World >> The Tribune


ਅਮਰੀਕਾ ਨੇ ਸਾਨੂੰ ਵਰਤਿਆ, ਚੀਨ ਹਮੇਸ਼ਾ ਨਾਲ ਖੜ੍ਹਾ ਰਿਹਾ: ਇਮਰਾਨ


Link [2022-02-12 12:14:44]



ਇਸਲਾਮਾਬਾਦ, 11 ਫਰਵਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਅਮਰੀਕਾ ਨੇ ਹਮੇਸ਼ਾ ਪਾਕਿ ਨੂੰ ਆਪਣੇ ਰਣਨੀਤਕ ਟੀਚਿਆਂ ਦੀ ਪੂਰਤੀ ਲਈ ਵਰਤਿਆ ਹੈ ਤੇ ਜਦ ਮਤਲਬ ਪੂਰਾ ਹੋ ਗਿਆ ਤਾਂ ਪਾਕਿਸਤਾਨ ਨੂੰ ਛੱਡ ਦਿੱਤਾ ਗਿਆ ਤੇ ਮੁਲਕ ਉਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ, ਜਦਕਿ 'ਦੋਸਤ' ਚੀਨ ਹਰ ਵੇਲੇ ਪਾਕਿਸਤਾਨ ਦੇ ਨਾਲ ਖੜ੍ਹਾ ਰਿਹਾ। 'ਦਿ ਨਿਊਜ਼ ਇੰਟਰਨੈਸ਼ਨਲ' ਦੀ ਰਿਪੋਰਟ ਮੁਤਾਬਕ ਖਾਨ ਨੇ ਇਹ ਟਿੱਪਣੀਆਂ ਚੀਨ ਦੀ ਫੁਡਨ ਯੂਨੀਵਰਸਿਟੀ ਦੀ ਸਲਾਹਕਾਰ ਕਮੇਟੀ ਦੇ ਡਾਇਰੈਕਟਰ ਐਰਿਕ ਲੀ ਨਾਲ ਮੁਲਾਕਾਤ ਦੌਰਾਨ ਕੀਤੀਆਂ ਹਨ। ਇਕ ਸਵਾਲ ਦਾ ਜਵਾਬ ਦਿੰਦਿਆਂ ਖਾਨ ਨੇ ਕਿਹਾ ਕਿ ਉਹ ਵੀ ਸਮਾਂ ਸੀ ਜਦ ਪਾਕਿਸਤਾਨ ਦੀ ਅਮਰੀਕਾ ਨਾਲ ਮਿੱਤਰਤਾ ਸੀ। ਹਾਲਾਂਕਿ ਜਦ ਅਮਰੀਕਾ ਨੂੰ ਮਹਿਸੂਸ ਹੋਇਆ ਕਿ ਇਸ ਨੂੰ ਪਾਕਿਸਤਾਨ ਦੀ ਲੋੜ ਨਹੀਂ, ਤਾਂ ਉਸ ਨੇ ਦੂਰੀ ਬਣਾ ਲਈ। ਖਾਨ ਨੇ ਕਿਹਾ, 'ਜਦ ਵੀ ਅਮਰੀਕਾ ਨੂੰ ਸਾਡੀ ਲੋੜ ਸੀ, ਉਨ੍ਹਾਂ ਰਿਸ਼ਤੇ ਬਣਾ ਲਏ, ਤੇ ਪਾਕਿਸਤਾਨ ਸੋਵੀਅਤ ਖ਼ਿਲਾਫ਼ ਮੋਹਰਾ ਬਣ ਗਿਆ, ਤੇ ਮਗਰੋਂ ਜਦ ਇਸ ਦਾ ਮਤਲਬ ਪੂਰਾ ਹੋ ਗਿਆ ਤਾਂ ਪਾਕਿਸਤਾਨ ਨੂੰ ਛੱਡ ਦਿੱਤਾ ਅਤੇ ਪਾਬੰਦੀਆਂ ਲਾ ਦਿੱਤੀਆਂ।' ਉਹ ਅੱਸੀਵਿਆਂ ਦੇ ਪਾਕਿ-ਅਮਰੀਕਾ ਰਿਸ਼ਤਿਆਂ ਦੀ ਉਦਾਹਰਨ ਦੇ ਰਹੇ ਸਨ ਜਦ ਸੋਵੀਅਤ ਯੂਨੀਅਨ ਨੇ ਅਫ਼ਗਾਨਿਸਤਾਨ ਵਿਚ ਆਪਣੀ ਸੈਨਾ ਭੇਜੀ ਸੀ। ਪ੍ਰਧਾਨ ਮੰਤਰੀ ਇਮਰਾਨ ਨੇ ਅੱਗੇ ਕਿਹਾ ਕਿ ਅਮਰੀਕਾ-ਪਾਕਿਸਤਾਨ ਦੀ ਦੋਸਤੀ ਅੱਗੇ ਵਧੀ ਤੇ ਇਸਲਾਮਾਬਾਦ ਅਤੇ ਵਾਸ਼ਿੰਗਟਨ ਫਿਰ ਮਿੱਤਰ ਬਣੇ। ਦੱਸਣਯੋਗ ਹੈ ਕਿ ਇਮਰਾਨ ਹਾਲ ਹੀ ਵਿਚ ਚੀਨ ਗਏ ਸਨ ਤੇ ਉਨ੍ਹਾਂ ਦੀ ਇਹ ਇੰਟਰਵਿਊ ਉੱਥੇ ਰਿਕਾਰਡ ਕੀਤੀ ਗਈ ਹੈ। ਖਾਨ ਨੇ ਕਿਹਾ, 'ਅਮਰੀਕਾ ਨੇ ਉਸ ਵੇਲੇ ਸਾਡੀ ਮਦਦ ਕੀਤੀ, ਪਰ ਜਿਵੇਂ ਹੀ ਸੋਵੀਅਤ ਯੂਨੀਅਨ ਨੇ ਅਫ਼ਗਾਨਿਸਤਾਨ ਛੱਡਿਆ, ਅਮਰੀਕਾ ਨੇ ਪਾਕਿ ਉਤੇ ਪਾਬੰਦੀਆਂ ਥੋਪ ਦਿੱਤੀਆਂ।' ਉਨ੍ਹਾਂ ਕਿਹਾ ਕਿ 9/11 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਤੇ ਪਾਕਿਸਤਾਨ ਦੇ ਰਿਸ਼ਤੇ ਮੁੜ ਚੰਗੇ ਹੋ ਗਏ।

'ਅਫ਼ਗਾਨਿਸਤਾਨ ਦੀ ਨਾਕਾਮੀ ਵੀ ਸਾਡੇ ਸਿਰ ਮੜ੍ਹੀ ਗਈ'

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਅਮਰੀਕਾ ਜਦ ਅਫ਼ਗਾਨਿਸਤਾਨ ਵਿਚ ਨਾਕਾਮ ਹੋ ਗਿਆ ਤਾਂ ਉਸ ਲਈ ਵੀ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਤੇ ਚੀਨ ਦੇ ਰਿਸ਼ਤੇ ਅਜਿਹੇ ਨਹੀਂ ਹਨ ਤੇ ਪੇਈਚਿੰਗ ਹਮੇਸ਼ਾ ਪਾਕਿਸਤਾਨ ਦੇ ਨਾਲ ਰਿਹਾ ਹੈ। ਇਮਰਾਨ ਨੇ ਕਿਹਾ ਕਿ ਦੋਵਾਂ ਮੁਲਕਾਂ ਨੇ ਹਰ ਮੰਚ ਉਤੇ ਇਕ-ਦੂਜੇ ਦੀ ਹਮਾਇਤ ਕੀਤੀ ਹੈ। -ਪੀਟੀਆਈ



Most Read

2024-09-21 10:59:18