Breaking News >> News >> The Tribune


ਯੂਨੀਵਰਸਿਟੀ ਬਣਾਉਣ ਵਾਲਾ ਜੇਲ੍ਹ ਅੰਦਰ ਤੇ ਕਿਸਾਨਾਂ ਨੂੰ ਦਰੜਨ ਵਾਲਾ ਬਾਹਰ: ਅਖਿਲੇਸ਼


Link [2022-02-12 06:13:58]



ਰਾਮਪੁਰ (ਯੂਪੀ), 11 ਫਰਵਰੀ

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸੱਤਾਧਾਰੀ ਭਾਜਪਾ 'ਤੇ ਚੁਟਕੀ ਲੈਂਦਿਆਂ ਅੱਜ ਕਿਹਾ ਕਿ ਆਜ਼ਮ ਖ਼ਾਨ ਯੂਨੀਵਰਸਿਟੀ ਦੇ ਨਿਰਮਾਣ ਲਈ ਜੇਲ੍ਹ ਵਿੱਚ ਹੈ ਜਦੋਂਕਿ ਕਿਸਾਨਾਂ ਨੂੰ ਜੀਪ ਹੇਠ ਦਰੜਨ ਵਾਲਾ ਕੇਂਦਰੀ ਮੰਤਰੀ ਦਾ ਪੁੱਤਰ ਜ਼ਮਾਨਤ 'ਤੇ ਬਾਹਰ ਹੈ। ਯਾਦਵ ਨੇ ਕਿਹਾ ਕਿ ਇਹ ਭਗਵਾ ਪਾਰਟੀ ਦਾ 'ਨਵਾਂ ਭਾਰਤ' ਹੈ। ਸਪਾ ਮੁਖੀ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਅਸੈਂਬਲੀ ਲਈ ਪਹਿਲੇ ਗੇੜ ਦੀ ਵੋਟਿੰਗ ਤੋਂ ਮਿਲੇ ਬਹੁਤੇ ਸੰਕੇਤਾਂ ਤੋਂ ਸਾਫ਼ ਹੈ ਕਿ ਲੋਕ ਭਾਜਪਾ ਨੂੰ ਯੂਪੀ ਦੀ ਸੱਤਾ ਤੋਂ ਬਾਹਰ ਕਰ ਦੇਣਗੇ। ਯਾਦਵ ਨੇ ਕਿਹਾ ਕਿ ਲੋਕ 10 ਮਾਰਚ ਨੂੰ ਚੋਣ ਨਤੀਜਿਆਂ ਦੀ ਉਡੀਕ ਕਰ ਰਹੇ ਹਨ, ਪਰ ਪਹਿਲੇ ਗੇੜ ਵਿੱਚ ਹੋਈ ਵੋਟਿੰਗ ਨੂੰ ਵੇਖ ਕੇ ਲਗਦਾ ਹੈ ਕਿ ਲੰਘੀ ਸ਼ਾਮ ਨੂੰ ਹੀ ਨਤੀਜੇ ਆ ਗਏ ਸਨ।

ਆਜ਼ਮ ਖ਼ਾਨ ਤੇ ਹੋਰਨਾ ਸਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਯਾਦਵ ਨੇ ਕਿਹਾ, ''ਭਾਜਪਾ ਜੇਕਰ 700 ਡੰਡ ਬੈਠਕਾਂ ਵੀ ਲਾ ਦੇਵੇ ਤਾਂ ਕਿਸਾਨ ਇਸ ਪਾਰਟੀ ਨੂੰ ਮੁਆਫ਼ ਨਹੀਂ ਕਰਨਗੇ।'' ਯਾਦਵ ਨੇ ਕਿਹਾ ਕਿ ਖ਼ਾਨ ਦਾ ਪੁੱਤਰ ਅਬਦੁੱਲਾ ਆਜ਼ਮ ਪਿਛਲੇ ਦੋ ਸਾਲਾਂ ਤੋਂ ਝੂਠੇ ਕੇਸਾਂ ਕਰਕੇ ਜੇਲ੍ਹ ਵਿੱਚ ਬੰਦ ਹੈ। ਯੂਪੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ''ਆਜ਼ਮ ਖ਼ਾਨ ਨੂੰ ਵੀ ਝੂਠੇ ਦੋਸ਼ਾਂ ਤਹਿਤ ਜੇਲ੍ਹ ਭੇਜਿਆ ਗਿਆ ਸੀ। ਉਨ੍ਹਾਂ ਖਿਲਾਫ਼ ਮੱਝ ਚੋਰੀ, ਮੁਰਗਾ ਚੋਰੀ ਤੇ ਕਿਤਾਬਾਂ ਚੋਰੀ ਕਰਨ ਦੇ ਕੇਸ ਦਰਜ ਕੀਤੇ ਗੲੇ। ਪਰ ਜਿਸ ਵਿਅਕਤੀ ਨੇ ਕਿਸਾਨਾਂ ਨੂੰ ਜੀਪ ਦੇ ਟਾਇਰਾਂ ਹੇਠ ਦਰੜਿਆ, ਉਹ ਜੇਲ੍ਹ 'ਚੋਂ ਬਾਹਰ ਆ ਗਿਆ। ਇਹੀ ਭਾਜਪਾ ਦਾ ਨਵਾਂ ਭਾਰਤ ਹੈ।'' ਯਾਦਵ ਨੇ ਕਿਹਾ, ''ਜਿਸ ਵਿਅਕਤੀ ਨੇ ਤੁਹਾਡੇ ਲਈ ਯੂਨੀਵਰਸਿਟੀ ਬਣਾਈ, ਜੋ ਤੁਹਾਡੇ ਹੱਕਾਂ ਤੇ ਸਨਮਾਨ ਲਈ ਲੜਿਆ, ਉਸ ਨੂੰ ਜੇਲ੍ਹ ਭੇਜ ਦਿੱਤਾ।'' ਦੱਸਣਾ ਬਣਦਾ ਹੈ ਕਿ ਸਪਾ ਨੇ ਆਜ਼ਮ ਖ਼ਾਨ ਨੂੰ ਰਾਮਪੁਰ ਤੇ ਉਸ ਦੇ ਪੁੱਤਰ ਨੂੰ ਸੁਆਰ ਅਸੈਂਬਲੀ ਹਲਕੇ ਤੋਂ ਉਮੀਦਵਾਰ ਐਲਾਨਿਆ ਹੋਇਆ ਹੈ। ਰਾਮਪੁਰ ਵਿੱਚ 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ। -ਪੀਟੀਆਈ



Most Read

2024-09-23 00:27:11