Breaking News >> News >> The Tribune


ਕਾਂਗਰਸ ਨੇ ਲੋਕਾਂ ਨੂੰ ਜਾਤ ਤੇ ਧਰਮ ਦੇ ਆਧਾਰ ’ਤੇ ਵੰਡਿਆ: ਮੋਦੀ


Link [2022-02-12 06:13:58]



ਅਲਮੋੜਾ/ਦੇਹਰਾਦੂਨ, 11 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਲੋਕਾਂ ਨੂੰ ਜਾਤ, ਧਰਮ ਤੇ ਖੇਤਰ ਦੇ ਆਧਾਰ 'ਤੇ ਵੰਡਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਉੱਤਰਾਖੰਡ ਵਿੱਚ ਵਿਕਾਸ ਨੂੰ 'ਹਿਮਾਲਿਆ ਦੀ ਉਚਾਈ' ਤੱਕ ਲਿਜਾਣ ਦਾ ਵਾਅਦਾ ਕਰਦਿਆਂ ਭਾਜਪਾ ਨੂੰ ਸੂਬੇ ਵਿੱਚ ਇਕ ਹੋਰ ਮੌਕਾ ਦੇਣ ਦੀ ਮੰਗ ਕੀਤੀ। ਸ੍ਰੀ ਮੋਦੀ ਉੱਤਰਾਖੰਡ ਦੇ ਕੁਮਾਓਂ ਖੇਤਰ ਦੇ ਅਲਮੋੜਾ 'ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਦਾ ਵਿਕਾਸ ਭਾਜਪਾ ਦੀ ਡਬਲ ਇੰਜਣ ਸਰਕਾਰ ਦੀ ਸਿਖਰਲੀ ਤਰਜੀਹਾਂ ਵਿੱਚ ਸ਼ੁਮਾਰ ਹੈ। ਉੱਤਰਾਖੰਡ ਦੀ 70 ਮੈਂਬਰੀ ਵਿਧਾਨ ਸਭਾ ਲਈ 14 ਫਰਵਰੀ ਨੂੰ ਇਕੋ ਗੇੜ ਤਹਿਤ ਵੋਟਾਂ ਪੈਣਗੀਆਂ।

ਸ੍ਰੀ ਮੋਦੀ ਨੇ ਸੂਬੇ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਾਂਗਰਸ 'ਵੰਡੀਆਂ ਪਾਉਣ ਦੀ ਨੀਤੀ' ਉੱਤੇ ਕੰਮ ਕਰਦੀ ਹੈ ਤੇ ਉੱਤਰਾਖੰਡ ਦੇ ਲੋਕ ਇਸ ਗੱਲ ਨੂੰ ਬਾਖੂਬੀ ਜਾਣਦੇ ਹਨ। ਉਨ੍ਹਾਂ ਕਿਹਾ, ''ਤੁਸੀਂ ਸਾਡੇ ਰਵਾਇਤੀ ਵਿਰੋਧੀਆਂ ਦੀ ਪਹੁੰਚ ਨੂੰ ਜਾਣਦੇ ਹੋ। ਉਹ ਲੋਕਾਂ ਨੂੰ ਜਾਤ, ਧਰਮ, ਖੇਤਰ ਤੇ ਭਾਸ਼ਾਈ ਸਫ਼ਾਂ 'ਤੇ ਵੰਡਣ ਵਿੱਚ ਯਕੀਨ ਰੱਖਦੇ ਹਨ। ਉਨ੍ਹਾਂ ਦਾ ਇਕੋ ਫਾਰਮੂਲਾ ਹੈ 'ਸਾਰਿਆਂ 'ਚ ਪਾਓ ਫੁੱਟ, ਮਿਲ ਕੇ ਕਰੋ ਲੁੱਟ'।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਖਪਾਤੀ ਪਹੁੰਚ ਨੂੰ ਲਾਂਭੇ ਰੱਖ ਕੇ ਹੀ ਵਿਕਾਸ ਸੰਭਵ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਵਿਕਾਸ ਦੋਹਰੇ ਇੰਜਣ ਵਾਲੀ ਸਰਕਾਰ ਦੀਆਂ ਸਿਖਰਲੀਆਂ ਤਰਜੀਹਾਂ ਵਿੱਚ ਸ਼ਾਮਲ ਹੈ ਤੇ ਅਗਲੇ ਪੰਜ ਸਾਲ ਰਹੇਗਾ। ਸ੍ਰੀ ਮੋਦੀ ਨੇ ਕਿਹਾ, ''ਸਾਨੂੰ ਉੱਤਰਾਖੰਡ ਦੇ ਵਿਕਾਸ ਨੂੰ ਹਿਮਾਲਿਆ ਦੀਆਂ ਉਚਾਈਆਂ ਤੱਕ ਲਿਜਾਣਾ ਹੋਵੇਗਾ। ਕੇਦਾਰਨਾਥ, ਜਿੱਥੇ ਵਿਕਾਸ ਨੂੰ ਨਵੀਆਂ ਬੁਲੰਦੀਆਂ ਦਿੱਤੀਆਂ ਗਈਆਂ ਹਨ, ਵਾਂਗ ਕੁਮਾਓਂ ਵਿੱਚ ਮਾਨਸਖੰਡ ਸੈਰ-ਸਪਾਟਾ ਸਰਕਟ ਨੂੰ ਅਗਲੇ ਪੰਜ ਸਾਲਾਂ 'ਚ ਤਰਜੀਹੀ ਆਧਾਰ 'ਤੇ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਕੇਂਦਰੀ ਬਜਟ ਵਿੱਚ ਉੱਤਰਾਖੰਡ ਨੂੰ ਜ਼ਿਹਨ ਵਿੱਚ ਰੱਖਦਿਆਂ ਪਰਵਤਮਾਲਾ ਤੇ ਵਾਇਬਰੈਂਟ ਪਿੰਡ ਪ੍ਰਾਜੈਕਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਉੱਤਰਾਖੰਡ ਦੇ ਸਰਹੱਦੀ ਪਿੰਡਾਂ ਵਿੱਚ ਸੈਰ-ਸਪਾਟੇ ਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਉੱਤਰਾਖੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਿਕਾਸ ਵਿੱਚ ਅੜਿੱਕੇ ਡਾਹੁਣ ਵਾਲੇ ਲੋਕਾਂ ਦੇ ਹੱਥਾਂ ਵਿੱਚ ਸੱਤਾ ਨੂੰ ਨਾ ਜਾਣ ਦੇਣ। -ਪੀਟੀਆਈ

ਪਹਿਲੇ ਗੇੜ ਮਗਰੋਂ ਵਿਰੋਧੀਆਂ ਦੇ ਹੌਸਲੇ ਪਸਤ

ਕਾਸਗੰਜ (ਯੂਪੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਹਿਲੇ ਗੇੜ ਦੀਆਂ ਚੋਣਾਂ ਮਗਰੋਂ ਯੂਪੀ ਵਿੱਚ ਭਾਜਪਾ ਦਾ ਝੰਡਾ ਸਭ ਤੋਂ ਉੱਚਾ ਲਹਿਰਾ ਰਿਹਾ ਹੈ ਜਦੋਂਕਿ ਰਵਾਇਤੀ ਵਿਰੋਧੀ ਪਾਰਟੀਆਂ ਉਦਾਸ ਹਨ। ਕਾਸਗੰਜ ਵਿੱਚ ਚੋਣ ਰੈਲੀ ਨੂੰ ਸੰਬੋੋਧਨ ਕਰਦਿਆਂ ਸ੍ਰੀ ਮੋਦੀ ਨੇ ਵਿਰੋਧੀ ਧਿਰਾਂ 'ਤੇ ਤਨਜ਼ ਕਸਦਿਆਂ ਕਿਹਾ ਕਿ (ਪਹਿਲੇ ਗੇੜ ਦੀ) ਵੋਟਿੰਗ ਮਗਰੋਂ ਉਨ੍ਹਾਂ ਦੀਆਂ ਆਸਾਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਪਸਤ ਹੌਸਲਿਆਂ ਨਾਲ ਹੁਣ ਉਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਸਿਰ ਠੀਕਰਾ ਭੰਨਣ ਲੱਗੇ ਹਨ। ਕਾਸਗੰਜ ਵਿੱਚ 20 ਫਰਵਰੀ ਨੂੰ ਯੂਪੀ ਚੋਣਾਂ ਦੇ ਤੀਜੇ ਗੇੜ ਤਹਿਤ ਵੋਟਾਂ ਪੈਣੀਆਂ ਹਨ। -ਪੀਟੀਆਈ



Most Read

2024-09-23 00:30:26