World >> The Tribune


ਕੁਆਡ ਬੈਠਕ: ਭਾਰਤ ਨੇ ਮੁੜ ਆਜ਼ਾਦ ਹਿੰਦ-ਪ੍ਰਸ਼ਾਂਤ ਖੇਤਰ ’ਤੇ ਦਿੱਤਾ ਜ਼ੋਰ


Link [2022-02-12 12:14:44]



ਮੈਲਬਰਨ/ਨਵੀਂ ਦਿੱਲੀ, 11 ਫਰਵਰੀ

'ਕੁਆਡ' ਸਮੂਹ ਵਿਚ ਸ਼ਾਮਲ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਅੱਜ ਮੁਲਾਕਾਤ ਕਰ ਕੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਹਰੇਕ ਲਈ ਖੁੱਲ੍ਹਾ ਰੱਖਣ ਤੇ ਆਜ਼ਾਦ ਬਣਾਉਣ ਲਈ ਕੰਮ ਕਰਨ ਦਾ ਅਹਿਦ ਲਿਆ। ਇਹ ਬੈਠਕ ਮੈਲਬਰਨ ਵਿਚ ਅਮਰੀਕਾ, ਆਸਟਰੇਲੀਆ, ਭਾਰਤ ਤੇ ਜਪਾਨ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਈ। ਇਸ ਦੌਰਾਨ ਸਮੂਹ ਦੇ ਸਾਰੇ ਮੁਲਕ ਅਤਿਵਾਦ ਜਿਹੇ ਸਾਂਝੇ ਖ਼ਤਰੇ ਨਾਲ ਵੀ ਮਿਲ ਕੇ ਨਜਿੱਠਣ ਲਈ ਸਹਿਮਤ ਹੋਏ। ਇਸ ਮੌਕੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਜਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਤੇ ਆਸਟਰੇਲਿਆਈ ਵਿਦੇਸ਼ ਮੰਤਰੀ ਮਾਰੀਸ ਪੇਅਨ ਹਾਜ਼ਰ ਸਨ। ਗੱਲਬਾਤ ਤੋਂ ਬਾਅਦ ਸਾਂਝੀ ਮੀਡੀਆ ਕਾਨਫਰੰਸ ਵਿਚ ਆਸਟਰੇਲਿਆਈ ਵਿਦੇਸ਼ ਮੰਤਰੀ ਮਾਰੀਸ ਨੇ ਕਿਹਾ ਕਿ ਕੁਆਡ ਦੇ ਵਿਦੇਸ਼ ਮੰਤਰੀਆਂ ਨੇ ਮੁੜ ਖੁੱਲ੍ਹੇ ਆਉਣ-ਜਾਣ, ਕੌਮੀ ਖ਼ੁਦਮੁਖਤਿਆਰੀ, ਨਿਯਮਾਂ ਦੀ ਪਾਲਣਾ ਅਤੇ ਸਾਰਿਆਂ ਲਈ ਬਰਾਬਰ ਮੌਕਿਆਂ ਦੇ ਸਿਧਾਂਤਾਂ ਦਾ ਹੀ ਪੱਖ ਪੂਰਿਆ ਹੈ। ਹਿੰਦ-ਪ੍ਰਸ਼ਾਂਤ ਖਿੱਤੇ ਬਾਰੇ ਇਹ ਟਿੱਪਣੀ ਕਰ ਕੇ ਇਨ੍ਹਾਂ ਮੁਲਕਾਂ ਨੇ ਚੀਨ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੈਸ਼ੰਕਰ ਨੇ ਕਿਹਾ ਕਿ ਇਹ ਰਾਬਤਾ ਸਪੱਸ਼ਟ ਕਰਦਾ ਹੈ ਕਿ ਕੁਆਡ ਮੁਲਕਾਂ ਦੇ ਰਿਸ਼ਤੇ, ਉਨ੍ਹਾਂ ਦੀ ਰਣਨੀਤਕ ਇਕਜੁੱਟਤਾ ਤੇ ਸਾਂਝੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਮਿਲ ਕੇ ਕੁਆਡ ਸਮੂਹ ਨੂੰ ਇਕ ਠੋਸ ਢਾਂਚਾਗਤ ਪ੍ਰਣਾਲੀ ਦੇ ਘੇਰੇ ਵਿਚ ਲਿਆ ਰਹੀਆਂ ਹਨ।

ਜੈਸ਼ੰਕਰ ਨੇ ਕਿਹਾ, 'ਅਸੀਂ ਇਕ ਏਜੰਡਾ ਬਣਾ ਰਹੇ ਹਾਂ ਜੋ ਕਿ ਆਜ਼ਾਦ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਬਾਰੇ ਸਾਡੇ ਨਜ਼ਰੀਏ ਨੂੰ ਹੋਰ ਅੱਗੇ ਲਿਜਾਂਦਾ ਹੈ। ਅਸੀਂ ਮਿਲ-ਜੁਲ ਕੇ ਇਸ ਖੇਤਰ ਵਿਚ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਲਈ ਕੰਮ ਕਰਨ ਦੇ ਚਾਹਵਾਨ ਹਾਂ।' ਜੈਸ਼ੰਕਰ ਨੇ ਕਿਹਾ ਕਿ ਕੁਆਡ ਦੀ ਬੈਠਕ ਵਿਚ ਕੋਵਿਡ ਨਾਲ ਨਜਿੱਠਣ, ਸੁਰੱਖਿਅਤ ਤੇ ਕਿਫਾਇਤੀ ਵੈਕਸੀਨ ਤੱਕ ਤੇਜ਼ੀ ਨਾਲ ਪਹੁੰਚ ਯਕੀਨੀ ਬਣਾਉਣ ਦੀ ਵੀ ਸਮੀਖਿਆ ਕੀਤੀ ਗਈ। ਇਸ ਤੋਂ ਇਲਾਵਾ ਵੈਕਸੀਨ ਡਲਿਵਰੀ ਲਈ ਢਾਂਚਾ ਉਸਾਰਨ ਤੇ ਸਮਰੱਥਾ ਵਿਚ ਵਾਧੇ ਬਾਰੇ ਵੀ ਗੱਲਬਾਤ ਹੋਈ। ਗੱਲਬਾਤ ਤੋਂ ਪਹਿਲਾਂ ਜੈਸ਼ੰਕਰ, ਬਲਿੰਕਨ, ਹਯਾਸ਼ੀ ਤੇ ਪੇਅਨ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਮੁਲਾਕਾਤ ਕੀਤੀ। ਕੁਆਡ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਬੈਠਕ ਵਿਚ ਮੌਰੀਸਨ ਨੇ ਵਰਤਮਾਨ ਭੂਗੋਲਿਕ ਅਤੇ ਸਿਆਸੀ ਤਬਦੀਲੀਆਂ ਦੇ ਸੰਦਰਭ ਵਿਚ ਇਸ ਗਰੁੱਪ ਦੀ ਅਹਿਮੀਅਤ ਉਤੇ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਇਹ ਤਾਲਮੇਲ ਕੇਵਲ ਸੁਰੱਖਿਆ ਦੇ ਲਿਹਾਜ਼ ਨਾਲ ਨਹੀਂ ਹੈ ਬਲਕਿ ਆਰਥਿਕ ਤੇ ਹੋਰ ਸਹਿਯੋਗ ਲਈ ਵੀ ਕੀਤਾ ਜਾ ਰਿਹਾ ਹੈ। ਕੁਆਡ ਵਿਦੇਸ਼ ਮੰਤਰੀਆਂ ਨੇ ਬੈਠਕ ਵਿਚ ਯੂਕਰੇਨ ਦੁਆਲੇ ਵਧ ਰਹੇ ਤਣਾਅ ਉਤੇ ਵੀ ਵਿਚਾਰ-ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਯੂਕਰੇਨ ਉਤੇ ਰੂਸ ਅਤੇ ਨਾਟੋ ਮੁਲਕਾਂ ਵਿਚਾਲੇ ਟਕਰਾਅ ਦੀ ਸਥਿਤੀ ਹੈ। ਇਸ ਤੋਂ ਇਲਾਵਾ ਅਫ਼ਗਾਨ ਸੰਕਟ 'ਤੇ ਵੀ ਵਿਚਾਰ-ਵਟਾਂਦਰਾ ਹੋਇਆ। ਆਸਟਰੇਲਿਆਈ ਵਿਦੇਸ਼ ਮੰਤਰੀ ਮਾਰੀਸ ਪੇਅਨ ਨੇ ਵੀਰਵਾਰ ਕਿਹਾ ਸੀ ਕਿ ਕੁਆਡ ਸਮੂਹ ਦੀ ਚੌਥੀ ਬੈਠਕ ਕਰੋਨਾ ਵੈਕਸੀਨ ਵੰਡ, ਅਤਿਵਾਦ ਨਾਲ ਨਜਿੱਠਣ, ਸਮੁੰਦਰੀ ਸੁਰੱਖਿਆ ਤੇ ਜਲਵਾਯੂ ਤਬਦੀਲੀ ਉਤੇ ਕੇਂਦਰਤ ਹੋਵੇਗੀ।

ਪੇਅਨ ਨੇ ਨਾਲ ਹੀ ਕਿਹਾ ਸੀ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਦੇ ਮੁਲਕ ਆਪਣੇ ਫ਼ੈਸਲੇ ਆਪ ਲੈਣ ਦੇ ਸਮਰੱਥ ਹੋਣ, ਕਿਸੇ ਤਰ੍ਹਾਂ ਦਾ ਅੜਿੱਕਾ ਨਾ ਹੋਵੇ। ਉਨ੍ਹਾਂ ਦੀ ਇਸ ਟਿੱਪਣੀ ਨੂੰ ਚੀਨ ਦੇ ਸੰਦਰਭ ਵਿਚ ਦੇਖਿਆ ਗਿਆ ਸੀ ਜੋ ਕਿ ਇਸ ਖੇਤਰ ਵਿਚ ਆਪਣਾ ਰਸੂਖ਼ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਆਡ ਸਮੂਹ ਦੇ ਵਿਦੇਸ਼ ਮੰਤਰੀ ਇਸ ਤੋਂ ਪਹਿਲਾਂ ਵਿਅਕਤੀਗਤ ਰੂਪ 'ਚ ਟੋਕੀਓ ਤੇ ਨਿਊਯਾਰਕ ਵਿਚ ਮਿਲੇ ਸਨ। ਦੱਸਣਯੋਗ ਹੈ ਕਿ ਕੁਆਡ ਮੁਲਕ ਰਲ ਕੇ 5ਜੀ ਤਕਨੀਕ ਉਤੇ ਵੀ ਕੰਮ ਕਰ ਰਹੇ ਹਨ। ਇਸ ਨਵੀਂ ਸੰਚਾਰ ਤਕਨੀਕ ਲਈ ਇਨ੍ਹਾਂ ਮੁਲਕਾਂ ਦੀਆਂ ਵੱਖ-ਵੱਖ ਕੰਪਨੀਆਂ ਸਹਿਯੋਗ ਕਰ ਰਹੀਆਂ ਹਨ। -ਪੀਟੀਆਈ

ਰੱਖਿਆ ਤੇ ਸੁਰੱਖਿਆ ਭਾਰਤ-ਆਸਟਰੇਲੀਆ ਭਾਈਵਾਲੀ ਦੇ ਪ੍ਰਮੁੱਖ ਥੰਮ੍ਹ: ਜੈਸ਼ੰਕਰ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੁਆਡ ਗਰੁੱਪ ਦੀ ਬੈਠਕ ਤੋਂ ਪਹਿਲਾਂ ਆਸਟਰੇਲੀਆ ਦੇ ਰੱਖਿਆ ਮੰਤਰੀ ਪੀਟਰ ਡਟਨ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਰੱਖਿਆ ਤੇ ਸੁਰੱਖਿਆ ਭਾਰਤ-ਆਸਟਰੇਲੀਆ ਦਰਮਿਆਨ ਭਾਈਵਾਲੀ ਦੇ ਪ੍ਰਮੁੱਖ ਥੰਮ੍ਹ ਹਨ। ਜੈਸ਼ੰਕਰ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਡਟਨ ਨਾਲ ਮੁਲਾਕਾਤ ਕਰ ਕੇ ਪਿਛਲੇ ਸਾਲ ਹੋਈ 'ਟੂ ਪਲੱਸ ਟੂ' ਚਰਚਾ ਨੂੰ ਅੱਗੇ ਵਧਾਇਆ। ਜ਼ਿਕਰਯੋਗ ਹੈ ਕਿ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਿਛਲੇ ਸਾਲ ਨਵੀਂ ਦਿੱਲੀ ਵਿਚ ਆਪਣੇ ਆਸਟਰੇਲਿਆਈ ਹਮਰੁਤਬਾ ਮਾਰੀਸ ਪੇਅਨ ਤੇ ਪੀਟਰ ਡਟਨ ਨਾਲ ਗੱਲਬਾਤ ਕੀਤੀ ਸੀ। ਇਹ ਰਣਨੀਤਕ ਸੰਵਾਦ ਵੀ ਹਿੰਦ-ਪ੍ਰਸ਼ਾਂਤ ਖੇਤਰ ਉਤੇ ਕੇਂਦਰਿਤ ਸੀ। -ਪੀਟੀਆਈ

ਚੀਨ ਦੇ ਹਮਲਾਵਰ ਰੁਖ਼ ਖ਼ਿਲਾਫ਼ ਸਹਿਯੋਗੀਆਂ ਨਾਲ ਖੜ੍ਹਾਂਗੇ: ਬਲਿੰਕਨ

ਕੈਨਬਰਾ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਚੀਨ ਦੇ ਹਮਲਾਵਰ ਰੁਖ਼ ਖ਼ਿਲਾਫ਼ ਉਨ੍ਹਾਂ ਦਾ ਮੁਲਕ ਹਮੇਸ਼ਾ ਆਪਣੇ ਸਹਿਯੋਗੀਆਂ ਨਾਲ ਖੜ੍ਹੇਗਾ। ਬਲਿੰਕਨ ਨੇ ਕਿਹਾ ਕਿ ਜੇਕਰ ਚੀਨ ਆਲਮੀ ਨੇਮਾਂ ਨੂੰ ਚੁਣੌਤੀ ਦੇਵੇਗਾ ਤਾਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਬਲਿੰਕਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਚੀਨ ਆਲਮੀ ਪੱਧਰ ਉਤੇ ਚੁਣੌਤੀ ਬਣਦਾ ਜਾ ਰਿਹਾ ਹੈ ਤੇ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਦਾ ਰਿਹਾ ਹੈ। -ਏਪੀ



Most Read

2024-09-21 10:29:38