Breaking News >> News >> The Tribune


ਯੂਪੀ: ‘ਸਪਾ’ ਦੇ ਗੜ੍ਹ ’ਚ ਮੋਦੀ ਨੇ ਭਾਜਪਾ ਦੀਆਂ ਪ੍ਰਾਪਤੀਆਂ ਗਿਣਾਈਆਂ


Link [2022-02-13 07:13:58]



ਕਨੌਜ, 12 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੀ ਤੁਲਨਾ ਗੁਜਰਾਤ ਨਾਲ ਕਰਦਿਆਂ ਕਿਹਾ ਕਿ ਇਕ ਸਮਾਂ ਸੀ ਜਦ ਗੁਜਰਾਤ ਵਿਚ ਵੀ ਦੰਗੇ ਹੁੰਦੇ ਸਨ ਪਰ ਮਗਰੋਂ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਹੀ ਗੁਜਰਾਤ ਦੀ ਤਰ੍ਹਾਂ ਹੀ ਯੂਪੀ ਵਿਚ ਫ਼ਸਾਦ ਦੀਆਂ ਘਟਨਾਵਾਂ ਬੰਦ ਹੋ ਗਈਆਂ।

ਮੋਦੀ ਨੇ ਅੱਜ ਕਨੌਜ, ਫਾਰੁਖ਼ਾਬਾਦ, ਇਟਾਵਾ ਤੇ ਔਰਈਆ ਦੇ ਵਿਧਾਨ ਸਭਾ ਹਲਕਿਆਂ ਲਈ ਰੈਲੀਆਂ ਨੂੰ ਸੰਬੋਧਨ ਕੀਤਾ। ਇਹ ਇਲਾਕੇ 'ਸਪਾ' ਦੇ ਗੜ੍ਹ ਮੰਨੇ ਜਾਂਦੇ ਹਨ। ਇੱਥੇ ਓਬੀਸੀ ਆਬਾਦੀ ਕਾਫ਼ੀ ਜ਼ਿਆਦਾ ਹੈ। ਇੱਥੇ ਤੀਜੇ ਗੇੜ ਵਿਚ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਜਰਾਤ ਵਿਚ ਪਿਛਲੇ ਦੋ ਦਹਾਕਿਆਂ ਤੋਂ ਦੰਗਿਆਂ ਦੀ ਕੋਈ ਵੱਡੀ ਘਟਨਾ ਨਹੀਂ ਹੋਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਪੀ ਦੇ ਵੋਟਰ ਵੀ ਸਮਝ ਗਏ ਹਨ ਕਿ ਭਾਜਪਾ ਸਰਕਾਰ ਕੋਲ ਹੀ ਦੰਗਾਕਾਰੀਆਂ ਤੇ ਅਪਰਾਧੀਆਂ ਦਾ ਇਲਾਜ ਹੈ। ਮੋਦੀ ਨੇ ਕਿਹਾ ਕਿ ਗੁਜਰਾਤ ਵਿਚ ਕਾਂਗਰਸ ਦੇ ਸਾਲਾਂ ਦੇ ਰਾਜ ਦੌਰਾਨ ਅਜਿਹੀਆਂ ਸਥਿਤੀਆਂ ਬਣਾ ਦਿੱਤੀਆਂ ਗਈਆਂ ਸਨ ਕਿ ਨਾ ਤਾਂ ਵਪਾਰ ਵਧਦਾ ਸੀ ਤੇ ਨਾ ਹੀ ਲੋਕ ਸੁਰੱਖਿਅਤ ਮਹਿਸੂਸ ਕਰਦੇ ਸਨ। ਗੁਜਰਾਤ ਦੇ ਲੋਕਾਂ ਨੇ ਜਦ ਭਾਜਪਾ ਨੂੰ ਮੌਕਾ ਦਿੱਤਾ ਤਾਂ ਸਥਿਤੀ ਬਦਲਣੀ ਸ਼ੁਰੂ ਹੋ ਗਈ। ਉਸੇ ਤਰ੍ਹਾਂ ਯੂਪੀ ਵਿਚ ਵੀ ਹੋਇਆ ਹੈ। ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ 'ਵੰਸ਼ਵਾਦ ਦੀ ਸਿਆਸਤ' ਉਤੇ ਨਿਸ਼ਾਨਾ ਸੇਧਿਆ।

ਮੋਦੀ ਨੇ ਕਿਹਾ ਕਿ ਲੋਕਤੰਤਰ, 'ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਤੇ ਲੋਕਾਂ ਲਈ ਹੁੰਦਾ ਹੈ। ਪਰ, ਇਨ੍ਹਾਂ ਘੋਰ ਪਰਿਵਾਰਵਾਦੀਆਂ ਨੇ ਤਾਂ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਇਹ ਲੋਕ ਕਹਿੰਦੇ ਹਨ- ਪਰਿਵਾਰ ਦੀ ਸਰਕਾਰ, ਪਰਿਵਾਰ ਦੁਆਰਾ ਤੇ ਪਰਿਵਾਰ ਲਈ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗੀ ਸਰਕਾਰ ਨੇ ਯੂਪੀ ਵਿਚ ਮਾਫੀਆ ਤੇ ਗੁੰਡਾ ਅਨਸਰਾਂ 'ਤੇ ਲਗਾਮ ਕੱਸੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਲਈ ਸ਼ਾਂਤੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਸਪਾ ਉਤੇ ਹੱਲਾ ਤਿੱਖਾ ਕਰਦਿਆਂ ਮੋਦੀ ਨੇ ਕਿਹਾ, 'ਜਿਨ੍ਹਾਂ ਦੀ ਸਿਆਸੀ ਨੀਂਹ ਹੀ ਅਪਰਾਧ, ਗੁੰਡਾਗਰਦੀ ਤੇ ਭ੍ਰਿਸ਼ਟਾਚਾਰ ਉਤੇ ਟਿਕੀ ਹੋਵੇ, ਉਹ ਕਦੇ ਨਹੀਂ ਸੁਧਰ ਸਕਦੇ।' -ਪੀਟੀਆਈ

ਉੱਤਰਾਖੰਡ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ: ਮੋਦੀ

ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਕਰੋਨਾ ਵੈਕਸੀਨ ਬਾਰੇ ਅਫ਼ਵਾਹਾਂ ਫੈਲਾਉਂਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਹ ਸਭ ਸਿਆਸਤ ਲਈ ਕਰਦੀ ਹੈ ਕਿਉਂਕਿ ਇਹ ਸੋਚਦੀ ਹੈ ਕਿ ਜੇਕਰ ਚੀਜ਼ਾਂ ਮੁੜ ਪਟੜੀ ਉਤੇ ਆ ਗਈਆਂ ਇਸ ਕੋਲ ਸਰਕਾਰ ਖ਼ਿਲਾਫ਼ ਬੋਲਣ ਲਈ ਕੁਝ ਨਹੀਂ ਹੋਵੇਗਾ। ਮੋਦੀ ਨੇ ਨਾਲ ਹੀ ਦੋਸ਼ ਲਾਇਆ ਕਿ ਕਾਂਗਰਸ ਨੇ ਮੁਲਕ ਦੇ ਪਹਿਲੇ ਸੀਡੀਐੱਸ ਮਰਹੂਮ ਜਨਰਲ ਬਿਪਿਨ ਰਾਵਤ ਦਾ ਵੀ ਨਿਰਾਦਰ ਕੀਤਾ ਸੀ। ਉਨ੍ਹਾਂ ਉੱਤਰਾਖੰਡ ਦੇ ਲੋਕਾਂ ਨੂੰ ਕਿਹਾ ਕਿ ਉਹ 14 ਫਰਵਰੀ ਨੂੰ ਇਸ 'ਬੇਇੱਜ਼ਤੀ' ਦਾ ਮੂੰਹ ਤੋੜ ਜਵਾਬ ਦੇਣ। ਉੱਤਰਾਖੰਡ ਵਿਚ ਚੋਣ ਪ੍ਰਚਾਰ ਦੇ ਆਖਰੀ ਦਿਨ ਰੁਦਰਪੁਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੂਬੇ ਵਿਚ ਵਿਕਾਸ ਕਾਰਜ ਕਰਵਾਏ ਹਨ ਤੇ ਲੋੜਵੰਦਾਂ ਦੀ ਮਦਦ ਕੀਤੀ ਹੈ ਜਦਕਿ ਸਰਕਾਰ ਨੂੰ ਸਦੀ ਦੇ ਸਭ ਤੋਂ ਮਾੜੇ ਸਿਹਤ ਸੰਕਟ ਕੋਵਿਡ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਉੱਤਰਾਖੰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਰਾਜ ਵਿਚ ਸੜਕ, ਰੇਲ, ਹਵਾਈ ਤੇ ਰੋਪਵੇਅ ਸੰਪਰਕ ਬਿਹਤਰ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਗਰੀਬਾਂ ਨੂੰ 'ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ' ਤਹਿਤ ਮੁਫ਼ਤ ਰਾਸ਼ਨ ਮੁਹੱਈਆ ਕਰਾਇਆ ਪਰ ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਅਜਿਹਾ ਨਹੀਂ ਕਰ ਸਕਦੀ ਸੀ ਤੇ ਲੋਕ ਵੀ ਇਹ ਗੱਲ ਸਮਝਦੇ ਹਨ। ਮਹਾਮਾਰੀ ਦੌਰਾਨ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਗਿਆ। -ਪੀਟੀਆਈ



Most Read

2024-09-23 00:28:01