਰ ਦੇਸ਼ਾਂ ਦਾ ਇਹ ਸੰਗਠਨ 'ਸਕਾਰਾਤਮਕ ਕੰਮ' ਕਰੇਗਾ ਅਤੇ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਸਥਿਰਤਾ ਅਤੇ ਖੁਸ਼ਹਾਲੀ ਕਾਇਮ ਰੱਖਣ ਵਿਚ ਯੋਗਦਾਨ ਦੇਵੇਗਾ। ਉਨ੍ਹਾਂ ਕਿਹਾ ਕਿ 'ਕੁਆਡ' ਦੀ ਆਲੋਚਨਾ ਕਰਨ ਨਾਲ ਇਸ ਦੀ ਭਰੋਸੇਯੋਗਤਾ ਘੱਟ ਨਹੀਂ ਹੋਵੇਗੀ। ਕੁਆਡ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ-ਅਮਰੀਕਾ ਦੇ ਐਂਟਨੀ ਬਲਿੰਕਨ, ਜਪਾਨ ਯੋਸ਼ੀਮਾਸਾ ਹਯਾਸ਼ੀ ਅਤੇ ਆਸਟਰੇਲੀਆ ਦੇ ਮਾਰਿਸ ਪੇਅਨ ਨਾਲ ਸ਼ੁੱਕਰਵਾਰ ਨੂੰ ਜੈਸ਼ੰਕਰ ਨੇ ਹਿੰਦ-ਪ੍ਰਸ਼ਾਂਤ ਖਿੱਤੇ ਨੂੰ 'ਦਬਾਅ' ਤੋਂ ਮੁਕਤ ਰੱਖਣ ਲਈ ਸਹਿਯੋਗ ਵਧਾਉਣ ਦੀ ਵਚਨਬੱਧਤਾ ਦੁਹਰਾਈ। ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਹਮਲਾਵਰ ਰੁਖ਼ 'ਤੇ ਸੁਨੇਹਾ ਦੇਣ ਦੇ ਮਕਸਦ ਨਾਲ 'ਦਬਾਅ' ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਜੈਸ਼ੰਕਰ ਨੇ ਕਿਹਾ, ''ਕੱਲ੍ਹ ਅਸੀਂ ਚਾਰੋਂ ਇਕ ਨੁਕਤੇ 'ਤੇ ਸਹਿਮਤ ਹੋਏ ਕਿ ਅਸੀਂ ਇੱਥੇ ਸਕਾਰਾਤਮਕ ਚੀਜ਼ਾਂ ਕਰਨ ਆਏ ਹਾਂ। ਅਸੀਂ ਖੇਤਰ ਦੀ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਵਿਚ ਯੋਗਦਾਨ ਦੇਵਾਂਗੇ। ਸਾਡਾ ਇਤਿਹਾਸ, ਕੰਮ ਅਤੇ ਰੁਖ਼ ਸਪੱਸ਼ਟ ਹਨ ਅਤੇ ਵਾਰ-ਵਾਰ ਇਸ ਦੀ ਆਲੋਚਨਾ ਕਰਨ ਨਾਲ ਇਸ ਦੀ ਭਰੋਸੇਗਯੋਗਤਾ ਘੱਟ ਨਹੀਂ ਹੋ ਜਾਵੇਗੀ।'' ਜੈਸ਼ੰਕਰ ਦੇ ਨਾਲ ਪੇਅਨ ਨੇ ਕਿਹਾ ਕਿ ਕੁਆਡ, ''ਕਿਸੇ ਖ਼ਿਲਾਫ਼ ਨਹੀਂ ਹੈ। ਅਸੀਂ ਵਿਸ਼ਵਾਸ ਅਤੇ ਲਚਕੀਲੇਪਣ ਦੇ ਨਿਰਮਾਣ ਦੀ ਗੱਲ ਕਰ ਰਹੇ ਹਾਂ। ਅਸੀਂ ਅਜਿਹੇ ਖੇਤਰ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰ ਰਹੇ ਹਾਂ ਜਿੱਥੇ ਸਾਰੇ ਦੇਸ਼ ਆਜ਼ਾਦ ਤੇ ਸੁਰੱਖਿਅਤ ਮਹਿਸੂਸ ਕਰ ਕੇ ਦਬਾਅ ਜਾਂ ਧਮਕੀ ਤੋਂ ਮੁਕਤ ਹੋ ਕੇ ਕੰਮ ਕਰ ਸਕਣ। ਸਾਡੇ ਕੋਲ ਇਕ ਅਸਲ ਵਿਹਾਰਕ ਏਜੰਡਾ ਹੈ। ਇਸ ਦਾ ਸਬੂਤ ਹੈ ਕਿ ਕੁਆਡ ਆਗੂਆਂ ਦੀ ਵਚਨਬੱਧਤਾ ਤਹਿਤ ਟੀਕੇ ਦੀਆਂ 50 ਕਰੋੜ ਤੋਂ ਵੱਧ ਡੋਜ਼ਾਂ ਹੋਰ ਦੇਸ਼ਾਂ ਨੂੰ ਦਿੱਤੀਆਂ ਗਈਆਂ ਹਨ।'' -ਪੀਟੀਆਈ

ਕੁਆਡ ਸਮੂਹ ਦੀ ਮੀਟਿੰਗ ਮਗਰੋਂ ਸੰਬੋਧਨ ਕਰਦੇ ਹੋਏ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਆਸਟਰੇਲੀਆ ਦੀ ਵਿਦੇਸ਼ ਮੰਤਰੀ ਮਾਰੀਸ ਪੇਅਨ, ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੇ ਜਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ। -ਫੋਟੋ: ਪੀਟੀਆਈ

ਆਸਟਰੇਲੀਆ ਵੱਲੋਂ ਭਾਰਤ ਨਾਲ ਸਬੰਧ ਮਜ਼ਬੂਤ ਕਰਨ ਲਈ ਮੈਤਰੀ ਪਹਿਲ ਦਾ ਐਲਾਨ

ਮੈਲਬਰਨ: ਆਸਟਰੇਲੀਆ ਸਰਕਾਰ ਨੇ ਮੈਤਰੀ ਪ੍ਰੋਗਰਾਮ ਤਹਿਤ ਭਾਰਤ ਨਾਲ ਸਿੱਖਿਆ ਅਤੇ ਸੱਭਿਆਚਾਰਕ ਸਬੰਧਾਂ ਨੂੰ ਬੜ੍ਹਾਵਾ ਦੇਣ ਲਈ ਅੱਜ ਕਈ ਨਵੀਆਂ ਪੇਸ਼ਕਦਮੀਆਂ ਦਾ ਐਲਾਨ ਕੀਤਾ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਆਸਟਰੇਲਿਆਈ ਵਿਦੇਸ਼ ਮੰਤਰੀ ਮਾਰਿਸ ਪੇਅਨ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਨਾਲ ਕੋਵਿਡ-19 ਨਾਲ ਨਿਪਟਣ ਤੋਂ ਲੈ ਕੇ ਆਰਥਿਕ ਸੁਧਾਰ, ਸਮੁੰਦਰੀ ਸੁਰੱਖਿਆ, ਸਪਲਾਈ ਚੇਨ ਅਤੇ ਸਾਈਬਰ ਖ਼ਤਰਿਆਂ ਬਾਰੇ ਹੋਈ ਚਰਚਾ ਵਿਚ ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ ਸਣੇ ਦੋਹਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਸਬੰਧੀ ਮੁੱਦਿਆਂ ਅਤੇ ਮੁੱਲਾਂ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ, ''ਇਹ ਮੈਤਰੀ ਪਹਿਲ ਹੈ। ਮੈਤਰੀ ਸਕਾਲਰਜ਼ ਪ੍ਰੋਗਰਾਮ ਤਹਿਤ ਆਸਟਰੇਲੀਆ ਸਰਕਾਰ ਭਾਰਤੀ ਵਿਦਿਆਰਥੀਆਂ ਨੂੰ ਆਸਟਰੇਲੀਆ ਦੀਆਂ ਵਿਸ਼ਵ ਪੱਧਰੀ ਯੂਨੀਵਰਸਿਟੀਜ਼ ਵਿਚ ਅਧਿਐਨ ਨੂੰ ਲੈ ਕੇ ਸਹਿਯੋਗ ਦੇਣ ਲਈ ਚਾਰ ਸਾਲਾਂ ਵਿਚ 1.1 ਕਰੋੜ ਡਾਲਰ ਤੋਂ ਵੱਧ ਦੀ ਰਾਸ਼ੀ ਪ੍ਰਦਾਨ ਕਰੇਗੀ।'' ਉਨ੍ਹਾਂ ਕਿਹਾ, ''ਮੈਤਰੀ ਫੈਲੋਸ਼ਿਪ ਪ੍ਰੋਗਰਾਮ ਭਵਿੱਖ ਦੇ ਆਗੂਆਂ ਵਿਚਾਲੇ ਸਬੰਧ ਬਣਾਉਣ ਲਈ ਚਾਰ ਸਾਲਾਂ ਵਿਚ 35 ਲੱਖ ਡਾਲਰ ਪ੍ਰਦਾਨ ਕਰੇਗਾ। ਇਹ ਆਸਟਰੇਲਿਆਈ ਅਤੇ ਭਾਰਤੀ ਪੇਸ਼ੇਵਰਾਂ ਨੂੰ ਰਣਨੀਤਕ ਖੋਜ ਪਹਿਲ 'ਤੇ ਸਹਿਯੋਗ ਕਰਨ ਦਾ ਸਮਰਥਨ ਕਰੇਗਾ।'' ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ, ਆਸਟਰੇਲਿਆਈ ਸਰਹੱਦ ਖੋਲ੍ਹਣ ਦੀ ਸ਼ਲਾਘਾ ਕਰਦਾ ਹੈ। ਇਸ ਫ਼ੈਸਲੇ ਨਾਲ ਪਰਤਣ ਦਾ ਇੰਤਜ਼ਾਰ ਕਰ ਰਹੇ, ਖ਼ਾਸ ਤੌਰ 'ਤੇ ਵਿਦਿਆਰਥੀਆਂ, ਅਸਥਾਈ ਵੀਜ਼ਾ ਧਾਰਕਾਂ ਅਤੇ ਵੱਖ ਰਹਿ ਰਹੇ ਪਰਿਵਾਰਾਂ ਨੂੰ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਟੀਕੇ ਦੀ ਖੁਰਾਕ ਲੈ ਚੁੱਕੇ ਸੈਲਾਨੀਆਂ ਅਤੇ ਕਾਰੋਬਾਰੀ ਯਾਤਰੀਆਂ ਲਈ ਆਸਟਰੇਲੀਆ ਆਪਣੀਆਂ ਸਰਹੱਦਾਂ 21 ਫਰਵਰੀ ਤੋਂ ਖੋਲ੍ਹੇਗਾ। -ਪੀਟੀਆਈ

ਭਾਰਤ ਨੂੰ ਚੀਨ ਵੱਲੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹੈ: ਵ੍ਹਾਈਟ ਹਾਊਸ

ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਹਿੰਦ-ਪ੍ਰਸ਼ਾਂਤ ਰਣਨੀਤਕ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤ ਨੂੰ ਭੂ-ਰਾਜਨੀਤਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖ਼ਾਸ ਕਰ ਕੇ ਚੀਨ ਅਤੇ ਅਸਲ ਕੰਟਰੋਲ ਰੇਖਾ 'ਤੇ ਉਸ ਦੇ ਵਿਵਹਾਰ ਕਰ ਕੇ। ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਣਨੀਤਕ ਰਿਪੋਰਟ ਰਾਸ਼ਟਰਪਤੀ ਜੋਅ ਬਾਇਡਨ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੀ ਪਹਿਲੀ ਖੇਤਰੀ ਵਿਸ਼ੇਸ਼ ਰਿਪੋਰਟ ਹੈ। ਰਿਪੋਰਟ ਵਿਚ ਹਿੰਦ-ਪ੍ਰਸ਼ਾਂਤ 'ਚ ਅਮਰੀਕਾ ਦੀ ਸਥਿਤੀ ਨੂੰ ਦ੍ਰਿੜ੍ਹਤਾ ਨਾਲ ਮਜ਼ਬੂਤ ਕਰਨ, ਖੇਤਰ ਨੂੰ ਮਜ਼ਬੂਤ ਕਰਨ ਅਤੇ ਇਸ ਪ੍ਰਕਿਰਿਆ ਵਿਚ ਭਾਰਤ ਦੇ ਉਦੈ ਤੇ ਖੇਤਰੀ ਲੀਡਰਸ਼ਿਪ ਦਾ ਸਮਰਥਨ ਕਰਨ ਲਈ ਰਾਸ਼ਟਰਪਤੀ ਦੇ ਨਜ਼ਰੀਏ ਨੂੰ ਦਰਸਾਇਆ ਗਿਆ ਹੈ। ਵ੍ਹਾਈਟ ਹਾਊਸ ਨੇ ਕਿਹਾ, ''ਅਸੀਂ ਇਕ ਰਣਨੀਤਕ ਸਾਂਝੇਦਾਰੀ ਦਾ ਨਿਰਮਾਣ ਕਰਨਾ ਜਾਰੀ ਰੱਖਾਂਗੇ, ਜਿਸ ਵਿਚ ਅਮਰੀਕਾ ਅਤੇ ਭਾਰਤ ਦੱਖਣੀ ਏਸ਼ੀਆ ਵਿਚ ਸਥਿਰਤਾ ਨੂੰ ਬੜ੍ਹਾਵਾ ਦੇਣ ਲਈ ਇੱਕ-ਦੂਜੇ ਨਾਲ ਅਤੇ ਖੇਤਰੀ ਸਮੂਹਾਂ ਰਾਹੀਂ ਸਿਹਤ, ਪੁਲਾੜ ਅਤੇ ਸਾਈਬਰ ਸਪੇਸ ਵਰਗੇ ਨਵੇਂ ਖੇਤਰਾਂ ਵਿਚ ਸਹਿਯੋਗ ਕਰਦੇ ਹਨ। ਅਸੀਂ ਆਰਥਿਕ ਅਤੇ ਤਕਨਾਲੋਜੀ ਸਹਿਯੋਗ ਨੂੰ ਮਜ਼ਬੂਤ ਕਰਦੇ ਹਾਂ ਅਤੇ ਇਕ ਆਜ਼ਾਦ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਵਿਚ ਯੋਗਦਾਨ ਪਾਉਂਦੇ ਹਾਂ।'' ਵ੍ਹਾਈਟ ਹਾਊਸ ਨੇ ਬਿਆਨ ਵਿਚ ਕਿਹਾ, ''ਅਸੀਂ ਮੰਨਦੇ ਹਾਂ ਕਿ ਭਾਰਤ ਦੱਖਣੀ ਏਸ਼ੀਆ ਅਤੇ ਹਿੰਦ ਮਹਾਸਾਗਰ ਵਿਚ ਸਮਾਨ ਵਿਚਾਰਧਾਰਾ ਵਾਲਾ ਹਿੱਸੇਦਾਰ ਅਤੇ ਆਗੂ ਹੈ ਜੋ ਦੱਖਣ ਪੂਰਬੀ ਏਸ਼ੀਆ ਵਿਚ ਸਰਗਰਮੀ ਨਾਲ ਜੁੜਿਆ ਹੋਇਆ ਹੈ। ਨਾਲ ਹੀ ਭਾਰਤ ਕੁਆਡ ਅਤੇ ਹੋਰ ਖੇਤਰੀ ਮੰਚਾਂ ਦੀ ਪ੍ਰੇਰਕ ਸ਼ਕਤੀ ਅਤੇ ਖੇਤਰੀ ਵਿਕਾਸ ਲਈ ਇਕ ਇੰਜਣ ਹੈ।'' ਹਾਲਾਂਕਿ, ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਅਹਿਮ ਚੁਣੌਤੀਆਂ ਨਾਲ ਜੂਝ ਰਿਹਾ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ, ''ਭਾਰਤ ਨੂੰ ਬਹੁਤ ਅਹਿਮ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਕੰਟਰੋਲ ਰੇਖਾ 'ਤੇ ਚੀਨ ਦੇ ਵਿਵਹਾਰ ਦਾ ਭਾਰਤ 'ਤੇ ਜ਼ਬਰਦਸਤ ਪ੍ਰਭਾਵ ਪਿਆ ਹੈ। ਸਾਡੇ ਨਜ਼ਰੀਏ ਨਾਲ ਅਸੀਂ ਹੋਰ ਲੋਕਤੰਤਰ ਦੇ ਨਾਲ ਕੰਮ ਕਰਨ ਦੇ ਜ਼ਬਰਦਸਤ ਮੌਕੇ ਦੇਖਦੇ ਹਾਂ-ਇਕ ਅਜਿਹੇ ਦੇਸ਼ ਨਾਲ ਜਿਸ ਦੀ ਸਮੁੰਦਰੀ ਰਵਾਇਤ ਹੈ, ਜੋ ਦੁਨੀਆ ਦੇ ਸਾਂਝੇ ਮੁੱਦਿਆਂ ਅਤੇ ਖੇਤਰ ਵਿਚ ਅਹਿਮ ਮੁੱਦਿਆਂ ਨੂੰ ਅੱਗੇ ਵਧਾਉਣ ਦੀ ਅਹਿਮੀਅਤ ਨੂੰ ਸਮਝਦਾ ਹੈ।'' ਅਧਿਕਾਰੀ ਨੇ ਕਿਹਾ, ''ਭਾਰਤ ਨਾਲ ਰਾਬਤੇ ਨੂੰ ਮਜ਼ਬੂਤ ਕਰਨ ਦੀ ਅਹਿਮੀਅਤ ਅਤੇ ਚੁਣੌਤੀਆਂ ਦੀ ਜ਼ਬਰਦਸਤ ਸ਼ਲਾਘਾ ਹੋਈ ਹੈ ਅਤੇ ਇਹ ਮਾਨਤਾ ਹੈ ਕਿ ਭਾਰਤ ਇਕ ਅਹਿਮ ਰਣਨੀਤਕ ਸਾਂਝੇਦਾਰ ਹੈ ਅਤੇ ਪਿਛਲੇ ਪ੍ਰਸ਼ਾਸਨ ਦੇ ਬਿਹਤਰ ਕੰਮ ਨੂੰ ਜਾਰੀ ਰੱਖਣ ਦੀ ਇੱਛਾ ਹੈ ਕਿ ਤਾਂ ਜੋ ਉਸ ਰਿਸ਼ਤੇ ਨੂੰ ਵਿਆਪਕ ਅਤੇ ਡੂੰਘਾ ਕੀਤਾ ਜਾ ਸਕੇ। ਇਹ ਰਣਨੀਤਕ ਰਿਪੋਰਟ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਆਸਟਰੇਲੀਆ ਵਿਚ ਕੁਆਡ ਦੀ ਮੰਤਰੀ ਪੱਧਰ ਦੀ ਗੱਲਬਾਤ ਹੋਈ ਹੈ। -ਪੀਟੀਆਈ

ਸੋਲੋਮਨ ਟਾਪੂ ਵਿਚ ਦੂਤਾਵਾਸ ਖੋਲ੍ਹ ਕੇ ਚੀਨ ਨੂੰ ਟੱਕਰ ਦੇਣਾ ਚਾਹੁੰਦਾ ਹੈ ਅਮਰੀਕਾ

ਵੈਲਿੰਗਟਨ: ਅਮਰੀਕਾ ਦਾ ਕਹਿਣਾ ਹੈ ਕਿ ਉਹ ਸੋਲੋਮਨ ਟਾਪੂ ਵਿਚ ਇਕ ਦੂਤਾਵਾਸ ਖੋਲ੍ਹੇਗਾ, ਜਿਸ ਨੂੰ ਦੱਖਣੀ ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਮਜ਼ਬੂਤ ਹੋਣ ਤੋਂ ਪਹਿਲਾਂ ਅਮਰੀਕੀ ਪ੍ਰਭਾਵ ਵਧਾਉਣ ਦੀ ਸਪੱਸ਼ਟ ਯੋਜਨਾ ਕਿਹਾ ਜਾ ਸਕਦਾ ਹੈ। ਅਮਰੀਕੀ ਸੰਸਦ ਨੂੰ ਦਿੱਤੀ ਗਈ ਵਿਦੇਸ਼ ਵਿਭਾਗ ਦੀ ਇਕ ਨੋਟੀਫਿਕੇਸ਼ਨ ਵਿਚ ਇਸ ਤਰਕ ਦੀ ਵਿਆਖਿਆ ਕੀਤੀ ਗਈ ਹੈ। ਇਹ ਨੋਟੀਫਿਕੇਸ਼ਨ ਐਸੋਸੀਏਟਿਡ ਪ੍ਰੈੱਸ ਨੂੰ ਪ੍ਰਾਪਤ ਹੋਈ ਹੈ। ਇਸ ਯੋਜਨਾ ਦੀ ਪੁਸ਼ਟੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ਨਿਚਰਵਾਰ ਨੂੰ ਫਿਜੀ ਦੀ ਯਾਤਰਾ ਦੌਰਾਨ ਕੀਤੀ। ਬਲਿੰਕਨ ਪ੍ਰਸ਼ਾਂਤ ਖੇਤਰ ਦੇ ਦੌਰ 'ਤੇ ਹਨ ਜਿਸ ਦੀ ਸ਼ੁਰੂਆਤ ਆਸਟਰੇਲੀਆ ਤੋਂ ਹੋਈ ਹੈ। ਬਲਿੰਕਨ ਹਵਾਈ ਦੀ ਆਪਣੀ ਯਾਤਰਾ ਲਈ ਅੱਜ ਦੇਰ ਸ਼ਾਮ ਫਿਜੀ ਤੋਂ ਰਵਾਨਾ ਹੋ ਗਏ। -ਏਪੀ



Most Read

2024-09-23 00:29:59