Breaking News >> News >> The Tribune


ਰਾਸ਼ਟਰਪਤੀ ਕੋਵਿੰਦ ਵੱਲੋਂ ਅੰਬੇਡਕਰ ਦੇ ਜੱਦੀ ਪਿੰਡ ਦਾ ਦੌਰਾ


Link [2022-02-13 07:13:58]



ਰਤਨਾਗਿਰੀ, 12 ਫਰਵਰੀ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ 7 ਨਵੰਬਰ ਦਾ ਦਿਨ ਪੂਰੇ ਭਾਰਤ ਵਿਚ 'ਵਿਦਿਆਰਥੀਆਂ ਦੇ ਦਿਨ' ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਦਿਨ ਬੀ.ਆਰ. ਅੰਬੇਡਕਰ ਵੱਲੋਂ ਸਿੱਖਿਆ ਖੇਤਰ ਨੂੰ ਦਿੱਤੇ ਮਹੱਤਵ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ। ਰਾਸ਼ਟਰਪਤੀ ਨੇ ਕਿਹਾ ਕਿ ਅੰਬੇਡਕਰ ਨਾਲ ਸਬੰਧਤ ਹਰ ਪ੍ਰੋਗਰਾਮ ਸਾਨੂੰ ਬਰਾਬਰ ਹੱਕਾਂ ਦੀ ਪੈਰਵੀ ਕਰਨ ਤੇ ਦੂਜਿਆਂ ਦੀ ਫ਼ਿਕਰ ਕਰਨ ਲਈ ਪ੍ਰੇਰਿਤ ਕਰਦਾ ਹੈ। ਮਹਾਰਾਸ਼ਟਰ ਦੇ ਰਤਨਾਗਿਰੀ ਦੇ ਆਂਬਡਵੇ ਵਿਚ ਸੰਵਿਧਾਨ ਨਿਰਮਾਤਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੋਵਿੰਦ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਸੱਤ ਨਵੰਬਰ ਵਿਦਿਆਰਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਸੰਨ 1900 ਵਿਚ ਇਸੇ ਦਿਨ ਬਾਬਾ ਸਾਹੇਬ ਨੇ ਸਕੂਲ 'ਚ ਦਾਖਲਾ ਲਿਆ ਸੀ। ਇਸ ਨੂੰ ਪੂਰੇ ਭਾਰਤ ਵਿਚ ਮਨਾਇਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਆਂਬਡਵੇ ਬੀਆਰ ਅੰਬੇਡਕਰ ਦਾ ਜੱਦੀ ਪਿੰਡ ਹੈ। ਕੋਵਿੰਦ ਨੇ ਕਿਹਾ ਕਿ ਇਸ ਪਿੰਡ ਨੂੰ 'ਸਫੂਰਤੀ ਭੂਮੀ' (ਪ੍ਰੇਰਣਾ ਦੀ ਧਰਤੀ) ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਆਦਰਸ਼ ਹਰ ਪਿੰਡ ਦੇ ਸਮਾਜਿਕ ਤਾਣੇ-ਬਾਣੇ ਵਿਚ ਹੋਣੇ ਚਾਹੀਦੇ ਹਨ ਜੋ ਕਿ ਬਰਾਬਰੀ, ਸਦਭਾਵਨਾ ਤੇ ਹਮਦਰਦੀ ਨੂੰ ਤਰਜੀਹ ਦਿੰਦੇ ਹਨ। ਰਾਸ਼ਟਰਪਤੀ ਨੇ ਨਾਲ ਹੀ ਕਿਹਾ ਕਿ ਉਹ ਪਿੰਡ ਵਿਚ 'ਦਲਿਤ ਇੰਡੀਅਨ ਚੈਂਬਰ ਆਫ ਕਾਮਰਸ' ਵੱਲੋਂ ਕਰਵਾਏ ਗਏ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਆਂਬਡਵੇ ਨੂੰ ਆਤਮ-ਨਿਰਭਰ ਕਰਨ ਲਈ ਕਈ ਯਤਨ ਕੀਤੇ ਗਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ਬਾਬਾ ਸਾਹੇਬ ਹਮੇਸ਼ਾ ਸਵੈ-ਰੁਜ਼ਗਾਰ ਦਾ ਪੱਖ ਪੂਰਦੇ ਸਨ ਤੇ ਉਨ੍ਹਾਂ ਸਟਾਕਸ ਤੇ ਸ਼ੇਅਰ ਟਰੇਡਿੰਗ ਲਈ ਇਕ ਸਲਾਹਕਾਰ ਕੰਪਨੀ ਵੀ ਖੋਲ੍ਹੀ ਸੀ। ਉਨ੍ਹਾਂ 1942 ਵਿਚ ਭਾਰਤ ਦੇ ਤਤਕਾਲੀ ਗਵਰਨਰ-ਜਨਰਲ ਲਿਨਲਿਥਗੋ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਸੀਪੀਡਬਲਿਊਡੀ ਦੇ ਟੈਂਡਰਾਂ ਵਿਚ ਪੱਛੜੇ ਵਰਗਾਂ ਨੂੰ ਵੀ ਹਿੱਸਾ ਲੈਣ ਦਿੱਤਾ ਜਾਵੇ।' -ਪੀਟੀਆਈ



Most Read

2024-09-23 00:28:18