Breaking News >> News >> The Tribune


ਕੇਂਦਰੀ ਬਜਟ ਦਾ ਮੰਤਵ ਅਰਥਚਾਰੇ ’ਚ ਸਥਿਰਤਾ ਲਿਆਉਣਾ: ਸੀਤਾਰਾਮਨ


Link [2022-02-12 06:13:58]



ਨਵੀਂ ਦਿੱਲੀ, 11 ਫਰਵਰੀ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਰਾਜ ਸਭਾ ਵਿੱਚ ਕਿਹਾ ਕਿ ਕੋਵਿਡ-19 ਮਹਾਮਾਰੀ ਕਰਕੇ ਭਾਰਤੀ ਅਰਥਚਾਰਾ 9.57 ਲੱਖ ਕਰੋੜ ਰੁਪਏ ਤੱਕ ਸੁੰਗੜ ਗਿਆ, ਪਰ ਇਸ ਦੇ ਬਾਵਜੂਦ ਸਰਕਾਰ ਪ੍ਰਚੂਨ ਮਹਿੰਗਾਈ ਨੂੰ 6.2 ਫੀਸਦ ਦੇ ਪੱਧਰ 'ਤੇ ਰੱਖਣ ਵਿੱਚ ਸਫ਼ਲ ਰਹੀ। ਰਾਜ ਸਭਾ ਵਿੱਚ ਕੇਂਦਰੀ ਬਜਟ 'ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਾਲ 2022-23 ਦਾ ਬਜਟ ਲਗਾਤਾਰਤਾ, ਅਰਥਚਾਰੇ ਵਿੱਚ ਸਥਿਰਤਾ ਤੇ ਕਰ ਨਿਰਧਾਰਨ ਲਿਆਉਣ ਲਈ ਹੈ। ਉਨ੍ਹਾਂ ਕਿਹਾ ਕਿ ਬਜਟ ਦਾ ਇਕੋ ਇਕ ਮੰਤਵ ਅਰਥਚਾਰੇ 'ਚ ਸਥਿਰਤਾ ਤੇ ਟਿਕਾਊ ਸੁਧਾਰ ਹੈ।

ਵਿੱਤ ਮੰਤਰੀ ਨੇ ਯੂਪੀਏ ਸਰਕਾਰ ਦੀ ਕਾਰਗੁਜ਼ਾਰੀ ਨਾਲ ਤੁਲਨਾ ਕਰਦਿਆਂ ਕਿਹਾ ਕਿ 2008-09 ਦੇ ਵਿੱਤੀ ਸੰਕਟ ਦੌਰਾਨ ਪ੍ਰਚੂਨ ਮਹਿੰਗਾਈ ਦਰ 9.1 ਫੀਸਦ ਸੀ ਜਦੋਂਕਿ ਕੋਵਿਡ-19 ਮਹਾਮਾਰੀ, ਜਿਸ ਨੇ ਅਰਥਚਾਰੇ 'ਤੇ ਵੱਡਾ ਅਸਰ ਪਾਇਆ ਸੀ, ਦੌਰਾਨ ਇਹ ਦਰ 6.2 ਫੀਸਦ ਰਹੀ। ਮੰਤਰੀ ਨੇ ਕਿਹਾ ਕਿ ਮਹਾਮਾਰੀ ਕਰਕੇ ਭਾਰਤੀ ਅਰਥਚਾਰੇ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਕਰਕੇ ਭਾਰਤੀ ਅਰਥਚਾਰੇ ਨੂੰ 9.57 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਜਦੋਂਕਿ 2009-09 ਦੇ ਆਲਮੀ ਮੰਦਵਾੜੇ ਦੌਰਾਨ ਅਰਥਚਾਰਾ 2.12 ਲੱਖ ਕਰੋੜ ਰੁਪਏ ਤੱਕ ਸੁੰਗੜ ਗਿਆ ਸੀ। ਉਨ੍ਹਾਂ ਸਦਨ ਨੂੰ ਦੱਸਿਆ ਕਿ ਮਾਲੀਆ ਖਰਚੇ ਦੇ ਮੁਕਾਬਲੇ ਪੂੰਜੀ ਖਰਚਾ ਕਈ ਗੁਣਾ ਵਧ ਲਾਭ ਦਿੰਦਾ ਹੈ ਤੇ ਇਸ ਲਈ ਸਰਕਾਰ ਨੇ ਅਰਥਚਾਰੇ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰੀ ਪੂੰਜੀ ਖਰਚ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਹੈ। ਸੀਤਾਰਾਮਨ ਨੇ ਕਿਹਾ ਕਿ ਸਰਕਾਰ ਸਟਾਰਟਅੱਪ ਨੂੰ ਹੱਲਾਸ਼ੇਰੀ ਦੇ ਰਹੀ ਹੈ ਜਿਸ ਕਰਕੇ ਮਹਾਮਾਰੀ ਦੌਰਾਨ ਕਈ 'ਯੂਨੀਕਾਰਨ' ਦੀ ਸਥਾਪਨਾ ਹੋਈ। ਉਨ੍ਹਾਂ ਕਿਹਾ ਕਿ ਆਰਥਿਕ ਸਰਵੇਖਣ ਤੇ ਬਜਟ ਦਸਤਾਵੇਜ਼ਾਂ ਵਿੱਚ ਜੀਡੀਪੀ ਦੇ ਬੇਮੇਲ ਅੰਕੜਿਆਂ ਨੂੰ ਲੈ ਕੇ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਅੰਕੜੇ ਵੱਖੋ ਵੱਖਰੇ ਸਰੋਤਾਂ ਤੋਂ ਇਕੱਤਰ ਕੀਤੇ ਗਏ ਹਨ। ਵਿਰੋਧੀ ਧਿਰ ਦੇ ਇਸ ਦੋਸ਼ ਕਿ ਛੋਟੇ ਕਾਰੋਬਾਰ ਬੰਦ ਹੋ ਗਏ, ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ 67 ਫੀਸਦ ਐੱਮਐੈੱਸਐੱਮਈ'ਜ਼ ਤਾਲਾਬੰਦੀ ਕਰਕੇ ਆਰਜ਼ੀ ਤੌਰ 'ਤੇ ਬੰਦ ਹੋ ਗਏ। ਕ੍ਰਿਪਟੋਕਰੰਸੀ ਦੀ ਗੱਲ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਇਸ 'ਤੇ ਪਾਬੰਦੀ ਲਾਉਣ ਜਾਂ ਨਾ ਲਾਉਣ ਬਾਰੇ ਫੈਸਲਾ ਸਲਾਹ ਮਸ਼ਵਰੇ ਮਗਰੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, ''ਇਹ ਕਾਨੂੰਨੀ ਹੈ ਜਾਂ ਗੈਰਕਾਨੂੰਨੀ, ਇਹ ਇਕ ਵੱਖਰਾ ਸਵਾਲ ਹੈ, ਪਰ ਮੈਂ ਇਸ ਨੂੰ ਟੈਕਸ ਲਾਵਾਂਗੀ ਕਿਉਂਕਿ ਇਸ 'ਤੇ ਟੈਕਸ ਲਾਉਣਾ ਉੱਤਮ ਹੱਕ ਹੈ।''

ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਭਾਰਤ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਨੂੰ ਲੈ ਕੇ ਇਕ ਦੂਰਦ੍ਰਿਸ਼ਟੀ ਹੈ ਤੇ ਇਸ ਦੇ ਮੱਦੇਨਜ਼ਰ ਸਰਕਾਰ ਦਾ ਧਿਆਨ ਵਿਕਾਸ 'ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ 25 ਸਾਲ ਬਹੁਤ ਅਹਿਮ ਹਨ। ਉਨ੍ਹਾਂ ਕਿਹਾ, ''ਭਾਰਤ ਆਪਣੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਮੌਕੇ ਕਿੱਥੇ ਹੋਵੇਗਾ, ਜੇਕਰ ਇਸ ਬਾਰੇ ਕੋਈ ਦੂਰਦ੍ਰਿਸ਼ਟੀ ਨਹੀਂ ਹੋਵੇਗੀ ਤਾਂ ਸਾਨੂੰ ਇਸ ਦਾ ਖਮਿਆਜ਼ਾ ਠੀਕ ਉਸੇ ਤਰ੍ਹਾਂ ਭੁਗਤਣਾ ਪਏਗਾ,ਜਿਵੇਂ ਅਸੀਂ ਪਹਿਲੇ 70 ਸਾਲਾਂ ਵਿੱਚ ਭੁਗਤਿਆ ਹੈ।...ਤੇ ਇਨ੍ਹਾਂ ਵਿਚੋਂ 65 ਸਾਲ ਕਾਂਗਰਸ ਨੇ ਸ਼ਾਸਨ ਕੀਤਾ...ਉਸੇ ਕਾਂਗਰਸ ਨੇ ਜਿਸ ਕੋਲ ਸਿਰਫ਼ ਇਕ ਪਰਿਵਾਰ ਨੂੰ ਲਾਭ ਦੇਣ ਤੋਂ ਛੁੱਟ ਕੋਈ ਦੂਰਦ੍ਰਿਸ਼ਟੀ ਨਹੀਂ ਸੀ।'' -ਪੀਟੀਆਈ

'ਕੀ ਇਹ ਮਾਨਸਿਕ ਸਥਿਤੀ ਵਾਲੀ ਗਰੀਬੀ ਹੈ?'

ਨਵੀਂ ਦਿੱਲੀ: ਕੇਂਦਰੀ ਬਜਟ ਵਿੱਚੋਂ ਗਰੀਬਾਂ ਨੂੰ ਕਥਿਤ ਬਾਹਰ ਕੀਤੇ ਜਾਣ ਲਈ ਹੋ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਾਲ 2013 ਵਿੱਚ ਟਿੱਪਣੀ ਕੀਤੀ ਸੀ ਕਿ 'ਗਰੀਬੀ ਮਨ ਦੀ ਸਥਿਤੀ ਹੈ'। ਉਨ੍ਹਾਂ ਕਿਹਾ ਕਿ ਕੀ ਇਹੀ ਗਰੀਬੀ ਹੈ, ਜਿਸ ਨੂੰ ਉਨ੍ਹਾਂ ਬਜਟ ਵਿੱਚ ਮੁਖਾਤਿਬ ਹੋਣਾ ਸੀ। ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਸਣੇ ਵਿਰੋਧੀ ਧਿਰ ਦੇ ਹੋਰਨਾਂ ਆਗੂਆਂ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਸੀਤਾਰਾਮਨ ਨੇ ਕਿਹਾ, ''ਪਹਿਲਾਂ ਇਹ ਗੱਲ ਸਾਫ਼ ਕਰ ਲਵੋ ਕਿ ਕੀ ਇਹ ਉਹੀ ਗਰੀਬੀ (ਮਨ ਦੀ ਸਥਿਤੀ ਵਾਲੀ) ਹੈ, ਜਿਸ ਬਾਰੇ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਮੁਖਾਤਿਬ ਹੋਣ ਦੀ ਲੋੜ ਹੈ?'' ਸ਼ਿਵ ਸੈਨਾ ਐੱਮਪੀ ਪ੍ਰਿਯੰਕਾ ਚਤੁਰਵੇਦੀ ਵੱਲੋਂ ਗਰੀਬਾਂ ਦਾ ਮਖੌਲ ਉਡਾਉਣ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਸੀਤਾਰਾਮਨ ਨੇ ਕਿਹਾ, ''ਮੈਂ ਗਰੀਬ ਲੋਕਾਂ ਦਾ ਮਖੌਲ ਨਹੀਂ ਉਡਾ ਰਹੀ। ਜਿਨ੍ਹਾਂ ਲੋਕਾਂ ਨੇ ਗਰੀਬਾਂ ਦਾ ਮੌਜੂ ਬਣਾਇਆ ਹੈ, ਤੁਸੀਂ ਉਸ ਪਾਰਟੀ ਨਾਲ ਗੱਠਜੋੜ ਕੀਤਾ ਹੋਇਆ ਹੈ।'' -ਪੀਟੀਆਈ



Most Read

2024-09-23 00:18:51